ਸਕੂਲ ਬੱਸ ਤੇ ਟਰੱਕ ਦੀ ਟੱਕਰ, ਵਾਲ-ਵਾਲ ਬਚੇ ਬੱਚੇ
ਸਵੇਰੇ ਸ਼ਾਮ ਸਕੂਲ ਵੇਲੇ ਕਾਹਲੀ ਨਾਲ ਦੌੜਦੀਆਂ ਸਕੂਲੀ ਬੱਸਾਂ – ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ
Publish Date: Mon, 24 Nov 2025 09:18 PM (IST)
Updated Date: Mon, 24 Nov 2025 09:19 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਡਡਵਿੰਡੀ, ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ’ਚ ਸਵੇਰੇ-ਸ਼ਾਮ ਸਕੂਲੀ ਬੱਸਾਂ ਦੀ ਬੇਪਰਵਾਹ ਰਫ਼ਤਾਰ ਲਗਾਤਾਰ ਚਿੰਤਾ ਦਾ ਕਾਰਨ ਬਣੀ ਹੋਈ ਹੈ। ਨੰਨ੍ਹੇ–ਮੁੰਨ੍ਹੇ ਬੱਚਿਆਂ ਨੂੰ ਸਕੂਲ ਲਿਜਾਣ ਅਤੇ ਘਰ ਛੱਡਣ ਵੇਲੇ ਕਈ ਸਕੂਲੀ ਬੱਸ ਡਰਾਈਵਰ ਹੜਬੜਾਹਟ ਵਿਚ ਇਸ ਤੇਜ਼ੀ ਨਾਲ ਗੱਡੀਆਂ ਚਲਾਉਂਦੇ ਹਨ ਕਿ ਕਿਸੇ ਵੀ ਦਿਨ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿਛਲੇ ਦਿਨੀਂ ਪਿੰਡ ਡਡਵਿੰਡੀ ਵਿਚ ਵਾਪਰੀ ਇਕ ਘਟਨਾ ਨੇ ਇਸ ਚਿੰਤਾ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ । ਦੱਸ ਦੇਈਏ ਕਿ ਪਿਛਲੇ ਦਿਨੀਂ ਪਿੰਡ ਡਡਵਿੰਡੀ ਵਿਚ ਇਕ ਟਾਟਾ 407 ਵਾਹਨ, ਜਿਸ ‘ਤੇ ਜੇਸੀਬੀ ਲੱਦੀ ਹੋਈ ਸੀ, ਦੀ ਬੈਕ ਕਰਦਿਆਂ ਇਕ ਸਕੂਲੀ ਬੱਸ ਨਾਲ ਟਕਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਾਟਾ 407 ਦੇ ਡਰਾਈਵਰ ਨੇ ਬੈਕ ਕਰਦਿਆਂ ਪਿੱਛੋਂ ਆ ਰਹੀ ਸਕੂਲੀ ਬੱਸ ਨੂੰ ਹੱਥ ਨਾਲ ਰੁਕਣ ਦਾ ਇਸ਼ਾਰਾ ਵੀ ਕੀਤਾ ਸੀ, ਪਰ ਬੱਸ ਡਰਾਈਵਰ ਸਵੇਰੇ ਜਲਦੀ ਵਿਚ ਹੋਣ ਕਾਰਨ ਗੱਡੀ ਨੂੰ ਕੰਟਰੋਲ ਨਾ ਕਰ ਸਕਿਆ ਅਤੇ ਬੱਸ ਸਿੱਧੀ ਟਾਟਾ 407 ਦੇ ਉਪਰ ਲੱਦੀ ਹੋਏ ਜੇਸੀਬੀ ਮਸ਼ੀਨ ਦੀ ਹੁੱਕ ਜੋ ਬਾਹਰ ਵੱਲ ਨੂੰ ਸੀ, ਨਾਲ ਜਾ ਟਕਰਾਈ। ਹਾਦਸੇ ਨਾਲ ਸਕੂਲੀ ਬੱਸ ਦੇ ਅੱਗੇ ਵਾਲੇ ਹਿੱਸੇ ਨੂੰ ਕਾਫ਼ੀ ਨੁਕਸਾਨ ਹੋਇਆ ਪਰ ਖ਼ੁਸ਼ਕਿਸਮਤੀ ਇਹ ਰਹੀ ਕਿ ਬੱਸ ਵਿਚ ਮੌਜੂਦ ਸਾਰੇ ਬੱਚੇ ਸੁਰੱਖਿਅਤ ਰਹੇ, ਨਹੀਂ ਤਾਂ ਇਹ ਲਾਪਰਵਾਹੀ ਖਤਰਨਾਕ ਹੋ ਸਕਦੀ ਸੀ। ਹਾਦਸੇ ਤੋਂ ਬਾਅਦ ਦੋਨੋਂ ਡਰਾਈਵਰ ਆਪਸ ਵਿਚ ਉਲਝ ਗਏ। ਮਾਮਲਾ ਵਧਦਾ ਦੇਖਕੇ ਪਿੰਡ ਡਡਵਿੰਡੀ ਦੇ ਸਮਝਦਾਰ ਅਤੇ ਮੁਹਤਬਰ ਵਿਅਕਤੀਆਂ ਨੇ ਮੌਕੇ ਤੇ ਪਹੁੰਚ ਕੇ ਦੋਹਾਂ ਪੱਖਾਂ ਨੂੰ ਸ਼ਾਂਤ ਕਰਕੇ ਮਾਮਲੇ ਨੂੰ ਆਪਸੀ ਸਹਿਮਤੀ ਨਾਲ ਨਿਪਟਵਾ ਦਿੱਤਾ।