ਸੰਤ ਸੀਚੇਵਾਲ ਨੇ ਕੈਂਸਰ ਪੀੜ੍ਹਤਾਂ ਦੀ ਆਰਥਿਕ ਮੱਦਦ ਕਰਨ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਿਆ

ਕੈਂਸਰ ਦੇ ਸ਼ੂਰਆਤੀ ਲੱਛਣਾਂ ਨੂੰ ਦੇਖਦਿਆ ਸਰਕਾਰੀ ਮਦਦ ਨਾਲ ਇਲਾਜ ਕਰਨ ਦੇ ਮੰਗੇ ਵੇਰਵੇ
ਪ੍ਰਧਾਨ ਮੰਤਰੀ ਅਰੋਗਿਆ ਯੋਜਨਾ ਤਹਿਤ ਪ੍ਰਤੀ ਪਰਿਵਾਰ 5 ਲੱਖ ਦੀ ਸਹਾਇਤਾ ਦੇਣ ਦਾ ਦਾਅਵਾ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਦੇ ਚੱਲ ਰਹੇ ਬਜਟ ਸ਼ੈਸ਼ਨ ਦੌਰਾਨ ਕੈਂਸਰ ਪੀੜਤਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਹੈ। ਉਨ੍ਹਾਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੂੰ ਸਵਾਲ ਪੁੱਛਿਆ ਕਿ ਉਹ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦੇ ਸ਼ੁਰੂਆਤੀ ਪੜਾਅ ਵਿਚ ਪਛਾਣ ਕਰਨ ਲਈ ਕੀ ਕਦਮ ਚੁੱਕੇ ਹਨ ਤੇ ਖ਼ਾਸ ਕਰਕੇ ਕੈਂਸਰ ਤੋਂ ਪੀੜਤ ਗਰੀਬਾਂ ਤੇ ਹੋਰ ਹਾਸ਼ੀਏ ‘ਤੇ ਧੱਕੀਆਂ ਸ਼੍ਰੇਣੀਆਂ ਲਈ ਸਰਕਾਰ ਨੇ ਕੀ ਕਦਮ ਚੁੱਕੇ ਹਨ? ਸੰਤ ਸੀਚੇਵਾਲ ਨੇ ਕੇਂਦਰੀ ਸਿਹਤ ਮੰਤਰੀ ਨੂੰ ਸਵਾਲ ਕਰਦਿਆਂ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ ਆਰਥਿਕ ਤੌਰ ‘ਤੇ ਕਮਜ਼ੋਰ ਕੈਂਸਰ ਪੀੜਤਾਂ ਲਈ ਸਰਕਾਰੀ ਜਾਂ ਨਿੱਜੀ ਹਸਪਤਾਲਾਂ ਵਿਚ ਤੁਰੰਤ ਇਲਾਜ ਸ਼ੁਰੂ ਕਰਨ ਦੇ ਕੋਈ ਦਿਸ਼ਾ-ਨਿਰਦੇਸ਼ ਦਿੱਤੇ ਹਨ? ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਜੇਕਰ ਅਜਿਹੇ ਦਿਸ਼ਾ-ਨਿਰਦੇਸ਼ ਦਿੱਤੇ ਹਨ ਤਾਂ ਉਸ ਦਾ ਵੇਰਵਾ ਦੇਵੇ ਜੇ ਨਹੀਂ ਦਿੱਤੇ ਤਾਂ ਇਸ ਦੇ ਕੀ ਕਾਰਨ ਹਨ?
ਸੰਤ ਸੀਚੇਵਾਲ ਨੇ ਇਸੇ ਸਵਾਲ ਦੇ ਅਖੀਰ ਵਿਚ ਇਲਾਜ ਕਰਵਾ ਰਹੇ ਕੈਂਸਰ ਪੀੜਤਾਂ ਨੂੰ ਬਚਾਉਣ ਦੀ ਦਰ ਵਿਚ ਸੁਧਾਰ ਕਰਨ ਬਾਰੇ ਵੀ ਪੁੱਛਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਉਹ ਕਿਹੜੀਆਂ ਨੀਤੀਆਂ ਹਨ, ਜਿਸ ਨਾਲ ਕੈਂਸਰ ਪੀੜਤ ਮਰੀਜ਼ਾਂ ਦੀ ਬਚਣ ਦਰ ਵਿਚ ਸੁਧਾਰ ਕੀਤਾ ਜਾ ਸਕਦਾ ਹੈ?
