ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੋਂ ਪੁੱਛਿਆ ਕਿ ਕੀ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਭਾਰਤੀ ਨੌਜਵਾਨਾਂ ਨੂੰ ਇਰਾਕ, ਈਰਾਨ ਅਤੇ ਹੋਰ ਖਾੜੀ ਦੇਸ਼ਾਂ ਵਿੱਚ ਉੱਚੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਦੇ ਝੂਠੇ ਵਾਅਦਿਆਂ ਨਾਲ ਫਸਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਮਨੁੱਖੀ ਤਸਕਰੀ ਦੇ ਜਾਲ ਰਾਹੀਂ ਬੰਧਕ ਬਣਾ ਲਿਆ ਜਾਂਦਾ ਹੈ? ਐਸੇ ਫਰਜ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਸਰਕਾਰ ਕਿਹੜੀ ਕਾਰਵਾਈ ਕਰਨ ਦੀ ਯੋਜਨਾ ਵਿੱਚ ਹੈ?

ਕੁਲਬੀਰ ਸਿੰਘ ਮਿੰਟੂ, ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ/ਨਵੀਂ ਦਿੱਲੀ : ਸੰਸਦ ਦੇ ਚੱਲ ਰਹੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾੜੀ ਦੇਸ਼ਾਂ ਵਿੱਚ ਭਾਰਤੀ ਨੌਜਵਾਨਾਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੇ ਗੰਭੀਰ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਵਿਦੇਸ਼ ਮੰਤਰੀ ਨੂੰ ਦਿੱਤੇ ਆਪਣੇ ਲਿਖਤੀ ਪ੍ਰਸ਼ਨ ਵਿੱਚ ਉਨ੍ਹਾਂ ਦੱਸਿਆ ਕਿ ਮਾਝੇ ਅਤੇ ਦੁਆਬੇ ਦੇ ਕੁਝ ਪ੍ਰਭਾਵਿਤ ਪਰਿਵਾਰਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਇਆ ਹੈ ਕਿ ਟ੍ਰੈਵਲ ਏਜੰਟ ਉੱਚੇ ਤਨਖ਼ਾਹਾਂ ਦਾ ਲਾਲਚ ਦੇ ਕੇ ਬੱਚਿਆਂ ਨੂੰ ਵਿਦੇਸ਼ ਲੈ ਜਾਂਦੇ ਹਨ ਅਤੇ ਉੱਥੇ ਪਹੁੰਚਦੇ ਹੀ ਉਨ੍ਹਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਇਹ ਨੌਜਵਾਨ ਅਮਾਨਵੀ ਤਸ਼ੱਦਦ ਦਾ ਸ਼ਿਕਾਰ ਬਣਦੇ ਹਨ। ਬਹੁਤਿਆਂ ਦੇ ਅਪਮਾਨਜਨਕ ਵੀਡੀਓ ਬਣਾ ਕੇ ਉਨ੍ਹਾਂ ਦੇ ਮਾਪਿਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ।
ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੋਂ ਪੁੱਛਿਆ ਕਿ ਕੀ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਭਾਰਤੀ ਨੌਜਵਾਨਾਂ ਨੂੰ ਇਰਾਕ, ਈਰਾਨ ਅਤੇ ਹੋਰ ਖਾੜੀ ਦੇਸ਼ਾਂ ਵਿੱਚ ਉੱਚੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਦੇ ਝੂਠੇ ਵਾਅਦਿਆਂ ਨਾਲ ਫਸਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਮਨੁੱਖੀ ਤਸਕਰੀ ਦੇ ਜਾਲ ਰਾਹੀਂ ਬੰਧਕ ਬਣਾ ਲਿਆ ਜਾਂਦਾ ਹੈ? ਐਸੇ ਫਰਜ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਸਰਕਾਰ ਕਿਹੜੀ ਕਾਰਵਾਈ ਕਰਨ ਦੀ ਯੋਜਨਾ ਵਿੱਚ ਹੈ?
ਰਾਜ ਸਭਾ ਵਿੱਚ ਪੁੱਛੇ ਇਸ ਲਿਖਤੀ ਪ੍ਰਸ਼ਨ ਦਾ ਜਵਾਬ ਦਿੰਦਿਆਂ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ ਦੇ ਨਾਮ ‘ਤੇ ਭਰਮਿਤ ਕੀਤਾ ਜਾਂਦਾ ਹੈ। ਐਸੀਆਂ ਸ਼ਿਕਾਇਤਾਂ ਮਿਲਦਿਆਂ ਹੀ ਮੰਤਰਾਲਾ ਤੁਰੰਤ ਕਾਰਵਾਈ ਕਰਦਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਇਮੀਗ੍ਰੇਸ਼ਨ ਐਕਟ 1983 ਮੁਤਾਬਕ ਕੋਈ ਵੀ ਟ੍ਰੈਵਲ ਏਜੰਟ ਲਾਇਸੈਂਸ ਤੋਂ ਬਿਨਾਂ ਏਜੰਸੀ ਨਹੀਂ ਚਲਾ ਸਕਦਾ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਅਤੇ ਹੋਰ ਮਾਧਮਾਂ ਰਾਹੀਂ ਚੱਲ ਰਹੇ ਜਾਗਰੂਕਤਾ ਅਭਿਆਨ ਦੇ ਤਹਿਤ ਅਕਤੂਬਰ 2025 ਤੱਕ ਦੇਸ਼ ਭਰ ਵਿੱਚ ਕੁੱਲ 3,505 ਗੈਰ-ਰਜਿਸਟਰਡ ਏਜੰਟਾਂ ਨੂੰ ‘ਈ–ਮਾਈਗ੍ਰੇਟ ਪੋਰਟਲ’ ‘ਤੇ ਦਰਜ ਕੀਤਾ ਗਿਆ ਹੈ। ਮੰਤਰਾਲਾ ਇਸ ਪੋਰਟਲ ਰਾਹੀਂ ਲੋਕਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਬਾਰੇ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਸਮੇਂ ਵਿੱਚ ਵੀ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਿਦੇਸ਼ ਜਾਣ ਲਈ ਜਾਗਰੂਕ ਕੀਤਾ ਜਾਂਦਾ ਰਹੇਗਾ।