ਬਦਲਾਅ ਦੇ ਨਾਂ ’ਤੇ ਬਣੀ ਸਰਕਾਰ ਨੇ ਸੁਸਾਇਟੀ ਰਜਿਸਟਰੇਸ਼ਨ ਐਕਟ ’ਚ ਕੀਤਾ ਬਦਲਾਅ

--ਵੱਖ-ਵੱਖ ਕਲੱਬਾਂ ਦੇ ਅਹੁਦੇਦਾਰਾਂ ਨੇ ਕੀਤਾ ਵਿਰੋਧ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਕੈਬਨਿਟ ’ਚ ਸੁਸਾਇਟੀ ਰਜਿਸਟਰੇਸ਼ਨ ਐਕਟ 1860 ’ਚ ਬਦਲਾਅ ਕਰਦਿਆਂ ਸੁਸਾਇਟੀ ਰਜਿਸਟਰੇਸ਼ਨ ਪੰਜਾਬ ਸੋਧ ਐਕਟ 2025 ਦਾ ਐਲਾਨ ਕੀਤਾ ਹੈ, ਜਿਸ ਨੂੰ ਅਗਾਮੀ ਵਿਧਾਨ ਸਭਾ ਸੈਸ਼ਨ ’ਚ ਪਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹਾ ਹੋਣ ਨਾਲ ਸਾਰੀਆਂ ਰਜਿਸਟਰੇਸ਼ਨ ਵਾਲੀਆਂ ਸੁਸਾਇਟੀਆਂ ਸੂਚਨਾ ਦਾ ਅਧਿਕਾਰ ਐਕਟ ਦੇ ਘੇਰੇ ’ਚ ਆ ਜਾਣਗੀਆਂ। ਇਸ ਐਕਟ ਦੇ ਪਾਸ ਹੁੰਦਿਆਂ ਪੰਜਾਬ ’ਚ ਰਜਿਸਟਰੇਸ਼ਨ ਸੁਸਾਇਟੀਆਂ ਤੇ ਸੰਗਠਨਾਂ ਨੂੰ ਇਕ ਸਾਲ ਦੇ ਅੰਦਰ ਦੁਬਾਰਾ ਰਜਿਸਟਰ ਕਰਵਾਉਣਾ ਪਵੇਗਾ ਤੇ 5 ਸਾਲਾਂ ਬਾਅਦ ਇਹ ਮੁੜ੍ਹ ਤੋਂ ਰੀਨਿਊ ਕਰਵਾਉਣੀਆਂ ਪੈਣਗੀਆਂ। ਇਸ ਦਾ ਪੰਜਾਬ ਦੇ ਮੁੱਖ ਸਪੋਰਟਸ ਕਲੱਬਾਂ ਤੇ ਯੂਥ ਸੰਸਥਾਵਾਂ ਨੇ ਗੰਭੀਰ ਵਿਰੋਧ ਜਤਾਇਆ ਹੈ। ਇਨ੍ਹਾਂ ਕਲੱਬਾਂ ਨੇ ਕਿਹਾ ਕਿ ਸਪੋਰਟਸ ਕਲੱਬ ਜੇਕਰ ਨੁਕਸਾਨੇ ਗਏ ਤਾਂ ਸਭ ਤੋਂ ਪਹਿਲਾਂ ਨੁਕਸਾਨ ਸੂਬੇ ਦੇ ਨੌਜਵਾਨਾਂ ਨੂੰ ਹੋਵੇਗਾ। ਪੰਜਾਬ ਦੀਆਂ ਖੇਡਾਂ ਕਬੱਡੀ, ਹਾਕੀ ਐਥਲੈਟਿਕਸ ਆਦਿ ਇਹ ਸਾਰਿਆਂ ਖੇਡਾਂ ਕਲੱਬਾਂ ਨੇ ਹੀ ਸੰਭਾਲੀਆਂ ਹਨ। ਸੂਬਾ ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਕਲੱਬਾਂ ਨੂੰ ਹੋਰ ਮਜ਼ਬੂਤ ਕਰੇ। ਇਨ੍ਹਾਂ ਕਲੱਬਾਂ ਨੇ ਹੀ ਸੈਂਕੜਿਆਂ ਬੱਚਿਆਂ ਤੇ ਨੌਜਵਾਨਾਂ ਦੀ ਊਰਜਾ ਨੂੰ ਚੰਗੀ ਦਿਸ਼ਾ ਦਿੱਤੀ ਹੈ। ਇਸ ’ਚ ਸਰਕਾਰ ਦਖਲ ਨਾ ਦੇਵੇ।
--ਸੁਸਾਇਟੀ ਰਜਿਸਟਰੇਸ਼ਨ ਸੋਧ ਬਿੱਲ ਭਵਿੱਖ ਲਈ ਖ਼ਤਰਾ : ਸੁਖਵਿੰਦਰ ਸਿੰਘ ਨੇਕੀ
