ਸੀਤ ਲਹਿਰ ਕਾਰਨ ਬੱਚੇ ਅਤੇ ਬਜ਼ੁਰਗ ਘਰਾਂ ’ਚ ਬੰਦ
ਸੀਤ ਲਹਿਰ ਦਾ ਕਹਿਰ ਜਾਰੀ, ਬੱਚੇ ਅਤੇ ਬਜ਼ੁਰਗ ਘਰਾਂ ਵਿਚ ਬੰਦ ਰਹਿਣ ਲਈ ਮਜਬੂਰ
Publish Date: Mon, 12 Jan 2026 09:28 PM (IST)
Updated Date: Mon, 12 Jan 2026 09:30 PM (IST)

ਪਿਛਲੇ ਚਾਰ ਦਿਨਾਂ ਚ ਪਾਰਾ 4 ਡਿਗਰੀ ਤੋਂ ਵੀ ਥੱਲੇ ਪਹੁੰਚਿਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮੁੱਚੇ ਪੰਜਾਬ ਅੰਦਰ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਬੱਚੇ ਅਤੇ ਬਜ਼ੁਰਗ ਘਰਾਂ ਵਿਚ ਬੰਦ ਰਹਿਣ ਲਈ ਮਜਬੂਰ ਹੋ ਗਏ ਹਨ, ਕਿਉਂਕਿ ਘੱਟੋ-ਘੱਟ ਤਾਪਮਾਨ 4 ਡਿਗਰੀ ’ਤੇ ਪਹੁੰਚ ਚੁੱਕਾ ਹੈ ਅਤੇ ਮੌਸਮ ਮਾਹਿਰਾਂ ਦੀ ਗੱਲ ਮੰਨੀ ਜਾਵੇ ਤਾਂ ਅਗਲੇ ਕੁਝ ਦਿਨ ਅਜੇ ਠੰਢ ਦਾ ਕਹਿਰ ਇਸੇ ਤਰ੍ਹਾਂ ਜਾਰੀ ਰਹੇਗਾ। ਬਾਰਿਸ਼ ਨਾ ਹੋਣ ਕਾਰਨ ਅਤੇ ਪਹਾੜਾਂ ਵਿਚ ਲਗਾਤਾਰ ਬਰਫਬਾਰੀ ਦੇ ਕਾਰਨ ਤਾਪਮਾਨ ਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਆਮ ਜੀਵਨ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਰਾਤ ਦੇ ਸਮੇਂ ਧੁੰਦ ਜ਼ਿਆਦਾ ਸੰਘਣੀ ਹੋਣ ਕਾਰਨ ਆਵਾਜਾਈ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ ਪਰ ਠੰਢ ਦੇ ਕਾਰਨ ਗਤੀਵਿਧੀਆਂ ਆਮ ਦੀ ਤੁਲਨਾ ਵਿਚ ਕਾਫੀ ਜ਼ਿਆਦਾ ਘੱਟ ਦੇਖਣ ਨੂੰ ਮਿਲ ਰਹੀਆਂ ਹਨ। ਹਾਲਾਂਕਿ ਕਿ ਦੋ ਦਿਨਾ ਤੋਂ ਧੁੱਪ ਨਿਕਲ ਰਹੀ ਹੈ ਤੇ ਸੂਰਜ ਦੇਵਤਾ ਸਾਨੂੰ ਕੁਝ ਗਰਮਾਹਟ ਦੇ ਰਹੇ ਹਨ ਪਰ ਸੂਰਜ ਦੇਵਤਾ ਦੇ ਸ਼ਾਮ ਸਮੇਂ ਅਲੋਪ ਹੁੰਦੇ ਸਾਰ ਹੀ ਇਕਦਮ ਠੰਢ ਵੱਧ ਜਾਂਦੀ ਹੈ। ਸ਼ਾਮ ਦੇ ਅਖੀਰਲੇ 2 ਘੰਟਿਆਂ ਵਿਚ 5 ਡਿਗਰੀ ਤਾਪਮਾਨ ਘਟਦਾ ਹੈ, ਜਿਸ ਕਾਰਨ ਠੰਢ ਅਚਾਨਕ ਹੀ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਠੰਢ ’ਚ ਬਜ਼ੁਰਗਾਂ ਤੇ ਬੱਚਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਅਮਨਪ੍ਰੀਤ ਮਲਟੀਸਪੈਸ਼ਲਿਟੀ ਹਸਪਤਾਲ ਦੇ ਐੱਮਡੀ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਆਦਾ ਠੰਡ ਹੋਣ ’ਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਬਚਾ ਕੇ ਰੱਖਣਾ ਜ਼ਰੂਰੀ ਹੈ। ਉਨ੍ਹਾਂ ਬਜ਼ੁਰਗਾਂ ਨੂੰ ਸੈਰ ਨਾ ਕਰਨ ਦੀ ਸਲਾਹ ਦਿੱਤੀ ਹੈ ਤੇ ਸਵੇਰੇ-ਸ਼ਾਮ ਘਰਾਂ ਵਿਚ ਹੀ ਰਹਿਣ ਦੀ ਰਾਏ ਦਿੱਤੀ। ਉਨ੍ਹਾਂ ਦੱਸਿਆ ਕਿ ਬਾਰਸ਼ ਨਾ ਹੋਣ ਕਾਰਨ ਜਿਹੜੀ ਸੀਤ ਲਹਿਰ ਚੱਲੀ ਹੈ, ਇਹ ਹੋਰ ਵੀ ਜ਼ਆਦਾ ਘਾਤਕ ਹੈ ਤੇ ਇਸ ਸੀਤ ਲਹਿਰ ਵਿਚ ਬਚ ਕੇ ਰਹਿਣਾ ਜ਼ਰੂਰੀ ਹੈ। ਜ਼ਿਆਦਾ ਤੋਂ ਜ਼ਿਆਦਾ ਗਰਮ ਕੱਪੜੇ ਅਤੇ ਖਾਣ-ਪੀਣ ਵੀ ਗਰਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ। ਜ਼ਿਆਦਾ ਠੰਢ ਕਾਰਨ ਆਮ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਆਪਣੇ ਘਰਾਂ ਵਿਚ ਹੀ ਰਹਿਣਾ ਠੀਕ ਸਮਝਿਆ। ਜ਼ਿਆਦਾ ਠੰਢ ਚ ਬੱਚਿਆਂ ਦਾ ਬਾਹਰ ਨਿਕਲਣਾਂ ਵੀ ਮੁਸ਼ਕਿਲ ਹੈ। ਅਗਲੇ ਕੁਝ ਦਿਨ ਹੋਰ ਪੈ ਸਕਦੀ ਹੈ ਕੜਾਕੇ ਦੀ ਠੰਢ : ਮੌਸਮ ਵਿਭਾਗ ਜਿਥੇ ਸੰਘਣੀ ਧੁੰਦ ਅਤੇ ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਦੂਸਰੇ ਪਾਸੇ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਨੁਮਾਨ ਅਨੁਸਾਰ ਇਲਾਕੇ ਚ ਅਗਲੇ ਕੁਝ ਦਿਨਾਂ ਤੱਕ ਕੜਾਕੇ ਦੀ ਠੰਢ ਜਾਰੀ ਰਹਿਣ ਦੀ ਸੰਭਾਵਨਾ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉੱਤਰ ਭਾਰਤ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਅਤੇ ਸੀਤ ਲਹਿਰ ਕਾਰਨ ਤਾਪਮਾਨ ਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਸਵੇਰ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਦਿੱਖ ਘੱਟ ਹੋ ਸਕਦੀ ਹੈ ਅਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਕਣਕ ਦੀ ਫਸਲ ਲਈ ਲਾਭਦਾਇਕ ਹੈ ਧੁੰਦ : ਡਾ. ਜਸਪਾਲ ਸਿੰਘ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਧੁੰਦ ਅਤੇ ਠੰਢ ਸਬੰਧੀ ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਸਥਾਰ ਅਫਸਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਭਾਵੇਂ ਧੁੰਦ ਅਤੇ ਠੰਢ ਆਮ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ ਪਰ ਇਹ ਮੌਸਮ ਕਣਕ ਦੀ ਫਸਲ ਲਈ ਕਾਫੀ ਲਾਭਦਾਇਕ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧੁੰਦ ਨਾਲ ਮਿੱਟੀ ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਕਣਕ ਦੀ ਵਾਧੂ ਸਿੰਚਾਈ ਦੀ ਲੋੜ ਘੱਟ ਪੈਂਦੀ ਹੈ ਅਤੇ ਫਸਲ ਦੀ ਵਾਧਾ ਦਰ ਵੀ ਚੰਗੀ ਰਹਿੰਦੀ ਹੈ।