ਆਈਟੀ ਤੇ ਇੰਗਲਿਸ਼ ਲੈਂਗਵੇਜ ’ਚ ਮੁਹਾਰਤ ਰੱਖਣ ਵਾਲੇ ਇਨ੍ਹਾਂ ਨੌਜਵਾਨਾਂ ਦੀ ਭਰਤੀ ਦਿੱਲੀ ਦੇ ਕਰੋਲ ਬਾਗ ਦੇ ਆਨਲਾਈਨ ਜਾਬ ਕੰਸਲਟੈਂਟ ’ਚ ਕੀਤੀ ਜਾਂਦੀ ਸੀ। ਇਹ ਕਾਲ ਸੈਂਟਰ ਤਿੰਨ ਮਹੀਨੇ ਹੀ ਚੱਲ ਸਕਿਆ ਕਿਉਂਕਿ ਉੱਥੇ ਪੁਲਿਸ ਪਹੁੰਚ ਗਈ। ਕਾਲ ਸੈਂਟਰ ਦਾ ਮਾਸਟਰਮਾਈਂਡ ਕੋਲਕਾਤਾ ਦਾ ਸ਼ੇਨ ਸੀ। ਇਸ ਮਾਮਲੇ ’ਚ ਕੁਝ ਪੁਲਿਸ ਅਫਸਰਾਂ ਦੀ ਸ਼ਮੂਲੀਅਤ ਦੀ ਗੱਲ ਵੀ ਸਾਹਮਣੇ ਆਈ ਹੈ।
ਜਾਗਰਣ ਟੀਮ, ਕਪੂਰਥਲਾ : ਫਗਵਾੜਾ ਤੋਂ ਫੜਿਆ ਗਿਆ ਗ਼ੈਰਕਾਨੂੰਨੀ ਅੰਤਰਰਾਸ਼ਟਰੀ ਕਾਲ ਸੈਂਟਰ ਵੱਡੇ ਮੁਨਾਫੇ ਦਾ ਅੱਡਾ ਸੀ। ਇਸ ਕਾਲ ਸੈਂਟਰ ਦੀ ਇਕ ਦਿਨ ਦੀ ਕਮਾਈ 20 ਹਜ਼ਾਰ ਅਮਰੀਕੀ ਡਾਲਰ ਸੀ, ਜਿਹੜੀ ਭਾਰਤੀ ਕਰੰਸੀ ’ਚ 17,61,900 ਰੁਪਏ ਦੇ ਬਰਾਬਰ ਹੈ। ਕਾਲ ਸੈਂਟਰ ਇਕ ਕਾਰਪੋਰੇਟ ਕੰਪਨੀ ਵਾਂਗ ਚਲਾਇਆ ਜਾ ਰਿਹਾ ਸੀ। ਸੈਂਟਰ ਤੋਂ ਫੜੇ ਗਏ ਸਾਰੇ 38 ਨੌਜਵਾਨ ਆਈਟੀ ਐਕਸਪਰਟ ਹਨ। ਆਈਟੀ ਤੇ ਇੰਗਲਿਸ਼ ਲੈਂਗਵੇਜ ’ਚ ਮੁਹਾਰਤ ਰੱਖਣ ਵਾਲੇ ਇਨ੍ਹਾਂ ਨੌਜਵਾਨਾਂ ਦੀ ਭਰਤੀ ਦਿੱਲੀ ਦੇ ਕਰੋਲ ਬਾਗ ਦੇ ਆਨਲਾਈਨ ਜਾਬ ਕੰਸਲਟੈਂਟ ’ਚ ਕੀਤੀ ਜਾਂਦੀ ਸੀ। ਇਹ ਕਾਲ ਸੈਂਟਰ ਤਿੰਨ ਮਹੀਨੇ ਹੀ ਚੱਲ ਸਕਿਆ ਕਿਉਂਕਿ ਉੱਥੇ ਪੁਲਿਸ ਪਹੁੰਚ ਗਈ। ਕਾਲ ਸੈਂਟਰ ਦਾ ਮਾਸਟਰਮਾਈਂਡ ਕੋਲਕਾਤਾ ਦਾ ਸ਼ੇਨ ਸੀ। ਇਸ ਮਾਮਲੇ ’ਚ ਕੁਝ ਪੁਲਿਸ ਅਫਸਰਾਂ ਦੀ ਸ਼ਮੂਲੀਅਤ ਦੀ ਗੱਲ ਵੀ ਸਾਹਮਣੇ ਆਈ ਹੈ।
ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਸ਼ਨਿਚਰਵਾਰ ਨੂੰ ਪੁਲਿਸ ਲਾਈਨ ’ਚ ਪ੍ਰੈੱਸ ਕਾਨਫਰੰਸ ’ਚ ਹੁਣ ਤੱਕ ਦੀ ਜਾਂਚ ਦੇ ਸਿੱਟੇ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਜਾਂਚ ’ਚ ਬੈਕਵਰਡ ਲਿੰਕ ਦੁਬਈ, ਦਿੱਲੀ, ਐੱਨਸੀਆਰ, ਕੋਲਕਾਤਾ ਤੇ ਬੈਂਗਲੁਰੂ ਵਰਗੇ ਮਹਾਨਗਰਾਂ ਦੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਹੋਟਲ ਦੇ ਕਿਰਾਏ ’ਤੇ ਲਏ ਗਏ ਹਾਲ ’ਚ ਹਰ ਰੋਜ਼ ਜਦੋਂ ਸ਼ਾਮ ਸੱਤ ਵਜੇ (ਭਾਰਤੀ ਸਮੇਂ ਮੁਤਾਬਕ) ਅਮਰੀਕਾ ਤੇ ਕੈਨੇਡਾ ’ਚ ਸਵੇਰ ਹੁੰਦੀ ਸੀ ਤਾਂ ਕਾਲ ਸੈਂਟਰ ’ਚ ਬਣੇ ਕੈਬਿਨਾਂ ’ਚ ਬੈਠੇ ਕਥਿਤ ਕੰਸਲਟੈਂਟ ਇਨ੍ਹਾਂ ਦੇਸ਼ਾਂ ’ਚ ਕਾਲਿੰਗ ਸ਼ੁਰੂ ਕਰ ਦਿੰਦੇ ਸਨ। ਕਾਲਿੰਗ ਦੇਰ ਰਾਤ ਡੇਢ ਵਜੇ ਤੱਕ ਚੱਲਦੀ ਸੀ। ਪੂਰਾ ਨੈੱਟਵਰਕ ਤਿੰਨ ਫੇਜ਼ਾਂ ’ਚ ਚੱਲਦਾ ਸੀ। ਪਹਿਲੇ ਫੇਜ਼ ’ਚ ਸਾਫਟਵੇਅਰ ਸਾਲਿਊਸ਼ਨ, ਵਾਇਰਸ ਆਉਣ ਜਾਂ ਫਿਰ ਕਿਸੇ ਹੋਰ ਬਹਾਨੇ ਨਾਲ ਕਾਲ ਕੀਤੀ ਜਾਂਦੀ ਸੀ। 20 ’ਚੋਂ ਔਸਤ ਇਕ ਕਾਲ ਹਿੱਟ ਹੋ ਜਾਂਦੀ ਸੀ। ਕਾਲ ਲੈਣ ਵਾਲੇ ਨੂੰ ਕੁਝ ਲਿੰਕ ਭੇਜ ਕੇ ਐਪ ਡਾਊਨਲੋਡ ਕਰਵਾਈ ਜਾਂਦੀ ਸੀ ਤੇ ਫਿਰ ਉਸ ਤੋਂ ਸਕਰੀਨ ਸ਼ੇਅਰ ਕਰਵਾ ਕੇ ਦੂਜੀ ਫੇਜ਼ ’ਚ ਬੈਠੇ ਆਈਟੀ ਐਕਸਪਰਟ ਕੋਲ ਭੇਜ ਦਿੱਤੀ ਜਾਂਦੀ ਸੀ ਜਿੱਥੇ ਉਹ ਉਸ ਵਿਅਕਤੀ ਦੇ ਬੈਂਕ, ਏਟੀਐੱਮ ਆਦਿ ਨਾਲ ਸਬੰਧਤ ਜਾਣਕਾਰੀ ਚੈੱਕ ਕਰਨ ਦੇ ਬਹਾਨੇ ਪਾਸਵਰਡ ਲੈ ਲੈਂਦਾ ਸੀ। ਪਾਸਵਰਡ ਅੱਗੇ ਤੀਜੀ ਫੇਜ਼ ’ਚ ਬੈਠੇ ਅਸਲੀ ਸਾਈਬਰ ਠੱਗ ਕੋਲ ਭੇਜ ਦਿੱਤਾ ਜਾਂਦਾ ਸੀ ਜਿਹੜਾ ਮੋਬਾਈਲ ਹੈਕ ਕਰ ਕੇ ਗਾਹਕ ਦੇ ਖਾਤੇ ’ਚੋਂ ਰਕਮ ਕੱਢ ਲੈਂਦਾ ਸੀ। ਡਰਾਅ-ਧਮਕਾ ਕੇ ਵੀ ਰਕਮ ਉਗਾਹੀ ਜਾਂਦੀ ਸੀ।
ਸੈਂਟਰ ’ਚ ਮਾਹਿਰਾਂ ਦੇ ਜ਼ਿੰਮੇ ਸੀ ਵੱਖ-ਵੱਖ ਆਪ੍ਰੇਸ਼ਨ