ਸੁਖਵਿੰਦਰ ਸਿੰਘ ਨੇਕੀ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਰਪੰਚ ਸਿੱਧਵਾਂ ਦੋਨਾਂ ਨੇ ਕਿਹਾ ਕਿ ਇਹ ਸੋਧ ਸਿੱਧਾ ਸਪੋਰਟਸ ਕਲੱਬਾਂ ਦੀ ਖੁਦਮੁਖ਼ਤਿਆਰੀ, ਕਾਰਗੁਜ਼ਾਰੀ ਤੇ ਭਵਿੱਖ ਲਈ ਖ਼ਤਰਾ ਹੈ। ਜਿਹੜੇ ਕਲੱਬ ਕਈ ਦਹਾਕਿਆਂ ਤੋਂ ਨੌਜਵਾਨਾਂ ਦੀਆਂ ਉਮੀਦਾਂ ਨਾਲ ਚੱਲ ਰਹੇ ਹਨ, ਸਰਕਾਰ ਹੁਣ ਉਨ੍ਹਾਂ ਦੀ ਮੈਨੇਜਮੈਂਟ ਤੇ ਕੰਟਰੋਲ ’ਚ ਦਖ਼ਲ ਦੇ ਰਾਹ ਖੋਲ੍ਹ ਰਹੀ ਹੈ। ਪੰਜਾਬ ’ਚ ਕੌਣ ਨਹੀਂ ਜਾਣਦਾ ਕਿ ਸਪੋਰਟਸ ਕਲੱਬ ਨੌਜਵਾਨਾਂ ਦੀ ਤਾਕਤ, ਅਨੁਸ਼ਾਸਨ ਤੇ ਮਨੋਵਿਗਿਆਨਕ ਮਜ਼ਬੂਤੀ ਦਾ ਸਭ ਤੋਂ ਵੱਡਾ ਸਹਾਰਾ ਹਨ।
--ਸਪੋਰਟਸ ਕਲੱਬਾਂ ਨੂੰ ਕਬਜ਼ੇ ਹੇਠ ਲਿਆਉਣ ਦੀ ਕੋਸਿਸ਼ : ਬਲਬੀਰ ਸਿੰਘ ਬੱਲੀ
ਬਲਬੀਰ ਸਿੰਘ ਬੱਲੀ ਪ੍ਰਧਾਨ ਸੰਤ ਬਾਬਾ ਭਾਈ ਪੰਜਾਬ ਸਿੰਘ ਸਪੋਰਟਸ ਕਲੱਬ ਸਿੱਧਵਾਂ ਦੋਨਾਂ ਨੇ ਕਿਹਾ ਕਿ ਜਿਥੇ ਸਰਕਾਰ ਆਪਣੇ ਮੁਹੱਲਾ ਕਲੀਨਿਕ ਤੱਕ ਢੰਗ ਨਾਲ ਨਹੀਂ ਚਲਾ ਸਕੀ, ਹੁਣ ਉਹ ਉਨ੍ਹਾਂ ਸੰਸਥਾਵਾਂ ’ਤੇ ਹੱਥ ਪਾਉਣ ਦੀ ਸੋਚ ਰਹੀ ਹੈ ਜਿਹੜੀਆਂ ਅਸਲ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਰਹੀਆਂ ਹਨ। ਜਿਹੜੀ ਸਰਕਾਰ ਆਪਣੇ ਹੀ ਯੂਥ ਸੈਂਟਰ ਚੰਗੇ ਤਰੀਕੇ ਨਾਲ ਨਹੀਂ ਚਲਾ ਸਕੀ, ਉਹ ਹੁਣ ਸਪੋਰਟਸ ਕਲੱਬਾਂ ਨੂੰ ਕਬਜ਼ੇ ਹੇਠ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਉਹ ਸਖਤ ਨਿਖੇਧੀ ਕਰਦੇ ਹਨ।
--ਸਪੋਰਟਸ ਕਲੱਬਾਂ ’ਚ ਦਖ਼ਲ ਨਾ ਦੇਵੇ ਸਰਕਾਰ : ਨੰਬਰਦਾਰ ਨਿਰਮਲ ਸਿੰਘ ਢਿੱਲੋ
ਨੰਬਰਦਾਰ ਨਿਰਮਲ ਸਿੰਘ ਢਿੱਲੋਂ ਕਾਹਲਵਾਂ ਨੇ ਕਿਹਾ ਕਿ ਜੇ ਸਪੋਰਟਸ ਕਲੱਬ ਨੁਕਸਾਨੇ ਗਏ ਤਾਂ ਸਭ ਤੋਂ ਪਹਿਲਾਂ ਨੁਕਸਾਨ ਪੰਜਾਬ ਦੇ ਨੌਜਵਾਨਾਂ ਨੂੰ ਹੋਵੇਗਾ। ਪੰਜਾਬ ਦੀ ਸ਼ਾਨ ਕੁਸ਼ਤੀ, ਕਬੱਡੀ, ਹਾਕੀ, ਐਥਲੈਟਿਕਸ, ਇਹ ਸਾਰਾ ਕਲੱਬਾਂ ਨੇ ਸੰਭਾਲਿਆ ਹੈ। ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਕਲੱਬਾਂ ਨੂੰ ਹੋਰ ਮਜ਼ਬੂਤ ਕਰੇ, ਕਲੱਬਾਂ ਨੇ ਸੈਂਕੜਿਆਂ ਬੱਚਿਆਂ ਤੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਹੈ, ਜਿਸ ’ਚ ਸਰਕਾਰ ਦਖਲ ਨਾ ਦੇਵੇ।
