ਸਰਬ ਨੌਜਵਾਨ ਸਭਾ ਨੇ ਨੇਤਰਹੀਣ ਆਸ਼ਰਮ ‘ਚ ਮਨਾਈ ਧੀਆਂ ਦੀ ਲੋਹੜੀ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵੱਲੋਂ ‘ਮਾਈ ਭਾਰਤ’ ਕਪੂਰਥਲਾ ਅਤੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਫਗਵਾੜਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੀਡੀਪੀਓ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਨੇਤਰਹੀਨ ਅਤੇ ਨਵ-ਜੰਮੀਆਂ ਬੱਚੀਆਂ ਦੇ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਭਾ ਵੱਲੋਂ ਨਵਜੰਮੀਆਂ ਬੱਚੀਆਂ ਨੂੰ ਸੂਟ ਅਤੇ ਗਰਮ ਕੋਟੀਆਂ ਦਿੱਤੀਆਂ ਗਈਆਂ। ਇਸ ਮੌਕੇ ਬਤੌਰ ਮੁੱਖ ਮਹਿਮਾਨ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸ਼੍ਰੀਮਤੀ ਜੋਤੀ ਬਾਲਾ ਮੱਟੂ ਨਿਗਮ ਕਮਿਸ਼ਨਰ ਹੁਸ਼ਿਆਰਪੁਰ ਅਤੇ ਏਡੀਸੀ ਫਗਵਾੜਾ ਡਾ. ਸ਼ਿਖਾ ਭਗਤ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਮੇਅਰ ਰਾਮਪਾਲ ਉੱਪਲ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਭਾਜਪਾ ਕਿਸਾਨ ਸੈੱਲ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ, ਐੱਨਆਰਆਈ ਜੋਰਾਵਰ ਸਿੰਘ ਮਾਨ, ਅਵਤਾਰ ਸਿੰਘ ਮੱਲ੍ਹੀ, ਹਰਜਿੰਦਰ ਕੌਰ ਮੱਲ੍ਹੀ ਨਿਊਜੀਲੈਂਡ, ਅੰਮ੍ਰਿਤ ਯੂਐੱਸਏ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਪ ਅਤੇ ਸਮਾਜ ਸੇਵਕ ਰਾਜਕੁਮਾਰ ਮੱਟੂ ਮੌਜੂਦ ਰਹੇ। ਸਮੂਹ ਪਤਵੰਤਿਆਂ ਨੇ ਬਿਰਧ ਨੇਤਰਹੀਣ ਆਸ਼ਰਮ ਦੀਆਂ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪੰਜਾਬੀ ਸਭਿਆਚਾਰ ਦੇ ਇਸ ਪ੍ਰਮੁੱਖ ਤਿਉਹਾਰ ਦੇ ਮਹੱਤਵ ਬਾਰੇ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਡਾ. ਰਾਜਕੁਮਾਰ ਚੱਬੇਵਾਲ ਨੇ ਸਭਾ ਅਤੇ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਨੂੰ ਪੁੱਤਰਾਂ ਵਾਂਗੁ ਬਰਾਬਰ ਸਤਿਕਾਰ ਦਾ ਹੱਕ ਦੁਆਉਣ ‘ਚ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਉਪਰਾਲਾ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਅਤੇ ਏਡੀਸੀ ਫਗਵਾੜਾ ਡਾ. ਸ਼ਿਖਾ ਭਗਤ ਨੇ ਕਿਹਾ ਕਿ ਪੰਜਾਬ ਦੇ ਅਮੀਰ ਵਿਰਸੇ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਜਿੱਥੋਂ ਦੇ ਤਿਉਹਾਰ, ਆਪਸੀ ਪਿਆਰ ਤੇ ਸਤਿਕਾਰ, ਵੱਖੋ-ਵੱਖਰੇ ਰੀਤੀ-ਰਿਵਾਜ਼ ਅਤੇ ਪ੍ਰਹੁਣਚਾਰੀ ਦੁਨੀਆ ਭਰ ਵਿਚ ਪ੍ਰਸਿੱਧ ਹੈ। ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਜਦੋਂ ਤੋਂ ਸਮਾਜ ਸੇਵੀ ਜਥੇਬੰਦੀਆਂ ਨੇ ਧੀਆਂ ਦੀ ਲੋਹੜੀ ਮਨਾਉਣ ਦੀ ਰਵਾਇਤ ਸ਼ੁਰੂ ਕੀਤੀ ਹੈ, ਸਮਾਜ ਦੀ ਸੋਚ ਵਿਚ ਕਾਫੀ ਬਦਲਾਅ ਆਇਆ ਹੈ ਪਰ ਫਿਰ ਵੀ ਸਮਾਜ ਨੂੰ ਸਹੀ ਸੇਧ ਦੇਣ ਲਈ ਇਹ ਰਵਾਇਤ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਧੀਆਂ ਅਤੇ ਪੁੱਤਰਾਂ ਨੂੰ ਲੈ ਕੇ ਸਮਾਜ ਵਿਚ ਦੁਬਾਰਾ ਫਰਕ ਨਾ ਪਵੇ। ਭਾਜਪਾ ਆਗੂ ਅਵਤਾਰ ਸਿੰਘ ਮੰਡ ਨੇ ਸਰਬ ਨੌਜਵਾਨ ਸਭਾ ਤੇ ਵੈੱਲਫੇਅਰ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੇ ਸਤਿਕਾਰ ਦੀ ਰਵਾਇਤ ਸਿਰਫ ਸਾਲ ਵਿਚ ਇਕ ਵਾਰ ਲੋਹੜੀ ਮਨਾਉਣ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਲੜਕੀਆਂ ਨੂੰ ਅੱਗੇ ਵਧਣ ਅਤੇ ਆਤਮ-ਨਿਰਭਰ ਬਨਾਉਣ ਲਈ ਯਤਨ ਕਰਨੇ ਹੋਣਗੇ। ਸੀਡੀਪੀਓ ਰਾਜਵਿੰਦਰ ਕੌਰ ਅਤੇ ਹਰਜਿੰਦਰ ਕੌਰ ਮੱਲ੍ਹੀ ਨਿਊਜ਼ੀਲੈਂਡ ਨੇ ਵੀ ਇਸ ਉੱਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਹੁਤ ਹੀ ਘੱਟ ਇਹੋ-ਜਿਹੀਆਂ ਸੰਸਥਾਵਾਂ ਹਨ, ਜਿਹੜੀਆਂ ਲੋਕ ਭਲਾਈ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬੀ ਸਭਿਆਚਾਰ ਦੀ ਗੱਲ ਕਰਦਿਆਂ ਭਾਈਚਾਰਕ ਸਾਂਝ ਦੀ ਮਜ਼ਬੂਤੀ, ਲੜਕੀਆਂ ਨੂੰ ਘਰਾਂ ਅਤੇ ਸਮਾਜ ’ਚ ਬਰਾਬਰੀ ਦਾ ਦਰਜਾ ਦੇਣ ’ਤੇ ਜ਼ੋਰ ਦਿੱਤਾ। ਸਭਾ ਵੱਲੋਂ ਹਾਜ਼ਰੀਨ ਨੂੰ ਲੋਹੜੀ ਦੇ ਸ਼ਗਨ ਵਜੋਂ ਮੂੰਗਫਲੀ, ਰਿਓੜੀਆਂ, ਲੱਡੂ, ਪਿੰਨੀਆਂ ਆਦਿ ਦੀ ਵੰਡ ਕੀਤੀ ਗਈ। ਇਸ ਦੌਰਾਨ ਲੋਹੜੀ ਦੀ ਧੂਣੀ ਜਲਾਈ ਗਈ। ਸਮੂਹ ਪਤਵੰਤਿਆਂ ਨੇ ਲੋਕ ਗੀਤਾਂ ਨਾਲ ਸਮਾਂ ਬੰਨ੍ਹਿਆ। ਪਤਵੰਤਿਆਂ ਅਤੇ ਪ੍ਰਬੰਧਕਾਂ ਵੱਲੋਂ ਗਿੱਧਾ, ਬੋਲੀਆਂ ਭੰਗੜਾ ਤੋਂ ਇਲਾਵਾ ਲੋਹੜੀ ਦੇ ਗੀਤ ਗਾਏ ਗਏ। ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੇ ਰਵਾਇਤੀ ਲੋਕ ਗੀਤਾਂ ਰਾਹੀਂ ਲੋਹੜੀ ਮੰਗਣ ਦਾ ਸ਼ਗਨ ਪੂਰਾ ਕੀਤਾ। ਅਖੀਰ ਵਿਚ ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵੱਲੋਂ ਨਿਭਾਈ ਗਈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਸਪਰੋੜ, ਆਪ ਆਗੂ ਗੁਰਦੀਪ ਸਿੰਘ ਦੀਪਾ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਚਰਨਜੀਤ ਸ਼ੇਰਗਿਲ, ਡਾ. ਵਿਜੇ ਕੁਮਾਰ, ਰਵਿੰਦਰ ਸਿੰਘ ਰਾਏ, ਆਰਪੀ ਸ਼ਰਮਾ, ਜਗਜੀਤ ਸੇਠ, ਨਰਿੰਦਰ ਸਿੰਘ ਸੈਣੀ, ਮਦਨ ਕੋਰੋਟਾਨੀਆ, ਸਾਹਿਬਜੀਤ ਸਾਬੀ, ਰਣਜੀਤ ਸਿੰਘ ਬੇਦੀ, ਪ੍ਰੋਫੈਸਰ ਸੋਨੀ ਆਨੰਦ, ਕਵੀ ਹਰਚਰਨ ਭਾਰਤੀ, ਮਨੋਹਰ ਸਿੰਘ ਤਲਵਾੜ, ਪਰਮਜੀਤ ਸਿੰਘ ਮਾਨ, ਰਣਜੀਤ ਬੇਦੀ, ਅਸ਼ੋਕ ਡੀਪੀ, ਅਨੂਪ ਦੁੱਗਲ, ਵਿਜੇਂਦਰ ਸ਼ਰਮਾ, ਗੁਲਸ਼ਨ ਕਪੂਰ, ਰੌਬੀ ਕੰਗ, ਗੁਰਸ਼ਰਨ ਸਿੰਘ ਬਾਸੀ, ਮੁਖਤਿਆਰ ਸਿੰਘ, ਸੁਖਦੇਵ ਸਿੰਘ ਗੰਡਵਾਂ, ਸ਼ੁਭਮ ਸ਼ਰਮਾ, ਵਿੱਕੀ ਸਿੰਘ, ਲਾਇਨ ਗੁਰਦੀਪ ਸਿੰਘ ਕੰਗ, ਰਮਨ ਨਹਿਰਾ, ਰਘਬੀਰ ਕੌਰ ਮਹਿਲਾ ਕੋਆਡੀਨੇਟਰ ਆਪ ਪਾਰਟੀ, ਵੋਕੇਸ਼ਨਲ ਸੈਂਟਰ ਸਟਾਫ ਲੱਛਮੀ, ਗੁਰਜੀਤ ਕੌਰ, ਖੁਸ਼ੀ, ਆਸ਼ੂ ਬੱਗਾ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਵੀ ਹਾਜ਼ਰ ਸਨ।