ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਨਹੀਂ ਰਾਜਧਾਨੀ ਬਣਾਇਆ ਜਾਵੇ : ਡਾ. ਬਾਵਾ
ਸ਼੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਨਹੀਂ ਸਗੋਂ ਰਾਜਧਾਨੀ ਬਣਾਇਆ ਜਾਵੇ : ਡਾ. ਐਚਐਸ ਬਾਵਾ
Publish Date: Sat, 22 Nov 2025 09:23 PM (IST)
Updated Date: Sat, 22 Nov 2025 09:25 PM (IST)

ਹਰਵੰਤ ਸਚਦੇਵਾ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਬਹੁਤ ਹੀ ਸ਼ਰਧਾਪੂਰਵਕ 25 ਨਵੰਬਰ 2025 ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਡਾ. ਐੱਚਐੱਸ ਬਾਵਾ ਨੇ ਦਿੰਦਿਆਂ ਦੱਸਿਆ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਣ ਜਾ ਰਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਵੱਲੋਂ ਵਿਧਾਨ ਸਭਾ ਦਾ ਸੈਸ਼ਨ 24 ਨਵੰਬਰ ਨੂੰ ਖਾਲਸੇ ਦੀ ਧਰਤੀ ਅਤੇ ਸਿੱਖਾਂ ਦੀ ਰਾਜਧਾਨੀ ਕਹਿਲਾਉਣ ਵਾਲੇ ਧਾਰਮਿਕ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਪੂਰਾ ਪੰਜਾਬੀ ਅਤੇ ਸਿੱਖ ਜਗਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਇਸ ਸਪੈਸ਼ਲ ਸੈਸ਼ਨ ਵਿਚ ਪੰਜਾਬ ਸਰਕਾਰ ਅਜਿਹਾ ਕੀ ਕਰਨ ਜਾ ਰਹੀ ਹੈ, ਜੋ ਕਿ ਅੱਜ ਤੱਕ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ। ਆਨੰਦਪੁਰ ਸਾਹਿਬ ਦੇ ਜ਼ਿਲ੍ਹਾ ਬਣ ਜਾਣ ਨਾਲ਼ ਵੱਡੀ ਮੱਲ ਮਾਰ ਲੈਣ ਵਾਲੀ ਕੋਈ ਗੱਲ ਨਹੀਂ ਹੈ ਕਿਉਕਿ ਜਦੋਂ ਮੈਂ ਪੜ੍ਹਦਾ ਸੀ ਉਦੋਂ ਪੰਜਾਬ ਦੇ 12 ਜ਼ਿਲੇ ਹੁੰਦੇ ਸਨ ਹੁਣ 23 ਜ਼ਿਲ੍ਹੇ ਹਨ। ਭਾਵ ਇਹ ਕੰਮ ਤਾਂ ਪਹਿਲੀਆਂ ਸਰਕਾਰਾਂ ਵੀ ਕਰ ਚੁੱਕੀਆਂ ਹਨ। ਇਸ ਲਈ ਹੁਣ ਕੁੱਝ ਨਵਾਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਮਾਨ ਸਰਕਾਰ ਦੇ ਇਸ ਸਪੈਸ਼ਲ ਸੈਸ਼ਨ ਵਿਚ ਨੌਵੇਂ ਪਾਤਸ਼ਾਹ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਬੰਧੀ ਵਿਚਾਰਾਂ ਤਾਂ ਹੋਣੀਆਂ ਹੀ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ’ਚ ਰਹਿੰਦੇ ਕੰਮਾਂ ਨੂੰ ਤੁਰੰਤ ਲਾਗੂ ਕਰਨ ਬਾਰੇ ਐਲਾਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ’ਚ ਇਕ ਅਹਿਮ ਔਰਤਾਂ ਨੂੰ ਦਿੱਤੇ ਜਾਣ ਵਾਲੇ 1100 ਰੁਪਏ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਆਨੰਦਪੁਰ ਸਾਹਿਬ ਨੂੰ ਖਾਲਸੇ ਦੀ ਧਰਤੀ ਅਤੇ ਸਿੱਖਾਂ ਦੀ ਰਾਜਧਾਨੀ ਕਿਹਾ ਜਾਂਦਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਬਜਾਏ ਪੰਜਾਬ ਦੀ ਰਾਜਧਾਨੀ ਬਣਾ ਦਿੱਤਾ ਜਾਵੇ ਤਾਂ ਸ. ਭਗਵੰਤ ਸਿੰਘ ਮਾਨ, ਪੰਜਾਬ-ਪੰਜਾਬੀ ਅਤੇ ਸਮੁੱਚੇ ਸਿੱਖ ਜਗਤ ਦੇ ਰੋਲ ਮਾਡਲ ਬਣ ਜਾਣਗੇ।