ਦਿ ਕਲਾਸ ਫੋਰ ਗੌਰਮਿੰਟ ਇੰਪਲਾਈ ਯੂਨੀਅਨ ਨੇ ਕੀਤੀ ਨਾਅਰੇਬਾਜ਼ੀ
ਦੀ ਕਲਾਸ ਫੋਰ ਗੌਰਮਿੰਟ ਇਮਪਲਾਈ ਯੂਨੀਅਨ ਨੇ ਨਾਰੇਬਾਜ਼ੀ ਕਰਕੇ ਅਧਿਕਾਰੀਆਂ ਖਿਲਾਫ ਰੋਸ ਕੀਤਾ ਜਾਹਿਰ
Publish Date: Thu, 18 Dec 2025 10:38 PM (IST)
Updated Date: Thu, 18 Dec 2025 10:39 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਕਪੂਰਥਲਾ ਵੱਲੋਂ ਕਾਰਜਕਾਰੀ ਇੰਜੀਨੀਅਰ ਉਸਾਰੀ ਨੰ-2 ਸਤਿੰਦਰ ਸਿੰਘ ਸੇਖੋਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਕਿਹਾ ਕਿ ਪੰਕਜ ਕੁਮਾਰ ਸਵੀਪਰ ਜੋ ਕਿ ਰੈਸਟ ਹਾਊਸ ਵਿਖੇ ਡਿਊਟੀ ਕਰਦਾ ਹੈ, ਜਿਸ ਕੁਆਰਟਰ ਵਿਚ ਉਹ ਰਹਿ ਰਿਹਾ ਸੀ, ਉਸ ਦੀ ਹਾਲਤ ਬਹੁਤ ਖਸਤਾ ਹੈ। ਇਸ ਨੇ ਐੱਸਸੀ ਕੁਆਰਟਰ ਰਿਪੇਅਰ ਕਰਕੇ ਆਪਣਾ ਸਮਾਨ ਰੱਖ ਲਿਆ ਅਤੇ ਰਿਹਾਇਸ਼ ਕਰ ਲਈ ਪਰ ਉਕਤ ਅਧਿਕਾਰੀ ਵੱਲੋਂ ਇਸ ਕਰਮਚਾਰੀ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ ਕਿ ਉਹ ਕੁਆਰਟਰ ਖਾਲੀ ਕਰ ਦੇਵੇ। ਜਦੋਂ ਯੂਨੀਅਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਮੂਹ ਜਥੇਬੰਦੀ ਦੇ ਆਗੂਆਂ ਵੱਲੋਂ ਦਫਤਰ ਮੂਹਰੇ ਧਰਨਾ ਲਾ ਕੇ ਅਤੇ ਨਾਰੇਬਾਜ਼ੀ ਕਰਕੇ ਉਕਤ ਅਧਿਕਾਰੀ ਦੀ ਨਿਖੇਧੀ ਕੀਤੀ ਗਈ। ਕਾਰਜਕਾਰੀ ਪ੍ਰਧਾਨ ਜਸਵਿੰਦਰ ਪਾਲ ਉੱਗੀ ਨੇ ਕਿਹਾ ਕਿ ਜਦੋਂ ਅਸੀਂ ਇਸ ਬਾਬਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਹ ਦਫਤਰ ਵਿਚ ਗੈਰ ਹਾਜ਼ਰ ਰਿਹਾ। ਜਥੇਬੰਦੀ ਨੇ ਸਰਕਾਰ ਤੋਂ ਪੁਰਜ਼ੋਰ ਬੇਨਤੀ ਕੀਤੀ ਕਿ ਅਜਿਹੇ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਜਿਹਾ ਨਾ ਕੀਤਾ ਗਿਆ ਤਾਂ ਦਫਤਰ ਸਾਹਮਣੇ ਪੱਕੇ ਤੌਰ ’ਤੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀ ਦੀ ਹੋਵੇਗੀ। ਇਸ ਮੌਕੇ ਅਰਜੁਨ ਸੱਭਰਵਾਲ, ਹੌਸਲਾ ਪ੍ਰਸ਼ਾਦ, ਦਿਨੇਸ਼ ਕੁਮਾਰ, ਸੁਖਪਾਲ ਸਿੰਘ, ਸਤਪਾਲ ਭੱਟੀ, ਰਣਜੀਤ ਕੁਮਾਰ ਰਾਣਾ, ਅਮਨ ਕੁਮਾਰ ਅਤੇ ਹੋਰ ਹਾਜ਼ਰ ਸਨ।