ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੈਫਲਾਬਾਦ ਵਿਖੇ 12ਵਾਂ ਮਹਾਨ ਗੁਰਮਤਿ ਸਮਾਗਮ ਸਮਾਗਮ ਕਰਵਾਇਆ

ਸਾਡੇ ਸਿੱਖ ਇਤਿਹਾਸ ਦੇ ਅਨਮੋਲ ਹੀਰੇ ਚਾਰ ਸਾਹਿਬਜ਼ਾਦੇ ਹਨ : ਭਾਈ ਪਿੰਦਰਪਾਲ ਸਿੰਘ
ਬੱਚਿਆਂ ਨੂੰ ਸਾਡੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ : ਸੰਤ ਬਾਬਾ ਲੀਡਰ ਸਿੰਘ ਜੀ
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਸਿੰਘਾਂ, ਸਿੰਘਣੀਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿਚ 12ਵਾਂ ਮਹਾਨ ਗੁਰਮਤਿ ਸਮਾਗਮ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੈਫਲਾਬਾਦ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਜਿਥੇ ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੁਭਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕੁਲਵਿੰਦਰ ਸਿੰਘ ਸਾਬਕਾ ਮੁੱਖ ਅਰਦਾਸੀਏ ਸ੍ਰੀ ਦਰਬਾਰ ਸਾਹਿਬ, ਗਿਆਨੀ ਸੁਖਪ੍ਰੀਤ ਸਿੰਘ ਪਲਾਸੌਰ, ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰ. ਗੁਰਸਰ ਸਾਹਿਬ ਵਾਲਿਆਂ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਉਥੇ ਹੀ ਗਿਆਨੀ ਪਿੰਦਰਪਾਲ ਜੀ ਕਥਾ ਵਾਚਕ ਵੱਲੋਂ ਕਥਾ ਰਾਹੀਂ ਸੰਗਤਾਂ ਨਾਲ ਗੁਰਮਤਿ ਦੀ ਸਾਂਝ ਪਾਈ ਗਈ। ਭਾਈ ਪਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਅੱਜ ਅਸੀਂ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ, ਦੁਖਦਾਈ ਪਰ ਪ੍ਰੇਰਣਾਦਾਇਕ ਪੜਾਅ ਸਫ਼ਰ-ਏ-ਸ਼ਹਾਦਤ ਨੂੰ ਯਾਦ ਕਰਦਿਆਂ ਇਕੱਤਰ ਹੋਏ ਹਾਂ। ਇਸ ਸ਼ਹੀਦੀ ਸਫ਼ਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਵਿਚ ਬਹੁਤ ਸਾਕੇ ਹੋਏ ਹਨ ਪਰ ਸਭ ਤੋਂ ਵੱਡਾ ਸਾਕਾ ਸਰਹਿੰਦ ਦੀਆਂ ਨੀਹਾਂ ਵਿਚ ਵਾਪਰਿਆ, ਜਿਥੇ ਸੂਬਾ ਸਰਹਿੰਦ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਸੂਮ ਬੇਕਸੂਰ ਲਾਲਾਂ ’ਤੇ ਅਥਾਹ ਤਸ਼ੱਦਦ, ਧਮਕੀਆਂ, ਲਾਲਚ, ਸਜ਼ਾ ਦੇ ਕੇ ਜਿਉਂਦੇ ਨੀਂਹਾਂ ਵਿਚ ਚਿਣਵਾ ਦਿੱਤਾ ਪਰ ਸਾਹਿਬਜ਼ਾਦੇ ਆਪਣੇ ਧਰਮ ’ਤੇ ਪਰਪੱਕ ਰਹੇ। ਸਾਨੂੰ ਹਮੇਸ਼ਾ ਸਰਬੰਸਦਾਨੀ ਗੁਰੂ ਪਿਤਾ, ਉਨ੍ਹਾਂ ਦੇ ਪਰਿਵਾਰ ਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਹਮੇਸ਼ਾ ਪ੍ਰੇਰਣਾ ਲੈਣੀ ਚਾਹੀਦੀ ਹੈ। ਸਾਡੇ ਸਿੱਖ ਇਤਿਹਾਸ ਦੇ ਅਨਮੋਲ ਹੀਰੇ ਚਾਰ ਸਾਹਿਬਜ਼ਾਦੇ ਹਨ। ਸਾਨੂੰ ਕਦੇ ਵੀ ਆਪਣੇ ਕੀਮਤੀ ਇਤਿਹਾਸ ਨੂੰ ਵਿਸਾਰਨਾ ਨਹੀਂ ਚਾਹੀਦਾ। ਅੱਜ ਸਾਰੀ ਸਿੱਖ ਕੌਮ ਸਰਹਿੰਦ ਦੀ ਧਰਤੀ ਨੂੰ ਸਜਦਾ ਕਰਨ ਲਈ ਦੇਸ਼-ਵਿਦੇਸ਼ਾਂ ਵਿਚੋਂ ਆ ਰਹੀ ਹੈ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਜੀ ਨੇ ਕਿਹਾ ਕਿ ਸਾਡੇ ਬੱਚਿਆਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਜਗਤ ਮਾਤਾ ਗੁਜਰੀ ਜੀ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਸੰਤ ਬਾਬਾ ਲੀਡਰ ਸਿੰਘ ਜੀ ਵੱਲੋਂ ਰਾਗੀ ਜਥਿਆਂ ਤੇ ਕਥਾਵਾਚਕਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਦੀਪ ਸਿੰਘ ਕਾਨਪੁਰੀ ਵਾਲਿਆਂ ਵੱਲੋਂ ਨਿਭਾਈ ਗਈ। ਸੰਗਤਾਂ ਦੇ ਛਕਣ ਲਈ ਚਾਹ-ਪਾਣੀ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।