ਬਸੰਤ ਪੰਚਮੀ ’ਤੇ ਰੰਗ-ਬਿਰੰਗੀਆਂ ਪਤੰਗਾਂ ਤੇ ਡੋਰਾਂ ਨਾਲ ਸਜੀਆਂ ਦੁਕਾਨਾਂ
ਬਸੰਤ ਪੰਚਮੀ ਦੇ ਮੱਦੇਨਜ਼ਰ ਰੰਗ-ਬਿਰੰਗੇ ਪਤੰਗਾਂ ਅਤੇ ਡੋਰਾਂ ਨਾਲ ਸਜੀਆਂ ਦੁਕਾਨਾਂ
Publish Date: Thu, 22 Jan 2026 09:12 PM (IST)
Updated Date: Thu, 22 Jan 2026 09:15 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਸੰਤ ਪੰਚਮੀ ਦੇ ਪਾਵਨ ਤਿਉਹਾਰ ਨੂੰ ਲੈ ਕੇ ਸ਼ਹਿਰ ਮਾਨਸਾ ਚ ਰੌਣਕਾਂ ਆਪਣੇ ਸਿਖਰ ਤੇ ਪਹੁੰਚਦੀਆਂ ਨਜ਼ਰ ਆ ਰਹੀਆਂ ਹਨ। ਬਾਜ਼ਾਰਾਂ ਚ ਰੰਗ-ਬਿਰੰਗੀਆਂ ਪਤੰਗਾਂ, ਚਮਕੀਲੀ ਡੋਰਾਂ ਅਤੇ ਤਿਉਹਾਰੀ ਸਾਮਾਨ ਨਾਲ ਦੁਕਾਨਾਂ ਪੂਰੀ ਤਰ੍ਹਾਂ ਸਜ ਚੁੱਕੀਆਂ ਹਨ। ਬਸੰਤ ਪੰਚਮੀ ਦੇ ਆਉਣ ਨਾਲ ਹੀ ਲੋਕਾਂ ਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਖਾਸ ਕਰ ਕੇ ਬੱਚਿਆਂ ਤੇ ਨੌਜਵਾਨਾਂ ਚ ਪਤੰਗ ਉਡਾਉਣ ਨੂੰ ਲੈ ਕੇ ਵਿਸ਼ੇਸ਼ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਸੜਕਾਂ ਦੇ ਕਿਨਾਰਿਆਂ ਤੇ ਗਲੀਆਂ ਚ ਲੱਗੀਆਂ ਦੁਕਾਨਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਪਤੰਗ ਖਰੀਦਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਵੱਖ-ਵੱਖ ਆਕਾਰਾਂ, ਰੰਗਾਂ ਅਤੇ ਡਿਜ਼ਾਈਨਾਂ ਵਾਲੀਆਂ ਪਤੰਗਾਂ ਲੋਕਾਂ ਦੀ ਖਾਸ ਪਸੰਦ ਬਣੀਆਂ ਹੋਈਆਂ ਹਨ। ਦੁਕਾਨਦਾਰਾਂ ਵੱਲੋਂ ਗੋਲਡਨ, ਚਾਂਦੀ ਵਰਗੇ ਚਮਕੀਲੇ ਰੰਗਾਂ ਦੇ ਨਾਲ-ਨਾਲ ਕਾਰਟੂਨ ਛਪੀਆਂ ਪਤੰਗਾਂ, ਧਾਰਮਿਕ ਚਿੰਨ੍ਹਾਂ ਵਾਲੀਆਂ ਪਤੰਗਾਂ ਅਤੇ ਖਾਸ ਤੌਰ ਤੇ ਤਿਆਰ ਕੀਤੀਆਂ ਮਜ਼ਬੂਤ ਡੋਰਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ-ਜਿਵੇਂ ਬਸੰਤ ਪੰਚਮੀ ਦਾ ਦਿਨ ਨੇੜੇ ਆ ਰਿਹਾ ਹੈ, ਤਿਵੇਂ-ਤਿਵੇਂ ਲੋਕਾਂ ਚ ਪਤੰਗ ਉਡਾਉਣ ਦਾ ਜੋਸ਼ ਹੋਰ ਵਧਦਾ ਜਾ ਰਿਹਾ ਹੈ। ਘਰਾਂ ਦੀਆਂ ਛੱਤਾਂ ਤੇ ਸਫਾਈ ਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕਈ ਪਰਿਵਾਰ ਪਹਿਲਾਂ ਹੀ ਪਤੰਗਾਂ ਤੇ ਡੋਰਾਂ ਦਾ ਸਟਾਕ ਇਕੱਠਾ ਕਰ ਰਹੇ ਹਨ ਤਾਂ ਜੋ ਤਿਉਹਾਰ ਦੇ ਦਿਨ ਕਿਸੇ ਕਿਸਮ ਦੀ ਕਮੀ ਨਾ ਰਹਿ ਜਾਵੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਵਿਕਰੀ ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਕ ਪਤੰਗ ਵਿਕਰੇਤਾ ਨੇ ਦੱਸਿਆ ਕਿ ਬਸੰਤ ਪੰਚਮੀ ਦੇ ਮੌਕੇ ਤੇ ਹਰ ਉਮਰ ਦੇ ਲੋਕ ਪਤੰਗ ਉਡਾਉਣ ਦਾ ਆਨੰਦ ਲੈਂਦੇ ਹਨ, ਜਿਸ ਕਰ ਕੇ ਕਾਰੋਬਾਰ ਚ ਰੌਣਕ ਬਣੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਹਲਕੀਆਂ ਤੇ ਸੁਰੱਖਿਅਤ ਪਤੰਗਾਂ ਰੱਖੀਆਂ ਗਈਆਂ ਹਨ, ਜਦਕਿ ਨੌਜਵਾਨਾਂ ਲਈ ਮਜ਼ਬੂਤ ਡੋਰਾਂ ਅਤੇ ਵੱਡੀਆਂ ਪਤੰਗਾਂ ਦੀ ਮੰਗ ਵੱਧ ਰਹੀ ਹੈ। ਬਸੰਤ ਪੰਚਮੀ ਸਿਰਫ ਮਨੋਰੰਜਨ ਦਾ ਤਿਉਹਾਰ ਹੀ ਨਹੀਂ, ਸਗੋਂ ਧਾਰਮਿਕ ਅਤੇ ਸੰਸਕ੍ਰਿਤਿਕ ਮਹੱਤਤਾ ਵੀ ਰੱਖਦਾ ਹੈ। ਹਿੰਦੂ ਕੈਲੰਡਰ ਮੁਤਾਬਕ ਬਸੰਤ ਪੰਚਮੀ ਹਰ ਸਾਲ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਿਥੀ ਨੂੰ ਮਨਾਈ ਜਾਂਦੀ ਹੈ। ਇਸ ਦਿਨ ਗਿਆਨ, ਬੁੱਧੀ ਅਤੇ ਸੰਗੀਤ ਦੀ ਦੇਵੀ ਮਾਤਾ ਸਰਸਵਤੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਬਸੰਤ ਪੰਚਮੀ ਨੂੰ ਰਿਸ਼ੀ ਪੰਚਮੀ ਵੀ ਕਿਹਾ ਜਾਂਦਾ ਹੈ। ਇਹ ਦਿਨ ਨਵੇਂ ਕਾਰਜਾਂ ਦੀ ਸ਼ੁਰੂਆਤ ਲਈ ਸ਼ੁੱਭ ਮੰਨਿਆ ਜਾਂਦਾ ਹੈ। ਇਸ ਸਾਲ ਬਸੰਤ ਪੰਚਮੀ ਦਾ ਤਿਉਹਾਰ 23 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਚ ਖਾਸ ਉਤਸ਼ਾਹ ਹੈ। ਬਸੰਤ ਪੰਚਮੀ ਦੇ ਮੌਕੇ ਤੇ ਪੀਲੇ ਰੰਗ ਦੀ ਖਾਸ ਮਹੱਤਤਾ ਹੁੰਦੀ ਹੈ। ਲੋਕ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ ਤੇ ਘਰਾਂ ਚ ਪੀਲੇ ਚੌਲ, ਖੀਰ ਤੇ ਹੋਰ ਮਿੱਠੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਬਾਜ਼ਾਰਾਂ ਚ ਵੀ ਪੀਲੇ ਰੰਗ ਦੇ ਕੱਪੜਿਆਂ ਅਤੇ ਸਜਾਵਟੀ ਸਮਾਨ ਦੀ ਮੰਗ ਵਧ ਗਈ ਹੈ।