ਮਹਾਨ ਤਪੱਸਵੀ, ਨਾਮ ਦੇ ਰਸੀਏ ਸਨ ਬਾਬਾ ਭਾਈ ਹਰਜੀ : ਬਾਬਾ ਅਮਰੀਕ ਸਿੰਘ
ਮਹਾਨ ਤਪੱਸਵੀ, ਨਾਮ ਦੇ ਰਸੀਏ ਬਾਬਾ ਭਾਈ ਹਰਜੀ ਨੇ ਰੱਬ ਦੀ ਭਗਤੀ ਕੀਤੀ : ਬਾਬਾ ਅਮਰੀਕ ਸਿੰਘ
Publish Date: Fri, 23 Jan 2026 07:19 PM (IST)
Updated Date: Fri, 23 Jan 2026 07:21 PM (IST)

--25 ਜਨਵਰੀ ਜੋੜ ਮੇਲੇ ’ਤੇ ਵਿਸ਼ੇਸ਼ : ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਦੋਆਬਾ ਖੇਤਰ ਦੇ ਜ਼ਿਲ੍ਹਾ ਕਪੂਰਥਲਾ ’ਚ ਗੁਰਦੁਆਰਾ ਡੇਰਾ ਬਾਬਾ ਭਾਈ ਹਰਜੀ ਜੀ ਪਿੰਡ ਖੁਖਰੈਣ ਵਿਖੇ ਸੁਸ਼ੋਭਿਤ ਹੈ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਵੀ ਪਹਿਲਾਂ ਦਾ ਦੱਸਿਆ ਜਾਂਦਾ ਹੈ। ਇਸ ਅਸਥਾਨ ’ਤੇ ਮਹਾਨ ਤਪੱਸਵੀ, ਨਾਮ ਦੇ ਰਸੀਏ ਬਾਬਾ ਭਾਈ ਹਰਜੀ ਨੇ ਰੱਬ ਦੀ ਭਗਤੀ ਕੀਤੀ। ਬਾਬਾ ਭਾਈ ਹਰਜੀ ਸਾਹਿਬ ਤੋਂ ਬਾਅਦ ਵੱਖ-ਵੱਖ ਸ਼ਖਸੀਅਤਾਂ, ਮਹਾਂਪੁਰਸ਼ਾਂ ਨੇ ਸੇਵਾ ਬਾਖੂਬੀ ਨਿਭਾਈ। ਇਲਾਕੇ ਦੇ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਇਸ ਪੁਰਾਤਨ ਅਸਥਾਨ ’ਤੇ ਸੰਤ ਬਾਬਾ ਧਰਮ ਸਿੰਘ ਜੀ ਨੇ ਸੇਵਾ ਸੰਭਾਲਦਿਆਂ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਤੇ ਬਾਬਾ ਜੀ ਆਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ-ਸੁਣਾਉਂਦੇ ਸਨ ਤੇ ਗੁਰੂ ਸਾਹਿਬ ਜੀ ਦਾ ਬਹੁਤ ਹੀ ਸਤਿਕਾਰ ਕਰਦੇ ਸਨ। ਸੰਤ ਬਾਬਾ ਧਰਮ ਸਿੰਘ ਜੀ ਇਕ ਐਸੀ ਸ਼ਖਸੀਅਤ ਸਨ, ਜਿਨ੍ਹਾਂ ਨੇ ਇਲਾਕੇ ਤੇ ਆਸ ਪਾਸ ਦੀਆਂ ਸੰਗਤਾਂ ਨੂੰ ਗੁਰਮਤਿ, ਗੁਰਸਿੱਖੀ ਨਾਲ ਜੋੜਿਆ ਤੇ ਵੱਧ ਤੋਂ ਵੱਧ ਗੁਰਮਤਿ ਸਮਾਗਮ ਕੀਤੇ। ਜੋੜ ਮੇਲਿਆਂ ’ਤੇ ਅੰਮ੍ਰਿਤ ਸੰਚਾਰ ਵੀ ਕੀਤੇ। ਬਾਬਾ ਧਰਮ ਸਿੰਘ ਜੀ ਦਾ ਸੰਤ ਬਾਬਾ ਤੇਜਾ ਸਿੰਘ ਜੀ, ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਾਲਿਆਂ ਨਾਲ ਅਥਾਹ ਪਿਆਰ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਬਾਬਾ ਤੇਜਾ ਸਿੰਘ ਜੀ ਗੁਰਦੁਆਰਾ ਗੁਰਸਰ ਸਾਹਿਬ ਦੀ ਸੇਵਾ ਆਰੰਭ ਕੀਤੀ ਸੀ। ਉਸ ਵੇਲੇ ਬਾਬਾ ਧਰਮ ਸਿੰਘ ਜੀ ਉਨ੍ਹਾਂ ਨੂੰ ਹਰੇਕ ਹਫਤੇ ਗੁਰਸਰ ਸਾਹਿਬ ਸਾਈਕਲ ਚਲਾ ਕੇ ਮਿਲਣ ਜਾਂਦੇ ਸਨ। ਬਾਬਾ ਧਰਮ ਸਿੰਘ ਜੀ ਤਿਆਗੀ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਹਮੇਸ਼ਾਂ ਨਾਮ ਸਿਮਰਨ ਦੀ ਕਮਾਈ ਵੱਲ ਵਧੇਰੇ ਧਿਆਨ ਦਿੱਤਾ। ਬਾਬਾ ਧਰਮ ਸਿੰਘ ਜੀ ਤੋਂ ਬਾਅਦ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਅਮਰੀਕ ਸਿੰਘ ਜੀ ਨੂੰ ਬਖਸ਼ਿਸ਼ ਹੋਈ। ਬਾਬਾ ਜੀ ਨੇ ਜਿਥੇ ਇਲਾਕੇ ਤੇ ਆਸ-ਪਾਸ ਗੁਰਮਤਿ ਦਾ ਪ੍ਰਚਾਰ ਕੀਤਾ, ਸੰਗਤਾਂ ਨੂੰ ਗੁਰੂ ਘਰਾਂ ਨਾਲ ਜੋੜਿਆ, ਉਥੇ ਉਨ੍ਹਾਂ ਨੇ ਇਸ ਅਸਥਾਨ ਵਿਖੇ ਨਵ-ਉਸਾਰੀਆਂ ਵੀ ਕਾਰਵਾਈਆਂ। ਸੰਗਤ ਦੀ ਸਹੂਲਤ ਲਈ ਪਾਰਕਿੰਗ ਦੀ ਜਗ੍ਹਾ ਬਣਾਈ। ਕੁਝ ਸਮਾਂ ਪਹਿਲਾਂ ਗੁਰੂ ਕੇ ਲੰਗਰ ਹਾਲ ਦੀ ਕਾਰ ਸੇਵਾ ਕਰਵਾ ਵਿਸ਼ਾਲ ਰੂਪ ਦਿੱਤਾ ਗਿਆ ਹੈ, ਜਿਥੇ ਹੁਣ ਗੁਰੂ ਕੇ ਲੰਗਰਾਂ ਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਹੈ। ਗੁਰੂ ਘਰ ਦੀ ਨਵੀਂ ਇਮਾਰਤ ਤੇ ਵਿਸ਼ਾਲ ਦਰਬਾਰ ਹਾਲ ਵੀ ਤਿਆਰ ਹੋ ਗਿਆ ਹੈ, ਜੋ ਬਹੁਤ ਹੀ ਸੁੰਦਰ ਤੇ ਆਲੀਸ਼ਾਨ ਹੈ। ਦਰਬਾਰ ਹਾਲ ਵਿਚ ਅਜੇ ਸੇਵਾਵਾਂ ਰਹਿੰਦੀਆਂ ਹਨ, ਉਨ੍ਹਾਂ ਦੀ ਕਾਰ ਸੇਵਾ ਜਾਰੀ ਹੈ। ਬਾਬਾ ਅਮਰੀਕ ਸਿੰਘ ਜੀ ਨੇ ਦੱਸਿਆ ਕਿ ਸਮੁੱਚੀ ਕਾਰ ਸੇਵਾ ਗੁਰੂ ਕ੍ਰਿਪਾ ਸਦਕਾ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ। ਖਾਸ ਕਰ ਸੰਤ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰੂਸਰ ਸਾਹਿਬ ਸੈਫਲਾਬਾਦ ਵਾਲੇ ਵੀ ਹਮੇਸ਼ਾਂ ਉਨ੍ਹਾਂ ਦੇ ਨਾਲ ਸਾਥ ਦਿੰਦੇ ਹਨ। ਦੋਵਾਂ ਸੰਤਾਂ ਦਾ ਆਪਸ ’ਚ ਬਹੁਤ ਪਿਆਰ ਤੇ ਸਤਿਕਾਰ ਹੈ। ਇਸ ਅਸਥਾਨ ਤੇ ਰੋਜ਼ਾਨਾ ਗੁਰਮਤਿ ਮਰਿਆਦਾ ਅਨੁਸਾਰ ਨਿਤਨੇਮ, ਸਮਾਗਮ ਮਰਿਆਦਾ ਅਨੁਸਾਰ ਹੁੰਦੇ ਹਨ। ਹਰੇਕ ਮਹੀਨੇ ਗੁਰਮਤਿ ਸਮਾਗਮ ਹੁੰਦੇ ਹਨ ਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ। ਹਰੇਕ ਸਾਲ 25 ਜਨਵਰੀ ਤੇ 25 ਜੁਲਾਈ ਨੂੰ ਜੋੜ ਮੇਲੇ ’ਤੇ ਗੁਰਮਤਿ ਸਮਾਗਮ ਹੁੰਦੇ ਹਨ, ਜਿਸ ਵਿਚ ਅਣਗਿਣਤ ਸੰਗਤਾਂ ਹਾਜ਼ਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰੂ ਘਰ ਵੱਲੋਂ ਜਿੰਨੇ ਵੀ ਜੋੜ ਮੇਲੇ ਹੁੰਦੇ ਹਨ, ਉਨ੍ਹਾਂ ਵਿਚ ਅੰਮ੍ਰਿਤ ਸੰਚਾਰ ਵੀ ਕਰਵਾਏ ਜਾਂਦੇ ਹਨ। ਸੇਵਾਦਾਰਾਂ ਦੀ ਸਹੂਲਤ ਲਈ ਬਹੁਤ ਹੀ ਵਧੀਆ ਰਿਹਾਇਸ਼ੀ ਕਮਰੇ ਵੀ ਬਣੇ ਹੋਏ ਹਨ। ਬਾਬਾ ਅਮਰੀਕ ਸਿੰਘ ਜੀ ਨਿਮਰਤਾ ਦੇ ਧਾਰਨੀ ਹਨ। ਨਾਮ ਬਾਣੀ ਦੇ ਰਸੀਏ ਹਨ ਉਨ੍ਹਾਂ ’ਤੇ ਗੁਰੂ ਦੀ ਬਖਸ਼ਿਸ਼ ਹੈ, ਉਨ੍ਹਾਂ ਨੂੰ ਬਾਣੀ ਬਹੁਤ ਕੰਠ ਹੈ ਤੇ ਕਥਾ ਵੀ ਬਹੁਤ ਵਧੀਆ ਕਰਦੇ ਹਨ। ਬਾਬਾ ਜੀ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਨ। ਉਹ ਨਿਸ਼ਕਾਮ ਗੁਰਮਤਿ ਪ੍ਰਚਾਰਕਾਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਮੱਦਦ ਵੀ ਕਰਦੇ ਹਨ। ਗੁਰਬਾਣੀ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਦਾ ਵੀ ਬਹੁਤ ਮਾਣ-ਸਨਮਾਨ ਕਰਦੇ ਹਨ। ਬਾਬਾ ਅਮਰੀਕ ਸਿੰਘ ਜੀ ਵੱਲੋਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਸਮੁੱਚੀ ਕਾਰਸੇਵਾ ਨਿਰਵਿਘਨ ਚਲਦੀ ਰਹੇ।