“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ
ਅਪਰਾਧੀ ਅਪਰਾਧ ਛੱਡ ਦੇਣ ਜਾਂ ਰਾਜ ਛੱਡ ਦੇਣ
ਅਮਿਤ ਓਹਰੀ, ਪੰਜਾਬੀ ਜਾਗਰਣ
ਫਗਵਾੜਾ : ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ (ਆਈਪੀਐੱਸ) ਨੇ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਅਪਰਾਧ ਮੁਕਤ ਬਣਾਉਣ ਦੇ ਨਾਲ-ਨਾਲ ਸੰਗਠਿਤ ਅਪਰਾਧ ਨੂੰ ਜੜ ਤੋਂ ਖਤਮ ਕਰਨ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਸਾਹਿਬ ਵੱਲੋਂ ਪੁਲਿਸ ਨੂੰ ਹਰ ਤਰੀਕੇ ਨਾਲ ਮਾਡਰਨਾਈਜ਼ ਕੀਤਾ ਜਾ ਰਿਹਾ ਹੈ।
ਐੱਸਐੱਸਪੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਨਾਲ ਜ਼ਿਲ੍ਹੇ ਵਿਚ ਨਸ਼ਾ ਵਿਰੋਧੀ ਮੁਹਿੰਮ ਪਹਿਲਾਂ ਨਾਲੋਂ ਹੋਰ ਤੇਜ਼ੀ ਨਾਲ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਮੁੱਖ ਮਕਸਦ ਰਾਜ ਤੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਕਰਨਾ ਹੈ। ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਪ੍ਰੋਜੈਕਟ ਸੰਪਰਕ ਲੋਕਾਂ ਨਾਲ ਨਜ਼ਦੀਕੀਆਂ ਵਧਾਉਣ, ਸਾਂਝੇਦਾਰੀ ਦਾ ਮਾਹੌਲ ਬਣਾਉਣ ਅਤੇ ਜਨਤਾ ਦੀਆਂ ਸਮੱਸਿਆਵਾਂ ਦਾ ਜ਼ਮੀਨੀ ਪੱਧਰ ‘ਤੇ ਹੱਲ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਤਾਰ ਸਰਗਰਮ ਹੈ ਅਤੇ ਜਨਤਾ ਨਾਲ ਬਿਹਤਰ ਤਾਲਮੇਲ ਰਾਹੀਂ ਨਸ਼ਿਆਂ, ਮਾਫੀਆ, ਗੈਂਗਸਟਰਾਂ ਅਤੇ ਹੋਰ ਅਪਰਾਧਿਕ ਗਤਿਵਿਧੀਆਂ ‘ਤੇ ਕਾਬੂ ਪਾਉਣ ਲਈ ਵਚਨਬੱਧ ਹੈ।
ਐੱਸਐੱਸਪੀ ਗੌਰਵ ਤੂਰਾ ਨੇ ਜ਼ਿਲ੍ਹੇ ਦੀਆਂ ਮਾਣਯੋਗ ਹਸਤੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਨਾ ਕਰਵਾਈ ਜਾਵੇ। ਇਸੇ ਤਰ੍ਹਾਂ ਉਨ੍ਹਾਂ ਜ਼ਿਲ੍ਹੇ ਦੀਆਂ ਸਾਰੀਆਂ ਪੰਚਾਇਤਾਂ ਨੂੰ ਵੀ ਪ੍ਰਸਤਾਵ ਪਾਸ ਕਰਕੇ ਨਸ਼ਾ ਤਸਕਰਾਂ ਦੀ ਜ਼ਮਾਨਤ ਨਾ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਸਾਫ ਕਿਹਾ ਕਿ ਅਪਰਾਧੀਆਂ ਵਿਚ ਪੁਲਿਸ ਦਾ ਡਰ ਹੋਣਾ ਚਾਹੀਦਾ ਹੈ ਕਿ ਜਾਂ ਤਾਂ ਉਹ ਅਪਰਾਧ ਛੱਡ ਦੇਣ ਜਾਂ ਰਾਜ ਛੱਡ ਕੇ ਚਲੇ ਜਾਣ। ਜ਼ਿਲ੍ਹਾ ਪੁਲਿਸ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਦੀ ਸਖ਼ਤੀ ਰਹੇਗੀ ਤਾਂ ਅਪਰਾਧੀਆਂ ਵਿਚ ਡਰ ਬਣਿਆ ਰਹੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਨੂੰ ਪੂਰੀ ਤਰ੍ਹਾਂ ਅਪਰਾਧ ਮੁਕਤ ਬਣਾਉਣਾ ਉਨ੍ਹਾਂ ਦੀਆਂ ਤਰਜੀਹਾਂ ਵਿਚ ਸਭ ਤੋਂ ਉੱਪਰ ਹੈ। ਐੱਸਐੱਸਪੀ ਨੇ ਦੱਸਿਆ ਕਿ ਸਾਲ 2025 ਵਿਚ ਜ਼ਿਲ੍ਹਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੇ ਨਾਲ-ਨਾਲ ਜ਼ਿਲ੍ਹੇ ਨੂੰ ਅਪਰਾਧ ਮੁਕਤ ਬਣਾਉਣ ਵੱਲ ਸ਼ਾਨਦਾਰ ਕੰਮ ਕੀਤਾ ਹੈ ਅਤੇ ਹੁਣ ਸਾਲ 2026 ਵਿਚ ਇਸ ਨੂੰ ਹੋਰ ਵੀ ਬਿਹਤਰ ਅਤੇ ਤੇਜ਼ੀ ਨਾਲ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।
ਨਸ਼ਿਆਂ ਖਿਲਾਫ ਲੜਾਈ ਹੋਰ ਤੇਜ਼ ਹੋਵੇਗੀ
ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਲੜਾਈ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਕਰ ਦਿੱਤਾ ਜਾਂਦਾ। ਆਉਣ ਵਾਲੇ ਦਿਨਾਂ ਵਿਚ ਇਸ ਖਤਰੇ ਦੇ ਵਿਰੁੱਧ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਵਿਵਸਥਾ ਹਰ ਕੀਮਤ ‘ਤੇ ਕਾਇਮ ਰੱਖੀ ਜਾਵੇਗੀ ਅਤੇ ਕਿਸੇ ਵੀ ਅਸਮਾਜਿਕ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਅਧਾਰ ‘ਤੇ ਹੱਲ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਵਿਚ ਪੁਲਿਸਿੰਗ ਹੋਰ ਮਜ਼ਬੂਤ ਹੋ ਸਕੇ।
ਖੁਫੀਆ ਤੰਤਰ ਨੂੰ ਹੋਰ ਮਜ਼ਬੂਤ ਕਰੋ
ਐੱਸਐੱਸਪੀ ਗੌਰਵ ਤੂਰਾ ਨੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਖੁਫੀਆ ਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਖੁਫੀਆ ਤੰਤਰ ਮਜ਼ਬੂਤ ਹੋਵੇਗਾ, ਕਈ ਅਪਰਾਧਾਂ ਬਾਰੇ ਜਾਣਕਾਰੀ ਅਪਰਾਧ ਹੋਣ ਤੋਂ ਪਹਿਲਾਂ ਹੀ ਮਿਲ ਸਕੇਗੀ, ਜਿਸ ਨਾਲ ਅਪਰਾਧਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਗੁੰਡਾਗਰਦੀ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਖ਼ਾਸ ਕਰਕੇ ਗੈਂਗਸਟਰਾਂ ਦੇ ਨਾਮ ‘ਤੇ ਅਪਰਾਧਿਕ ਦੁਨੀਆ ਵਿਚ ਆ ਰਹੇ ਨੌਜਵਾਨਾਂ ‘ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਗੈਂਗਸਟਰਾਂ ਨੂੰ ਆਦਰਸ਼ ਮੰਨਣ ਵਾਲਿਆਂ ਅਤੇ ਉਨ੍ਹਾਂ ਦੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ‘ਤੇ ਲਾਈਕ ਅਤੇ ਕਮੈਂਟ ਕਰਨ ਵਾਲਿਆਂ ‘ਤੇ ਵੀ ਖ਼ਾਸ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ।
ਪਰਿਵਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਉੱਪਰ ਜਨਤਾ ਦੀ ਸੇਵਾ
ਐੱਸਐੱਸਪੀ ਗੌਰਵ ਤੂਰਾ ਕਹਿੰਦੇ ਹਨ ਕਿ ਪੁਲਿਸ ਦੀ ਨੌਕਰੀ ਵਿਚ ਛੁੱਟੀ ਮਿਲਣਾ ਵੱਡੀ ਗੱਲ ਹੁੰਦੀ ਹੈ। ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੀ ਆਪਣੇ ਪਰਿਵਾਰ ਹੁੰਦੇ ਹਨ ਅਤੇ ਕੁਝ ਸਮਾਜਿਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ, ਜੋ ਨਿਭਾਉਣੀਆਂ ਜ਼ਰੂਰੀ ਹੁੰਦੀਆਂ ਹਨ, ਪਰ ਪਰਿਵਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਉੱਪਰ ਜਨਤਾ ਦੀ ਸੇਵਾ ਹੁੰਦੀ ਹੈ। ਇਸ ਸੇਵਾ ਨੂੰ ਨਿਭਾਉਣ ਨਾਲ ਜੋ ਖੁਸ਼ੀ ਮਿਲਦੀ ਹੈ, ਉਸ ਦਾ ਕੋਈ ਮੁਕਾਬਲਾ ਨਹੀਂ। ਪਹਿਲਾਂ ਪੁਲਿਸ ਵਿਚ ਛੁੱਟੀ ਮਿਲਣਾ ਕਾਫ਼ੀ ਮੁਸ਼ਕਲ ਸੀ, ਪਰ ਮੌਜੂਦਾ ਸਮੇਂ ਵਿਚ ਸੀਨੀਅਰ ਅਧਿਕਾਰੀਆਂ ਵੱਲੋਂ ਛੁੱਟੀਆਂ ਨੂੰ ਲੈ ਕੇ ਪੂਰਾ ਸਹਿਯੋਗ ਮਿਲਦਾ ਹੈ। ਇਹ ਮਨੁੱਖੀ ਸੁਭਾਅ ਹੈ ਕਿ ਹਰ ਵਿਅਕਤੀ ਆਪਣੇ ਘਰ-ਪਰਿਵਾਰ ਅਤੇ ਬੱਚਿਆਂ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦਾ ਹੈ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਵੀ ਛੁੱਟੀਆਂ ਲੈਣੀਆਂ ਪੈਂਦੀਆਂ ਹਨ।
ਪੁਲਿਸ ਵਿਚ 24 ਘੰਟੇ, 365 ਦਿਨ ਲਗਾਤਾਰ ਕੰਮ ਕਰਨ ਦੀ ਸਮਰਥਾ
ਸਰਕਾਰੀ ਵਿਭਾਗਾਂ ਦੇ ਵਰਕ ਕਲਚਰ ‘ਤੇ ਗੱਲ ਕਰਦਿਆਂ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਵਿਭਾਗਾਂ ਵਿਚ ਵਰਕ ਕਲਚਰ ਚੰਗਾ ਹੁੰਦਾ ਹੈ, ਪਰ ਪੁਲਿਸ ਵਿਭਾਗ ਦਾ ਕਲਚਰ ਹੋਰ ਵਿਭਾਗਾਂ ਨਾਲੋਂ ਕਾਫ਼ੀ ਵੱਖਰਾ ਹੈ, ਕਿਉਂਕਿ ਪੁਲਿਸ ਵਿਚ 24 ਘੰਟੇ, 365 ਦਿਨ ਦਿਨ-ਰਾਤ ਲਗਾਤਾਰ ਕੰਮ ਕਰਨ ਦੀ ਸਮਰਥਾ ਹੁੰਦੀ ਹੈ। ਪੁਲਿਸ ਦੀ ਇਹ ਸੇਵਾ ਇਹ ਖੁਸ਼ੀ ਵੀ ਦਿੰਦੀ ਹੈ ਕਿ ਅਸੀਂ ਜਨਤਾ ਦੀ ਲਗਾਤਾਰ ਸੇਵਾ ਕਰਨ ਦੇ ਨਾਲ-ਨਾਲ ਨਾ ਕੇਵਲ ਉਨ੍ਹਾਂ ਦੀ ਸੁਰੱਖਿਆ ਕਰਦੇ ਹਾਂ, ਸਗੋਂ ਉਨ੍ਹਾਂ ਨੂੰ ਇਕ ਸ਼ੁੱਧ ਤੇ ਸੁਰੱਖਿਅਤ ਵਾਤਾਵਰਣ ਵੀ ਮੁਹੱਈਆ ਕਰਵਾਉਂਦੇ ਹਾਂ, ਤਾਂ ਜੋ ਉਹ ਸਮਾਜ ਵਿਚ ਨਿਡਰ ਹੋ ਕੇ ਆਪਣਾ ਜੀਵਨ ਬਿਤਾ ਸਕਣ।