ਪਿੰਡ ਡੋਗਰਾਂਵਾਲ ਦੀਆਂ ਗਲੀਆਂ ਦੀ ਹਾਲਤ ਖਸਤਾ, ਲੋਕ ਪਰੇਸ਼ਾਨ
ਪਿੰਡ ਡੋਗਰਾਂਵਾਲ ਦੀ ਖਸਤਾਹਾਲ ਗਲੀ ਨੇ ਪਿੰਡ ਵਾਸੀਆਂ ਦੀ ਜ਼ਿੰਦਗੀ ਕੀਤੀ ਦੁੱਭਰ
Publish Date: Tue, 03 Feb 2026 10:36 PM (IST)
Updated Date: Tue, 03 Feb 2026 10:38 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪਿੰਡ ਡੋਗਰਾਂਵਾਲ ਦੀ ਮੁੱਖ ਗਲੀ ਦੀ ਬਦਹਾਲ ਹਾਲਤ ਕਾਰਨ ਪਿੰਡ ਵਾਸੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪਿੰਡ ਨੂੰ ਨੇੜਲੇ ਕਸਬਿਆਂ ਤੇ ਹੋਰ ਪਿੰਡਾਂ ਨਾਲ ਜੋੜਨ ਵਾਲੀ ਇਹ ਗਲੀ ਲੰਮੇ ਸਮੇਂ ਤੋਂ ਖਸਤਾਹਾਲ ਪਈ ਹੈ, ਜਿਸ ਨਾਲ ਨਾ ਸਿਰਫ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਪਿੰਡ ਵਾਸੀਆਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵੀ ਮੁਸ਼ਕਲ ਬਣ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਰੀਬ 7 ਸਾਲ ਪਹਿਲਾਂ ਇਸ ਗਲੀ ਦੇ ਨਿਰਮਾਣ ਲਈ ਮਨਜ਼ੂਰੀ ਮਿਲੀ ਸੀ, ਪਰ ਅੱਜ ਤੱਕ ਵੀ ਗਲੀ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ, ਜੋ ਕਿ ਕਈ ਸਵਾਲ ਖੜੇ ਕਰਦੀ ਹੈ। ਪਿੰਡ ਵਾਸੀ ਵਿਲੀਅਮ ਰੰਧਾਵਾ, ਲਖਬੀਰ ਸਿੰਘ, ਮਨਦੀਪ ਸਿੰਘ, ਸੇਵਾ ਸਿੰਘ ਤੇ ਬਜ਼ੁਰਗਾਂ, ਨੌਜਵਾਨਾਂ ਤੇ ਮਹਿਲਾਵਾਂ ਨੇ ਦੱਸਿਆ ਕਿ ਗਲੀ ਵਿਚ ਥਾਂ-ਥਾਂ ਟੋਏ ਪੈ ਚੁੱਕੇ ਹਨ। ਇਸ ਤੋਂ ਇਲਾਵਾ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀ ਵਿਚ ਵਹਿ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਖਸਤਾਹਾਲ ਗਲੀ ਕਾਰਨ ਦੁਰਘਟਨਾਵਾਂ ਦਾ ਖਤਰਾ ਬਣਿਆ ਹੋਇਆ ਹੈ। ਕਈ ਵਾਰ ਦੋ-ਪਹੀਆ ਵਾਹਨ ਫਿਸਲ ਕੇ ਡਿੱਗ ਜਾਂਦੇ ਹਨ, ਜਿਸ ਨਾਲ ਲੋਕ ਜ਼ਖ਼ਮੀ ਹੋ ਰਹੇ ਹਨ। ਪਿੰਡ ਵਾਸੀ ਵਿਲੀਅਮ ਰੰਧਾਵਾ ਨੇ ਕਿਹਾ ਕਿ ਗਲੀ ਦੀ ਮਨਜ਼ੂਰੀ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਉਨ੍ਹਾਂ ਕਿਹਾ ਕਿ ਕਈ ਵਾਰ ਸਬੰਧਤ ਵਿਭਾਗਾਂ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਸ਼ਿਕਾਇਤਾਂ ਵੀ ਦਿੱਤੀ ਗਈ, ਪਰ ਹਰ ਵਾਰ ਸਿਰਫ ਭਰੋਸੇ ਹੀ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਅਣਦੇਖੀ ਕਾਰਨ ਉਹ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇੜਲੇ ਹੋਰ ਪਿੰਡਾਂ ਵਿਚ ਨਵੀਆਂ ਗਲੀਆਂ ਬਣ ਚੁੱਕਿਆਂ ਹਨ ਜਾਂ ਮੁਰੰਮਤ ਕੀਤੀ ਜਾ ਚੁੱਕੀਆਂ ਹਨ, ਪਰ ਡੋਗਰਾਂਵਾਲ ਦੀ ਗਲੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨਾਲ ਪਿੰਡ ਦੇ ਵਿਕਾਸ ’ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਗਲੀ ਦੇ ਨਿਰਮਾਣ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਗੇ। ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਜਲਦੀ ਹੀ ਸੜਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਇਸ ਲੰਮੇ ਸੰਘਰਸ਼ ਤੋਂ ਰਾਹਤ ਮਿਲ ਸਕੇ। ਇਸ ਮੌਕੇ ਜਗਤਾਰ ਸਿੰਘ, ਦੇਵਾ ਸਿੰਘ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਮੰਗਾ ਸਿੰਘ, ਲੱਛਮਣ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।