ਕੇਂਦਰੀ ਸਿਹਤ ਮੰਤਰੀ ਨੇ ਇਸ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਕੈਂਸਰ ਦੇ ਇਲਾਜ ਲਈ ਸੂਚੀਬੱਧ ਜਨਤਕ ਹਸਪਤਾਲਾਂ ਤੇ ਨਿੱਜੀ ਹਸਪਤਾਲਾਂ ਵਿਚ 5 ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜਨ ਔਸ਼ਧੀ ਪਰਿਯੋਜਨਾ ਤਹਿਤ ਸਸਤੀਆਂ ਦਰਾਂ ’ਤੇ ਕੈਂਸਰ ਦੇ ਇਲਾਜ ਦੀਆਂ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਕੇਂਦਰੀ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ਵਿਚ ਕੈਂਸਰ ਦੀ ਖੋਜ, ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 6 ਹਸਪਤਾਲ ਸਥਾਪਤ ਕੀਤੇ ਗਏ। ਇਹ ਹਸਪਤਾਲ ਸੰਗਰੂਰ, ਨਿਊ ਚੰਡੀਗੜ੍ਹ, ਵਾਰਾਣਸੀ, ਮੁਜ਼ੱਫਰਪੁਰ, ਗੁਹਾਟੀ ਤੇ ਵਿਸਾਖਾਪਟਨਮ ਸ਼ਾਮਲ ਹਨ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਬਣਨ ਵਾਲੇ 22 ਹੋਰ ਏਮਜ਼ ਹਸਪਤਾਲਾਂ ਨੂੰ ਮਨਜੂਰੀ ਦਿੱਤੀ ਗਈ ਹੈ। ਸਰਕਾਰ ਨੇ ਇਹ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮੁਫ਼ਤ ਦਵਾਈਆਂ ਤੇ ਮੁਫ਼ਤ ਡਾਇਗਨਸਟਿਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਮਰੀਜ਼ ਤੇ ਉਸ ਦੇ ਪਰਿਵਾਰ ਦੀ ਜੇਬ ‘ਤੇ ਵਾਧੂ ਬੋਝ ਨਾ ਪਵੇ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਨੇ ਕਈ ਵਾਰ ਕਿਹਾ ਹੈ ਕਿ ਕੈਂਸਰ ਦਾ ਇਲਾਜ ਸਿਰਫ਼ ਹਸਪਤਾਲਾਂ ਰਾਹੀਂ ਨਹੀਂ ਕੀਤਾ ਜਾ ਸਕਦਾ; ਇਸ ਦੀਆਂ ਜੜ੍ਹਾਂ ਜ਼ਹਿਰੀਲੀ ਹਵਾ, ਦੂਸ਼ਿਤ ਪਾਣੀ ਤੇ ਮਿੱਟੀ ਵਿਚ ਪਾਏ ਜਾ ਰਹੇ ਖਤਰਨਾਕ ਰਸਾਇਣਾਂ ਵਿਚ ਹਨ। ਕੀਟਨਾਸ਼ਕਾਂ ਤੇ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਹੌਲੀ-ਹੌਲੀ ਮਿੱਟੀ ਦੀ ਉਪਜਾਊ ਸ਼ਕਤੀ ਘਟਾ ਰਹੀਆਂ ਹਨ ਤੇ ਉਹੀ ਜ਼ਹਿਰ ਸਾਡੀਆਂ ਪਲੇਟਾਂ ਰਾਹੀਂ ਸਾਡੇ ਸਰੀਰ ਵਿਚ ਦਾਖਲ ਹੋ ਰਹੀਆਂ ਹਨ।