ਐੱਸਐੱਸਪੀ ਦੇ ਮੁਤਾਬਕ ਮਾਸਟਰਮਾਈਂਡ ਸ਼ੇਨ ਦੀ ਭਾਲ ’ਚ ਪੁਲਿਸ ਟੀਮਾਂ ਕੋਲਕਾਤਾ ਰਵਾਨਾ ਹੋ ਗਈਆਂ ਹਨ। ਇਸ ਮਾਮਲੇ ’ਚ ਚਾਰ ਹੋਰ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ’ਚ ਇਕ ਲੁਧਿਆਣਾ ਦਾ ਰਹਿਣ ਵਾਲਾ ਹੈ। ਫੜਿਆ ਗਿਆ ਸਾਜਨ ਪੂਰੀ ਮੈਨੇਜਮੈਂਟ ਤੇ ਆਪ੍ਰੇਸ਼ਨ ਨੂੰ ਦੇਖਦਾ ਸੀ। ਜਸਪ੍ਰੀਤ ਸਿੰਘ (ਦਿੱਲੀ) ਭਰਤੀ ਕੀਤੇ ਗਏ ਨੌਜਵਾਨਾਂ ਨੂੰ ਸਾਈਬਰ ਠੱਗੀ ਦੀ ਟ੍ਰੇਨਿੰਗ ਦਿੰਦਾ ਸੀ। ਵਰੁਣ ਟੈਕਨੀਕਲ ਤੇ ਸਿਸਟਮ ਸੰਭਾਲਦਾ ਤੇ ਰੋਹਨ ਮੈਨੇਜਰ ਦੇ ਰੂਪ ’ਚ ਹਰ ਰੋਜ਼ ਦੇ ਆਪ੍ਰੇਸ਼ਨ ਹੈਂਡਲ ਕਰਦਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ’ਚ ਕਿਸੇ ਨੂੰ ਵੀ ਨਹੀਂ ਛੱਡਿਆ, ਸਾਰੇ 38 ਲੋਕ ਪੁਲਿਸ ਦੀ ਹਿਰਾਸਤ ’ਚ ਹਨ। ਫੜੇ ਗਏ 38 ਲੋਕਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਵਿਚ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਿਟਕਾਇਨ, ਗਿਫਟ ਵਾਊਚਰ ਤੇ ਹਵਾਲਾ ਤੋਂ ਹੁੰਦੇ ਹੋਏ ਪਹੁੰਚਦਾ ਸੀ ਕੈਸ਼
ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਕਾਲ ਸੈਂਟਰ ਤੋਂ ਹਰ ਰੋਜ਼ ਕਮਾਏ ਜਾਣ ਵਾਲੇ 20 ਹਜ਼ਾਰ ਯੂਐੱਸ ਡਾਲਰ ਦੀ ਕਮਾਈ ਨੂੰ ਪਹਿਲਾਂ ਡਾਲਰ ਤੋਂ ਕ੍ਰਿਪਟੋ ਕਾਇਨ ਬਿਟਕਾਇਨ ’ਚ ਕਨਵਰਟ ਕੀਤਾ ਜਾਂਦਾ ਸੀ ਜਾਂ ਗਿਫਟ ਵਾਉਚਰ ਦੇ ਰੂਪ ’ਚ ਹਾਸਲ ਕੀਤਾ ਜਾਂਦਾ ਸੀ। ਅੱਗੇ ਇਸ ਰਾਸ਼ੀ ਨੂੰ ਹਵਾਲਾ ਰਾਸ਼ੀ ਤੋਂ ਨਕਦੀ ਦੇ ਰੂਪ ’ਚ ਪ੍ਰਾਪਤ ਕਰ ਲਿਆ ਜਾਂਦਾ ਸੀ।