ਟੈਲੀ-ਮਾਨਸ ਹਜ਼ਾਰਾਂ ਲੋਕਾਂ ਲਈ ਵਰਦਾਨ ਸਾਬਿਤ ਹੋਇਆ : ਡਾ. ਭਗਤ
ਟੈਲੀ-ਮਾਨਸ, ਹਜ਼ਾਰਾਂ ਲੋਕਾਂ ਲਈ ਵਰਦਾਨ ਸਾਬਿਤ ਹੋਇਆ : ਡਾ. ਭਗਤ
Publish Date: Tue, 10 Feb 2026 08:55 PM (IST)
Updated Date: Tue, 10 Feb 2026 08:56 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਟੈਲੀ ਮਾਨਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਮਾਨਸਿਕ ਤੰਦਰੁਸਤੀ ਵਿਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ 10 ਅਕਤੂਬਰ, 2022 ਨੂੰ ਟੈਲੀ-ਮਾਨਸ ਪ੍ਰੋਜੈਕਟ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਟੈਲੀ-ਮਾਨਸ ਇਕ ਟੋਲ ਫ੍ਰੀ ਹੈਲਪਲਾਈਨ ਹੈ, ਜੋ ਪੂਰੇ ਭਾਰਤ ਵਿਚ 24x7 ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ। ਇਹ 20 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹੈ। ਉਪਭੋਗਤਾ ਟੋਲ ਫ੍ਰੀ ਹੈਲਪਲਾਈਨ ਨੰਬਰ 1800-89-14416 ਜਾਂ 14416 ਰਾਹੀਂ ਟੈਲੀ-ਮਾਨਸ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਪਭੋਗਤਾ ਘਰ ਬੈਠੇ ਆਪਣੇ ਫ਼ੋਨ ਤੇ ਇਸ ਸੇਵਾ ਦਾ ਆਸਾਨੀ ਨਾਲ ਲਾਭ ਉਠਾ ਸਕਦੇ ਹਨ। ਡਾ. ਭਗਤ ਨੇ ਦੱਸਿਆ ਕਿ ਕਾਲਰ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਟੈਲੀ-ਮਾਨਸ ਦੀ ਆਪਣੀ ਇਕ ਮੋਬਾਈਲ ਐਪ ਹੈ, ਜਿਸ ਵਿਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਕਾਲ ਤੇ ਪ੍ਰਦਾਨ ਕੀਤਾ ਜਾਂਦਾ ਹੈ। ਟੈਲੀ-ਮਾਨਸ ਪੰਜਾਬ ਨੂੰ ਇਸ ਸਾਲ 35000 ਤੋ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ ਤੇ ਹਜ਼ਾਰਾਂ ਲੋਕਾਂ ਨੇ ਇਸ ਤੋਂ ਲਾਭ ਉਠਾਇਆ ਹੈ। ਉਨ੍ਹਾਂ ਕਿਹਾ ਕਿ ਟੈਲੀ-ਮਾਨਸ ਦੇ ਉਪਭੋਗਤਾ ਆਪਣੀ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂ ਤੇ ਮਨੋਵਿਗਿਆਨੀ ਨਾਲ ਜੁੜ ਸਕਦੇ ਹਨ। ਟੈਲੀ ਮਾਨਸ ਲੋੜ ਪੈਣ ਤੇ ਵਿਅਕਤੀਗਤ ਤੌਰ ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ। ਇਸ ਵਿਚ ਵੀਡੀਓ ਕਾਲ ਰਾਹੀ ਦਵਾਈ ਬਾਰੇ ਵੀ ਜਾਣਕਾਰੀ ਲਈ ਜਾ ਸਕਦੀ ਹੈ।