ਸਵੱਛ ਸ਼ਹਿਰ ਬਣਾਉਣ ਵਾਲੀ ਨਗਰ ਨਿਗਮ ਆਪ ਹੋਈ ਬਿਮਾਰ

ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਨਗਰ ਨਿਗਮ
ਦੁਕਾਨਦਾਰਾਂ ਦੇ ਕੰਮ ’ਚ ਅੜਿਕਾ ਪਾਇਆ ਜਾ ਰਿਹਾ : ਅਰੋੜਾ
ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਘਰਾਂ ਵਿਚ ਸਿਆਣਿਆਂ ਨੂੰ ਅਕਸਰ ਕਹਿੰਦੇ ਸੁਣਿਆ ਹੋਵੇਗਾ ਕਿ ਪਹਿਲਾਂ ਆਪਣੇ ਘਰ ਨੂੰ ਸਾਫ-ਸੁਥਰਾ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਬਾਹਰ ਦੀ ਸਫਾਈ ਵੱਲ ਸੋਚਿਆ ਜਾਂਦਾ ਹੈ ਪਰ ਫਗਵਾੜਾ ਨਗਰ ਨਿਗਮ ਦੇ ਹਾਲਾਤ ਇਸ ਦੇ ਉਲਟ ਚਲਦੇ ਹਨ। ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਭੇਜੀ ਜਾਂਦੀ ਤਹਿਬਜ਼ਾਰੀ ਟੀਮ ਨਜਾਇਜ਼ ਕਬਜ਼ੇ ਹਟਵਾਉਣ ਦੀ ਥਾਂ ’ਤੇ ਦੁਕਾਨਦਾਰਾਂ ਦੇ ਗਰਮ ਕੱਪੜੇ ਚੁੱਕਣ ਵਿਚ ਮਸ਼ਗੂਲ ਹੈ ਪਰ ਉਨ੍ਹਾਂ ਦੇ ਆਪਣੇ ਦਫਤਰ ਉੱਪਰ ਉੱਗੇ ਵੱਡੇ-ਵੱਡੇ ਬੂਟੇ ਇਹ ਸਾਫ ਦੱਸਦੇ ਹਨ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਹਿਣੀ ਅਤੇ ਕਥਨੀ ਵਿਚ ਬਹੁਤ ਅੰਤਰ ਹੈ। ਜੋ ਹਾਲਾਤ ਨਗਰ ਨਿਗਮ ਫਗਵਾੜਾ ਨੇ ਸ਼ਹਿਰ ਦੇ ਬਣਾ ਦਿੱਤੇ ਹਨ, ਇਸ ਨੂੰ ਸਵੱਛ ਬਣਾਉਣ ਦੇ ਵਾਅਦੇ ਨਹੀਂ ਕਹਾਂਗੇ ਸਗੋਂ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਵਿਚ ਪਾਉਣ ਦੇ ਯਤਨ ਜ਼ਰੂਰ ਕਹਿ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਨਗਰ ਨਿਗਮ ਫਗਵਾੜਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ ਤੇ ਤਹਿਬਜ਼ਾਰੀ ਟੀਮ ਬੇਵਜ੍ਹਾ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕਰਕੇ ਗਰਮ ਕੱਪੜੇ ਚੁੱਕ ਕੇ ਲੈ ਜਾਂਦੀ ਹੈ ਤੇ ਹੁਣ ਵਾਪਸ ਕਰਦੀ ਹੈ ਜਾਂ ਨਹੀਂ ਇਹ ਤੇ ਉਹੀ ਜਾਣਦੇ ਹੋਣਗੇ ਜਾਂ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨੂੰ ਸਰਦੀਆਂ ਤੋਂ ਬਚਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਜੋ ਦੁਕਾਨਦਾਰ ਪੂਰਾ ਦਿਨ ਮਿਹਨਤ ਕਰਕੇ ਆਪਣੀ ਦੁਕਾਨ ’ਤੇ ਦੋ-ਚਾਰ ਕੱਪੜੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ, ਨਗਰ ਨਿਗਮ ਸ਼ਹਿਰ ਨੂੰ ਸਵੱਛ ਤੇ ਕਬਜ਼ਾ ਮੁਕਤ ਬਣਾਉਣ ਦੀ ਆੜ ਵਿਚ ਉਨ੍ਹਾਂ ਦੇ ਢਿੱਡ ’ਤੇ ਲੱਤ ਮਾਰ ਰਹੀ ਹੈ। ਅਜਿਹਾ ਨਾ ਹੋਵੇ ਕਿ ਕੁਝ ਸਮਾਂ ਪਹਿਲਾਂ ਜਿਵੇਂ ਨਗਰ ਨਿਗਮ ਫਗਵਾੜਾ ਦੇ ਦਫਤਰ ਅੱਗੇ ਸਾਰੇ ਦੁਕਾਨਦਾਰ ਚਾਬੀਆਂ ਚੁੱਕ ਕੇ ਆ ਗਏ ਸਨ ਅਤੇ ਧਰਨਾ ਲਗਾ ਕੇ ਨਗਰ ਨਿਗਮ ਖਿਲਾਫ ਨਾਅਰੇਬਾਜ਼ੀ ਕੀਤੀ ਸੀ। ਤਹਿਬਜ਼ਾਰੀ ਟੀਮ ਦੇ ਅਧਿਕਾਰੀ ਨੂੰ ਸਸਪੈਂਡ ਕਰਨ ਤੋਂ ਬਾਅਦ ਹੀ ਧਰਨਾ ਚੁਕਿਆ ਗਿਆ ਸੀ। ਜੋ ਹਾਲਾਤ ਤਹਿਬਾਜ਼ਾਰੀ ਟੀਮ ਨੇ ਸ਼ਹਿਰ ਦੇ ਬਣਾ ਦਿੱਤੇ ਹਨ, ਉਸ ਨਾਲ ਦੁਕਾਨਦਾਰ ਬਹੁਤ ਪਰੇਸ਼ਾਨੀ ਵਿੱਚ ਚੱਲ ਰਹੇ ਹਨ। ਜੇਕਰ ਤਹਿਬਜ਼ਾਰੀ ਦੀ ਟੀਮ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਗਾਜ਼ ਉੱਚ-ਅਧਿਕਾਰੀਆਂ ’ਤੇ ਵੀ ਡਿੱਗ ਸਕਦੀ ਹੈ ਤੇ ਦੋਸ਼ੀ ਸਿੱਧੇ ਤੌਰ ’ਤੇ ਤਹਿਬਜ਼ਾਰੀ ਦੀ ਟੀਮ ਹੀ ਹੋਵੇਗੀ। ਤਰਨਜੀਤ ਸਿੰਘ ਬੰਟੀ ਵਾਲੀਆਂ ਨੇ ਕਿਹਾ ਕਿ ਨਗਰ ਨਿਗਮ ਫਗਵਾੜਾ ਦੀ ਛੱਤ ’ਤੇ ਲੱਗੇ ਵੱਡੇ-ਵੱਡੇ ਰੁੱਖਾਂ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਨੂੰ ਸਾਫ ਸੁਥਰਾ ਤੇ ਸਵੱਛ ਬਣਾਉਣ ਦੇ ਦਾਅਵੇ ਬਿਲਕੁਲ ਫੋਕੇ ਹਨ।
ਸੀਨੀਅਰ ਕਾਂਗਰਸੀ ਆਗੂ ਅਤੇ ਮੀਡੀਆ ਕੋਆਰਡੀਨੇਟਰ ਅਮਿਤ ਅਰੋੜਾ ਨੇ ਕਿਹਾ ਕਿ ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਜੋ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਕਬਜ਼ਾ ਮੁਕਤ ਕਰਾਉਣ ਦੀ ਆੜ ਵਿਚ ਖੇਡ ਖੇਡ ਰਹੀ ਹੈ, ਹੁਣ ਦੁਕਾਨਦਾਰ ਜ਼ਿਆਦਾ ਦੇਰ ਇਸ ਖੇਡ ਨੂੰ ਬਰਦਾਸ਼ਤ ਨਹੀਂ ਕਰਨਗੇ। ਜੇਕਰ ਉੱਚ ਅਧਿਕਾਰੀਆਂ ਨੇ ਆਪਣੀ ਟੀਮ ਨੂੰ ਨੱਥ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਦੁਕਾਨਦਾਰਾਂ ਨੂੰ ਸੰਭਾਲਣਾ ਔਖਾ ਹੋ ਜਾਵੇਗਾ, ਜਿਸ ਦੀ ਜ਼ਿੰਮੇਵਾਰ ਫਗਵਾੜਾ ਤਹਿਬਜ਼ਾਰੀ ਟੀਮ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਲੱਖਾਂ ਰੁਪਿਆ ਤਨਖਾਹਾਂ ਲੈਣ ਦੇ ਬਾਵਜੂਦ ਵੀ ਹੁਣ ਤਹਿਬਜ਼ਾਰੀ ਟੀਮ ਦੇ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਉਹ ਸਰਦੀਆਂ ਦੇ ਕੱਪੜੇ ਵੀ ਦੁਕਾਨਦਾਰਾਂ ਤੋਂ ਮੰਗ ਕੇ ਲੈ ਜਾਣੇ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੁਕਾਨਦਾਰਾਂ ਦੇ ਕੰਮ ਵਿਚ ਅੜਿਕਾ ਪਾਇਆ ਜਾ ਰਿਹਾ ਤੇ ਦੂਜੇ ਪਾਸੇ ਰੇਲਵੇ ਰੋਡ ’ਤੇ ਯੈਲੋ ਲਾਈਨ ਤੋਂ ਬਾਹਰ ਵਾਲੀ ਸਾਈਡ ਰੇਲਵੇ ਸਟੇਸ਼ਨ ਤੱਕ ਰੋਜ਼ਾਨਾ ਗੱਡੀਆਂ ਦੀ ਭਰਮਾਰ ਲੱਗੀ ਹੁੰਦੀ ਹੈ। ਤਹਿਬਜ਼ਾਰੀ ਟੀਮ ਦੱਸੇ ਕਿ ਹਾਲੇ ਤੱਕ ਕਿੰਨੀਆਂ ਗੱਡੀਆਂ ਜ਼ਬਤ ਕੀਤੀਆਂ ਹਨ।