ਇਕ ਸੁਲਝੇ ਹੋਏ ਇਨਸਾਨ ਸਨ ਪ੍ਰੋ. ਚਰਨ ਸਿੰਘ
ਭੋਗ ਉੱਤੇ ਵਿਸ਼ੇਸ: ਪ੍ਰੋ ਚਰਨ ਸਿੰਘ
Publish Date: Fri, 09 Jan 2026 08:37 PM (IST)
Updated Date: Fri, 09 Jan 2026 08:39 PM (IST)

ਭੋਗ ’ਤੇ ਵਿਸ਼ੇਸ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਪੰਜਾਬ ਦੇ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰੋ. ਚਰਨ ਸਿੰਘ ਦਾ ਵਿਛੋੜਾ ਪਰਿਵਾਰ ਸਮੇਤ ਸਮੁੱਚੇ ਸੁਲਤਾਨਪੁਰ ਲੋਧੀ ਇਲਾਕੇ ਲਈ ਬੇਹੱਦ ਦੁਖਦਾਈ ਹੈ। ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਪ੍ਰੋ. ਚਰਨ ਸਿੰਘ ਸੁਲਝੇ ਹੋਏ ਇਨਸਾਨ ਸਨ। ਦਰਵੇਸ਼ ਸਿਆਸਤਦਾਨ, ਉੱਚਕੋਟੀ ਦੇ ਸਿੱਖਿਆ ਪ੍ਰਬੰਧਕ ਅਤੇ ਨਿਸ਼ਕਾਮ ਲੋਕ ਸੇਵਕ ਪ੍ਰੋ. ਚਰਨ ਦਾ ਸਮੁੱਚਾ ਜੀਵਨ ਇਮਾਨਦਾਰੀ, ਦਿਆਨਤਦਾਰੀ, ਮਿਹਨਤ, ਲਗਨ ਅਤੇ ਨਿਸ਼ਠਾ ਦੀ ਬਹੁਤ ਹੀ ਖੂਬਸੂਰਤ ਗਾਥਾ ਹੈ। ਮਾਨਵੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਪ੍ਰੋ. ਸਾਹਿਬ ਬਹੁਤ ਹੀ ਮਿਲਾਪੜੇ ਤੇ ਰੰਗਲੇ ਸੱਜਣ ਸਨ। ਸਮਾਜਿਕ ਨਿਆਂ ਅਤੇ ਮਨੁੱਖੀ ਬਰਾਬਰੀ ਦੇ ਅਲੰਬਰਦਾਰ ਵਜੋਂ ਉਨ੍ਹਾਂ ਨੇ ਹਮੇਸ਼ਾ ਹੱਕ, ਸੱਚ ਅਤੇ ਇਨਸਾਫ ਲਈ ਅਵਾਜ਼ ਬੁਲੰਦ ਕੀਤੀ। ਸਮਾਜ ਸੇਵਾ ਅਤੇ ਲੋਕ ਭਲਾਈ ਹੀ ਉਨ੍ਹਾਂ ਦੇ ਜੀਵਨ ਦਾ ਮਿਸ਼ਨ ਸੀ ਅਤੇ ਉਹ ਸਾਰੀ ਉਮਰ ਇਸ ਮਿਸ਼ਨ ਲਈ ਕਾਰਜਸ਼ੀਲ ਰਹੇ। ਉਨ੍ਹਾਂ ਨੂੰ ਮਿਲਣ ਵਾਲਾ ਹਰ ਵਿਅਕਤੀ ਉਨ੍ਹਾਂ ਦੀ ਸਿਆਣਪ, ਨੇਕ ਨੀਅਤ ਸ਼ਰਾਫਤ ਦਾ ਕਾਇਲ ਹੁੰਦਾ ਸੀ। ਆਪਣੇ ਕੈਰੀਅਰ ਦੀ ਸ਼ੁਰੂਆਤ ਵਿਚ ਕੁਝ ਸਮਾਂ ਉਨ੍ਹਾਂ ਕਾਲਜ ਵਿਚ ਪ੍ਰੋਫੈਸਰ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਵੀ, ਜਿਸ ਕਰਕੇ ਪ੍ਰੋਫੈਸਰ ਦਾ ਤਖ਼ੱਲਸ ਉਨ੍ਹਾਂ ਨਾਲ ਪੱਕੇ ਤੌਰ ’ਤੇ ਜੁੜ ਗਿਆ। ਪ੍ਰੋਫੈਸਰ ਚਰਨ ਸਿੰਘ ਜੀ ਨੇ ਜਿੱਥੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਉੱਚੀ ਤਾਲੀਮ ਦਿਵਾ ਕੇ ਸਫ਼ਲਤਾ ਦੇ ਸਿੰਘਾਸਨ ’ਤੇ ਬਿਠਾਇਆ, ਉੱਥੇ ਇਲਾਕੇ ਦੇ ਹੋਰ ਅਨੇਕਾਂ ਨੌਜਵਾਨਾਂ ਦਾ ਰਾਹ ਦਸੇਰਾ ਅਤੇ ਸਹਿਯੋਗੀ ਬਣ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਇਆ। ਉਨ੍ਹਾਂ ਦੇ ਜਾਣ ਨਾਲ ਨਾ ਸਿਰਫ ਪਰਿਵਾਰ ਨੂੰ ਬਲਕਿ ਸਮੁੱਚੇ ਇਲਾਕੇ ਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਸਮਾਜ ਅਤੇ ਆਪਣੇ ਲੋਕਾਂ ਪ੍ਰਤੀ ਉਸਾਰੂ ਪਹੁੰਚ ਅਤੇ ਲੋਕ ਹਿਤੈਸ਼ੀ ਸੋਚ ’ਤੇ ਪਹਿਰਾ ਦੇਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸ਼ਹੀਦ ਊਧਮ ਸਿੰਘ ਟਰੱਸਟ, ਸਹਿਤ ਸਭਾ ਸੁਲਤਾਨਪੁਰ ਲੋਧੀ, ਬਾਰ ਐਸੋਸ਼ੀਏਸ਼ਨ, ਪ੍ਰੈੱਸ ਕਲੱਬ, ਸੰਯੁਕਤ ਕਿਸਾਨ ਮੋਰਚਾ ਸਮੇਤ ਸਮੂਹ ਸਮਾਜ ਸੇਵੀ ਸੰਸਥਾਵਾਂ ਉਸ ਪਾਕਿ-ਪਵਿੱਤਰ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਹਨ। ਉਨ੍ਹਾਂ ਦੀ ਮਿੱਠੀ ਅਤੇ ਪਿਆਰੀ ਯਾਦ ਵਿਚ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਨਿਵਾਸ ਜਲੰਧਰ ਵਿਖੇ 10 ਵਜੇ ਪੈਣਗੇ, ਉਪਰੰਤ ਸ਼ਬਦ-ਕੀਰਤਨ, ਅੰਤਿਮ ਅਰਦਾਸ ਅਤੇ ਭਾਵ-ਭਿੰਨੀ ਸ਼ਰਧਾਂਜਲੀ ਮਿਤੀ 10-1-2026, ਦਿਨ ਸ਼ਨੀਵਾਰ ਨੂੰ 11.30 ਵਜੇ ਗੁਰਦੁਆਰਾ ਸੰਤ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਜ਼ਿਲਾ ਕਪੂਰਥਲਾ (ਬੂਲਪੁਰ-ਟਿੱਬਾ ਰੋਡ) ਵਿਖੇ ਦਿੱਤੀ ਜਾਵੇਗੀ। ਪਰਿਵਾਰ ਵੱਲੋਂ ਸਾਕ-ਸਬੰਧੀਆਂ ਅਤੇ ਸਨੇਹੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵਿੱਛੜੀ ਰੂਹ ਦੀ ਯਾਦ ਵਿਚ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਈਏ ਅਤੇ ਸ਼ਰਧਾ ਦੇ ਫੁੱਲ ਭੇਟ ਕਰੀਏ।