ਜਦੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਚੁੱਕਿਆ ਝਾੜੂ
ਵਾਰਡ ਨੰਬਰ 21 ਦੀਆਂ ਗਲੀਆਂ ‘ਚ ਸਫਾਈ ਲਈ ਨਗਰ ਨਿਗਮ ਕੋਲ ਨਹੀਂ ਕੋਈ ਕਰਮਚਾਰੀ
Publish Date: Sat, 17 Jan 2026 08:05 PM (IST)
Updated Date: Sat, 17 Jan 2026 08:06 PM (IST)

ਵਾਰਡ ਨੰਬਰ 21 ਦੀਆਂ ਗਲੀਆਂ ‘ਚ ਸਫਾਈ ਲਈ ਨਿਗਮ ਕੋਲ ਨਹੀਂ ਕੋਈ ਕਰਮਚਾਰੀ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰਪਾਲ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਵੱਲੋਂ ਵਾਰਡ ਨੰਬਰ 21 ਦੀਆਂ ਕਈ ਗਲੀਆਂ ਵਿਚ ਲੰਮੇ ਸਮੇਂ ਤੋਂ ਕੋਈ ਵੀ ਸਫਾਈ ਕਰਮਚਾਰੀ ਤਾਇਨਾਤ ਨਹੀਂ ਕੀਤਾ ਗਿਆ, ਜੋ ਕਿ ਭਾਰਤ ਸਰਕਾਰ ਦੀ ਸਵੱਛ ਭਾਰਤ ਮੁਹਿਮ ਦੀ ਸਪਸ਼ਟ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਕਈ ਵਾਰ ਮੌਖਿਕ ਤੇ ਲਿਖਤੀ ਤੌਰ ‘ਤੇ ਸ਼ਿਕਾਇਤਾਂ ਅਤੇ ਬੇਨਤੀਆਂ ਦਿੱਤੀਆਂ ਗਈਆਂ, ਪਰ ਪ੍ਰਸ਼ਾਸਨ ਦੀ ਬੇਪਰਵਾਹੀ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਨਗਰ ਨਿਗਮ ਦੀ ਲਾਪਰਵਾਹ ਅਤੇ ਗੈਰ-ਜ਼ਿੰਮੇਵਾਰ ਕਾਰਗੁਜ਼ਾਰੀ ਨੂੰ ਲੈ ਕੇ ਵਾਰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਰਡ ਕੌਂਸਲਰ ਪਰਵਿੰਦਰ ਕੌਰ ਰਗਬੋਤਰਾ ਦੇ ਪਤੀ ਅਤੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਖੁਦ ਝਾੜੂ ਚੁੱਕ ਕੇ ਗਲੀਆਂ ਵਿਚ ਪਿਆ ਕੂੜਾ ਸਾਫ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸੇਵਾ ਦੇ ਵਾਅਦੇ ਤੋਂ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ। ਜੇਕਰ ਨਗਰ ਨਿਗਮ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਤਾਂ ਉਹ ਲੋਕਾਂ ਦੇ ਨਾਲ ਮਿਲ ਕੇ ਖੁਦ ਸਫਾਈ ਮੁਹਿੱਮ ਜਾਰੀ ਰੱਖਣਗੇ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਅਸੀਂ ਆਪਣੇ ਘਰਾਂ ਨੂੰ ਸਾਫ਼-ਸੁਥਰਾ ਰੱਖਦੇ ਹਾਂ, ਉਸੇ ਤਰ੍ਹਾਂ ਆਪਣੀਆਂ ਗਲੀਆਂ ਅਤੇ ਵਾਰਡ ਦੀ ਸਫਾਈ ਲਈ ਵੀ ਸਾਂਝੀ ਜ਼ਿੰਮੇਵਾਰੀ ਨਿਭਾਈਏ। ਨਾਲ ਹੀ ਉਨ੍ਹਾਂ ਨਗਰ ਨਿਗਮ ਦੀ ਕਾਰਗੁਜ਼ਾਰੀ ਪ੍ਰਤੀ ਵੀ ਨਾਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਲੋਕ ਨਿਗਮ ਨੂੰ ਟੈਕਸ ਭਰਦੇ ਹਨ, ਇਸ ਲਈ ਨਗਰ ਨਿਗਮ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਨਾਲ ਸਫਾਈ ਦੀ ਯੋਗ ਵਿਵਸਥਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।