--ਕਲੱਬਾਂ ’ਚ ਸਿਆਸੀ ਦਖ਼ਲ ਨਾ ਹੋਵੇ : ਮਾ. ਸਰਬਣ ਸਿੰਘ ਸਿੱਧੂ
ਮਾਸਟਰ ਸਰਬਣ ਸਿੰਘ ਸਿੱਧੂ ਸੈਕਟਰੀ ਸੰਤ ਬਾਬਾ ਭਾਈ ਪੰਜਾਬ ਸਿੰਘ ਸਪੋਰਟਸ ਕਲੱਬ ਸਿੱਧਵਾਂ ਦੋਨਾਂ ਨੇ ਕਿਹਾ ਕਿ ਡਰੱਗਜ਼ ਨੂੰ ਰੋਕਣਾ ਸਰਕਾਰ ਦਾ ਫਰਜ਼ ਹੈ ਪਰ ਲੱਗਦਾ ਹੈ ਕਿ ਡਰੱਗਜ਼ ਨੂੰ ਰੋਕਣ ਦੀ ਬਜਾਇ ਹੁਣ ਸਰਕਾਰ ਸਪੋਰਟਸ ਕਲੱਬਾਂ ਨੂੰ ਹੀ ਰੋਕਣ ’ਚ ਲੱਗੀ ਹੋਈ ਹੈ। ਸ਼ੱਕ ਪੈਦਾ ਕਰਦਾ ਹੈ ਕਿ ਕਿਤੇ ਨੌਜਵਾਨਾਂ ਨੂੰ ਫਿਰ ਤੋਂ ਨਸ਼ਿਆਂ ਵੱਲ ਧੱਕਣ ਦੀ ਕੋਈ ਨਵੀ ਚਾਲ ਤਾਂ ਨਹੀਂ? ਆਰਟੀਆਈ ਦੇ ਦਬਾਅ, ਸਰਕਾਰੀ ਮਨਜ਼ੂਰੀਆਂ, ਬਿਊਰੋਕ੍ਰੈਟਿਕ ਰੁਕਾਵਟਾਂ ਤੇ ਰਾਜਨੀਤਿਕ ਦਖ਼ਲ ਨਾਲ ਖਿਡਾਰੀਆਂ ਦਾ ਮਨੋਬਲ ਡਿੱਗੇਗਾ।
--ਰਜਿਸਟਰੇਸ਼ਨ ਸੋਧ ਸਰਕਾਰ ਤੁਰੰਤ ਵਾਪਸ ਲਵੇ : ਸਤਨਾਮ ਸਿੰਘ ਸੋਢੀ
ਸਤਨਾਮ ਸਿੰਘ ਸੋਢੀ ਖੈੜਾ ਮੰਦਿਰ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ ਕਪੂਰਥਲਾ ਨੇ ਕਿਹਾ ਕਿ ਸਰਕਾਰ ਦਾ ਅਸਲ ਕੰਮ ਹੈ ਆਪਣੇ ਵਿਭਾਗ ਸੁਧਾਰਨਾ, ਨਸ਼ਿਆਂ ’ਤੇ ਸਖ਼ਤ ਕਾਰਵਾਈ ਕਰਨੀ, ਨੌਜਵਾਨਾਂ ਲਈ ਮੌਕੇ ਪੈਦਾ ਕਰਨੇ ਤੇ ਸਪੋਰਟਸ ਇੰਫਰਾਸਟਰਕਚਰ ਬਣਾਉਣਾ। ਉਹ ਸੁਸਾਇਟੀਜ਼ ਨੂੰ ਹੋਰ ਬਿਹਤਰ ਬਣਾਉਣ, ਨਾ ਕਿ ਆਪਣਾ ਫਰਜ਼ ਭੁੱਲਕੇ ਸਭ ਦੇ ਕੰਮ ’ਚ ਦਖਲ ਦੇਣ। ਜੇ ਸਪੋਰਟਸ ਕਲੱਬਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਯੂਥ ਨੂੰ ਬਚਾਉਣ ਵਾਲਾ ਕੋਈ ਨਹੀਂ ਬਚੇਗਾ। ਸਰਕਾਰ ਸੋਧ ਤੁਰੰਤ ਵਾਪਸ ਲਵੇ।
ਕੈਪਸ਼ਨ:
ਸੁਖਵਿੰਦਰ ਸਿੰਘ ਨੇਕੀ, ਬਲਬੀਰ ਸਿੰਘ ਬੱਲੀ, ਨਿਰਮਲ ਸਿੰਘ ਢਿੱਲੋਂ, ਮਾ. ਸਰਬਣ ਸਿੰਘ ਸਿੱਧੂ, ਸਤਨਾਮ ਸਿੰਘ ਸੋਢੀ।