ਪੰਜਾਬ ਦੀ ਹਰ ਕਚਹਿਰੀ ਤੱਕ ਫੈਲਿਆ ਫਰਜ਼ੀ ਜ਼ਮਾਨਤਾਂ ਦਾ ਖੇਡ

–ਕਪੂਰਥਲਾ ਕਚਹਿਰੀ ਦੇ ਤਿੰਨ ਵਕੀਲਾਂ ਦੇ ਮੁੰਸ਼ੀ ਕੇਸ ’ਚ ਨਾਮਜਦ
–300 ਤੋਂ ਵੱਧ ਮੁਲਜ਼ਮਾਂ ਦੀਆਂ ਕਰਵਾਈਆਂ ਜ਼ਮਾਨਤਾਂ : ਡੀਐੱਸਪੀ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਜੇਲ੍ਹ ’ਚ ਬੰਦ ਮੁਲਜ਼ਮਾਂ ਦੀ ਫਰਜ਼ੀ ਦਸਤਾਵੇਜ਼ਾਂ ਨਾਲ ਜ਼ਮਾਨਤ ਕਰਵਾਉਣ ਵਾਲੇ ਦੋ ਮੁੱਖ ਮੁਲਜ਼ਮਾਂ ਨੇ ਪੁਲਿਸ ਰਿਮਾਂਡ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇਹ ਗੋਰਖਧੰਦਾ ਪੰਜਾਬ ਦੀ ਲਗਪਗ ਹਰ ਕਚਹਿਰੀ ਤੱਕ ਫੈਲਿਆ ਹੋਇਆ ਹੈ। ਇਸ ਵਿਚ ਕਈ ਵਕੀਲਾਂ ਦੇ ਮੁੰਸ਼ੀ ਸਿੱਧੇ ਤੌਰ ’ਤੇ ਸ਼ਾਮਿਲ ਹਨ। ਕਪੂਰਥਲਾ ਪੁਲਿਸ ਨੇ ਇਸ ਕੇਸ ਵਿਚ ਕਪੂਰਥਲਾ ਕਚਹਿਰੀ ਦੇ ਤਿੰਨ ਵਕੀਲਾਂ ਦੇ ਮੁੰਸ਼ੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਰਿਮਾਂਡ ਦੌਰਾਨ ਪੁੱਛਗਿੱਛ ਵਿਚ ਗੁਰਪ੍ਰੀਤ ਸਿੰਘ ਅਤੇ ਵਿਕਟਰ ਮਸੀਹ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਕਪੂਰਥਲਾ ਕਚਹਿਰੀ ਵਿਚ ਉਨ੍ਹਾਂ ਵਰਗੇ ਤਿੰਨ–ਚਾਰ ਹੋਰ ਗਿਰੋਹ ਵੀ ਸਰਗਰਮ ਹਨ, ਜੋ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਜ਼ਮਾਨਤਾਂ ਕਰਵਾਉਂਦੇ ਹਨ। ਉਨ੍ਹਾਂ ਨੂੰ ਇਕ ਜ਼ਮਾਨਤ ’ਤੇ ਸਿਰਫ਼ 5 ਹਜ਼ਾਰ ਰੁਪਏ ਮਿਲਦੇ ਸਨ, ਜਦੋਂ ਕਿ ਮੁੰਸ਼ੀ ਮੁਲਜ਼ਮ ਜਾਂ ਉਸਦੇ ਪਰਿਵਾਰਕ ਮੈਂਬਰਾਂ ਤੋਂ 30 ਤੋਂ 40 ਹਜ਼ਾਰ ਰੁਪਏ ਤੱਕ ਵਸੂਲਦੇ ਸਨ। ਹੁਣ ਤੱਕ ਉਹ 300 ਤੋਂ ਵੱਧ ਮੁਲਜ਼ਮਾਂ ਦੀਆਂ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਜ਼ਮਾਨਤਾਂ ਕਰਵਾ ਚੁੱਕੇ ਹਨ। ਮੁਲਜ਼ਮਾਂ ਨੇ ਕਿਹਾ ਕਿ ਇਹ ਧੰਦਾ ਸਿਰਫ਼ ਕਪੂਰਥਲਾ ਹੀ ਨਹੀਂ, ਬਲਕਿ ਅੰਮ੍ਰਿਤਸਰ, ਤਰਨਤਾਰਨ, ਜਲੰਧਰ ਅਤੇ ਗੁਰਦਾਸਪੁਰ ਸਮੇਤ ਪੰਜਾਬ ਦੀ ਹਰ ਕਚਹਿਰੀ ਵਿਚ ਚੱਲ ਰਿਹਾ ਹੈ।
