ਗਲੀ ’ਚੋਂ ਸਕੂਟਰ ਤੇ ਮੋਟਰਸਾਈਕਲ ਚੋਰੀ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Sat, 06 Dec 2025 11:18 PM (IST)
Updated Date: Sat, 06 Dec 2025 11:21 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਤਿੰਨ ਦੀ ਹੱਦ ’ਚ ਪੈਂਦੇ ਆਵਾ ਮੁਹੱਲਾ ’ਚ ਸਥਿਤ ਘਰਾਂ ਦੇ ਬਾਹਰ ਖੜ੍ਹੇ ਸਕੂਟਰ ਤੇ ਮੋਟਰਸਾਈਕਲ ਚੋਰੀ ਹੋ ਗਏ। ਜਾਣਕਾਰੀ ਅਨੁਸਾਰ ਲੱਕੀ ਵਾਸੀ ਹੈਬੋਵਾਲ ਲੁਧਿਆਣਾ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਵਾ ਮੁਹੱਲਾ ’ਚ ਆਪਣੇ ਸਕੂਟਰ ਨੰਬਰ ਪੀਬੀ-10-ਜੇਐੱਲ-1884 ਉੱਪਰ ਆਇਆ ਸੀ। ਉਸਨੇ ਆਪਣਾ ਸਕੂਟਰ ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਜਦ ਕੁਝ ਸਮਾਂ ਬਾਅਦ ਉਹ ਵਾਪਸ ਜਾਣ ਲਈ ਬਾਹਰ ਨਿਕਲਿਆ ਤਾਂ ਸਕੂਟਰ ਗਾਇਬ ਸੀ। ਉਸਨੇ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਸ ’ਚ ਕਾਮਯਾਬ ਨਹੀਂ ਹੋਇਆ। ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਥਾਣਾ ਨੰਬਰ ਤਿੰਨ ਦੀ ਪੁਲਿਸ ਨੂੰ ਦਿੱਤੀ ਗਈ। ਇਸੇ ਤਰ੍ਹਾਂ ਅਮਨਦੀਪ ਸਿੰਘ ਵਾਸੀ ਸੰਤੋਖਪੁਰਾ ਵੀ ਕਿਸੇ ਕੰਮ ਲਈ ਮੁਹੱਲੇ ’ਚ ਆਇਆ ਸੀ। ਉਸਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ-08-ਡੀਡਬਲੂ-6620 ਘਰ ਦੇ ਬਾਹਰ ਖੜ੍ਹਾ ਕੀਤਾ ਸੀ। ਜਦ ਉਹ ਆਪਣੇ ਕੰਮ ਤੋਂ ਵਿਹਲਾ ਹੋ ਕੇ ਵਾਪਸ ਜਾਣ ਲਈ ਬਾਹਰ ਨਿਕਲਿਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ। ਉਸਨੇ ਆਲੇ ਦੁਆਲੇ ਮੋਟਰਸਾਈਕਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਕਿਧਰੇ ਵੀ ਨਹੀਂ ਮਿਲਿਆ। ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਥਾਣਾ ਨੰਬਰ ਤਿੰਨ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਦੋਵਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।