–ਇਸ ਤਰ੍ਹਾਂ ਹੁੰਦਾ ਸੀ ਫਰਾਡ :
ਮੁਲਜ਼ਮਾਂ ਨੇ ਦੱਸਿਆ ਕਿ ਥਾਣਿਆਂ ਅਨੁਸਾਰ ਕਲਾਈਂਟ ਮਿਲਣ ’ਤੇ ਸਭ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਦੀ ਫਰਦ ਕੇਂਦਰ ਤੋਂ ਕੱਢਵਾਈ ਜਾਂਦੀ ਸੀ। ਜਿਵੇਂ ਕੋਤਵਾਲੀ ਥਾਣੇ ਦੇ ਬੰਤਾ ਸਿੰਘ ਦੀ ਫਰਦ ਕਢਵਾਈ ਤਾਂ ਉਸਦੀ ਜਾਣਕਾਰੀ ਲੈ ਕੇ ਉਸ ’ਤੇ ਆਪਣੀ ਫੋਟੋ ਲਗਾ ਕੇ ਨਕਲੀ ਦਸਤਾਵੇਜ਼ ਤਿਆਰ ਕਰਕੇ ਅਦਾਲਤ ਵਿਚ ਪੇਸ਼ ਕਰ ਦਿੱਤੇ ਜਾਂਦੇ ਸਨ। ਇਸ ਲਈ ਇਨ੍ਹਾਂ ਨੇ ਨਕਲੀ ਮੋਹਰਾਂ ਅਤੇ ਹੋਰ ਕਾਗਜ਼ ਵੀ ਤਿਆਰ ਕਰ ਰੱਖੇ ਸਨ।
––ਸਰਕਾਰੀ ਮੁਲਾਜ਼ਮ ਵੀ ਆ ਸਕਦੇ ਹਨ ਸਾਹਮਣੇ
ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਬਿਨਾਂ ਸਰਕਾਰੀ ਕਰਮਚਾਰੀਆਂ ਦੀ ਮਦਦ ਤੋਂ ਇਹ ਕਾਰੋਬਾਰ ਸੰਭਵ ਨਹੀਂ। ਇਸ ਕਰਕੇ ਪੁਲਿਸ ਇਸ ਐਂਗਲ ’ਤੇ ਵੀ ਜਾਂਚ ਨੂੰ ਅੱਗੇ ਵਧਾ ਰਹੀ ਹੈ ਤੇ ਕਈ ਅਧਿਕਾਰੀ ਵੀ ਇਸ ਵਿਚ ਸਾਹਮਣੇ ਆ ਸਕਦੇ ਹਨ ਜੋ ਕੁੱਝ ਰੁਪਇਆਂ ਦੇ ਲਾਲਚ ਵਿਚ ਇਸ ਖੇਡ ਵਿਚ ਸ਼ਾਮਲ ਹਨ।
––ਮੋਬਾਈਲ ਡਾਟਾ ਖੋਲ੍ਹੇਗਾ ਕਈ ਰਾਜ਼
ਪੁਲਿਸ ਨੇ ਦੋਨੋਂ ਮੁਲਜ਼ਮਾਂ ਤੋਂ ਬਰਾਮਦ ਚਾਰ ਮੋਬਾਈਲ ਫੋਨਾਂ ਵਿਚੋਂ ਦੋ ਸਮਾਰਟਫੋਨ ਫੋਰੈਂਸਿਕ ਜਾਂਚ ਲਈ ਭੇਜੇ ਹਨ। ਡਾਟਾ ਤੋਂ ਪਤਾ ਲੱਗੇਗਾ ਕਿ ਇਸ ਨੈੱਟਵਰਕ ਵਿਚ ਹੋਰ ਕੌਣ–ਕੌਣ ਸ਼ਾਮਲ ਹੈ। ਪੁਲਿਸ ਨੇ ਦੋਨੋਂ ਮੁਲਜ਼ਮਾਂ ਦਾ ਰਿਮਾਂਡ ਦੋ ਦਿਨ ਹੋਰ ਵਧਾ ਲਿਆ ਹੈ। ਜਦੋਂ ਪੁਲਿਸ ਉਨ੍ਹਾਂ ਨੂੰ ਕਚਹਿਰੀ ’ਚ ਲੈ ਕੇ ਪਹੁੰਚੀ ਤਾਂ ਵਕੀਲਾਂ ਦੇ ਮੁੰਸ਼ੀ ਗਾਇਬ ਸਨ ਅਤੇ ਕਚਹਿਰੀ ਵਿਚ ਕੋਈ ਵੀ ਮੁੰਸ਼ੀ ਨਜ਼ਰ ਨਹੀਂ ਆਇਆ।
––ਜ਼ਿਲ੍ਹਾ ਅਤੇ ਸੈਸ਼ਨ ਜੱਜ ਨਾਲ ਵੀ ਇਸ ਮਾਮਲੇ ਬਾਰੇ ਗੱਲਬਾਤ ਕਰੇਗੀ ਪੁਲਿਸ : ਡੀਐੱਸਪੀ
ਡੀਐੱਸਪੀ ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਇਹ ਨੈੱਟਵਰਕ ਬਹੁਤ ਵੱਡਾ ਹੈ ਅਤੇ ਇਸਦਾ ਬੇਨਕਾਬ ਹੋਣਾ ਲਾਜ਼ਮੀ ਹੈ। ਤਿੰਨੋਂ ਨਾਮਜ਼ਦ ਮੁੰਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਹੋਰ ਖੁਲਾਸੇ ਹੋਣਗੇ। ਪੁਲਿਸ ਇਸ ਗੈਂਗ ਦੇ ਤਹਿਸੀਲ ਤੱਕ ਰਿਸ਼ਤਿਆਂ ਦੀ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪਿੱਛੇ ਸਰਕਾਰੀ ਅਮਲੇ ਦੀ ਸ਼ਮੂਲੀਅਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
–ਲੰਬੇ ਸਮੇਂ ਤੋਂ ਚੱਲ ਰਹੀ ਹੈ ਇਹ ਖੇਡ
ਫਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਜਮਾਨਤਾਂ ਕਰਵਾਉਣ ਦੀ ਖੇਡ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਹੁਣ ਤੱਕ ਹਜ਼ਾਰਾਂ ਮੁਲਜ਼ਮ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਜ਼ਮਾਨਤਾਂ ਕਰਵਾ ਚੁੱਕੇ ਹਨ। ਇਨ੍ਹਾਂ ਵਿਚ ਬਹੁਤ ਸਾਰੇ ਮੁਲਜ਼ਮ ਇਸ ਤਰ੍ਹਾਂ ਦੇ ਵੀ ਹਨ ਜੋ ਕਿ ਬਾਹਰੀ ਸੂਬੇ ਦੇ ਹਨ ਤੇ ਉਨ੍ਹਾਂ ਨੂੰ ਜਦੋਂ ਕੋਈ ਜ਼ਮਾਨਤ ਕਰਵਾਉਣ ਵਾਲ ਨਹੀਂ ਮਿਲਦਾ ਤਾਂ ਉਹ ਵਕੀਲਾਂ ਦੇ ਮੁੰਸ਼ੀਆਂ ਰਾਹੀਂ ਇਸ ਤਰ੍ਹਾਂ ਦੇ ਗਿਰੋਹ ਨਾਲ ਸੰਪਰਕ ਕਰਦੇ ਹਨ ਤਾਂ ਜਾ ਕੇ ਬਾਹਰੀ ਸੂਬਿਆਂ ਦੇ ਮੁਲਜ਼ਮਾਂ ਦੀ ਜ਼ਮਾਨਤ ਹੁੰਦੀ ਹੈ।
ਕੈਪਸ਼ਨ : 22ਕੇਪੀਟੀ37
ਕੈਪਸ਼ਨ : 22ਕੇਪੀਟੀ38