ਛੋਟੇ ਕਿਸਾਨਾਂ ਦੀਆਂ ਉਮੀਦਾਂ ਨੂੰ ਜਿਊਂਦਾ ਰੱਖ ਰਹੇ ਨੇ ਸੰਤ ਸੀਚੇਵਾਲ
ਸੰਤ ਸੀਚੇਵਾਲ ਵੱਲੋਂ ਛੋਟੇ ਕਿਸਾਨਾਂ ਦੀ ਕਣਕ ਬੀਜਣ ਵਿੱਚ ਤਰਜੀਹ — ਛੋਟੇ ਕਿਸਾਨਾਂ ਦੀਆਂ ਉਮੀਦਾਂ ਨੂੰ ਜਿਊਂਦਾ ਰੱਖ ਰਹੇ ਹਨ ਸੀਚੇਵਾਲ
Publish Date: Fri, 28 Nov 2025 08:10 PM (IST)
Updated Date: Fri, 28 Nov 2025 08:11 PM (IST)

ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਾਊਪੁਰ ਮੰਡ ਖੇਤਰ ਵਿੱਚ ਛੋਟੇ ਕਿਸਾਨਾਂ ਦੀ ਕਣਕ ਬੀਜਣ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਖਾਸ ਤਰਜੀਹ ਦਿੱਤੀ ਜਾ ਰਹੀ ਹੈ। ਅੱਜ ਸਵੇਰੇ ਉਹਨਾਂ ਨੇ ਇੱਥੇ ਹੀ ਛੋਟੇ ਕਿਸਾਨ ਅੰਮ੍ਰਿਤਪਾਲ ਸਿੰਘ ਦੀ ਸਾਢੇ ਤਿੰਨ ਏਕੜ ਜ਼ਮੀਨ ਵਿੱਚ ਆਪਣੇ ਹੱਥੀਂ ਕਣਕ ਦੀ ਬਿਜਾਈ ਕੀਤੀ। ਇਸ ਮੌਕੇ ਬਾਊਪੁਰ ਪਿੰਡ ਦੇ ਇਕੱਠੇ ਹੋਏ ਹੋਰ ਕਿਸਾਨਾਂ ਨੇ ਵੀ ਸੰਤ ਸੀਚੇਵਾਲ ਅੱਗੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਹਨਾਂ ਵਰਗੇ 2.5 ਤੋਂ 3 ਏਕੜ ਵਾਲੇ ਛੋਟੇ ਕਿਸਾਨਾਂ ਨੂੰ ਸਭ ਤੋਂ ਵੱਧ ਮਦਦ ਦੀ ਲੋੜ ਹੁੰਦੀ ਹੈ। ਬਾਊਪੁਰ ਜਦੀਦ ਦੇ ਗੁਰਮੇਲ ਸਿੰਘ ਅਤੇ ਜੈਲ ਸਿੰਘ ਦੋਵੇਂ ਸਕੇ ਭਰਾਵਾਂ ਨੇ ਆਪਣੀ ਡੇਢ-ਡੇਢ ਏਕੜ ਜ਼ਮੀਨ ਹੜ੍ਹ ਵਿਚ ਗੁਆ ਲਈ ਸੀ। ਉਨ੍ਹਾਂ ਦੱਸਿਆ ਕਿ ਜ਼ਮੀਨ ‘ਤੇ ਚੜ੍ਹੀ ਗਾਰ ਨੂੰ ਕੱਢਣਾ ਵੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ ਤੇ ਕਣਕ ਬੀਜਣ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਸੀ। ਉਹ ਕਹਿੰਦੇ ਹਨ ਕਿ ਸੰਤ ਸੀਚੇਵਾਲ ਉਹਨਾਂ ਲਈ ਮਸੀਹੇ ਵਾਂਗ ਆਏ ਪਹਿਲਾਂ ਜ਼ਮੀਨ ਪੱਧਰੀ ਕਰਾਈ ਤੇ ਫਿਰ ਕਣਕ ਦੀ ਬਿਜਾਈ ਕਰਵਾ ਕੇ ਉਨ੍ਹਾਂ ਦੀ ਉਮੀਦ ਮੁੜ ਜਗਾਈ। ਕਿਸਾਨ ਗੁਰਲਾਲ ਸਿੰਘ, ਜਿਸਦੀ ਦੋ ਏਕੜ ਜ਼ਮੀਨ ਹੈ, ਨੇ ਵੀ ਆਪਣੀ ਪੀੜ ਸਾਂਝੀ ਕੀਤੀ। ਉਸ ਦਾ ਕਹਿਣਾ ਸੀ ਕਿ ਉਸ ਦਾ ਝੋਨੇ ਦਾ ਪੁਰਾਲਾ ਹੜ੍ਹ ਨਾਲ ਨਾਸਤ ਹੋ ਗਿਆ ਸੀ ਤੇ ਜ਼ਮੀਨ ਵਿੱਚ ਇੰਨੀ ਰੇਤ ਚੜ੍ਹ ਗਈ ਸੀ ਕਿ ਉਹ ਆਪਣੇ ਸਧਾਨਾਂ ਨਾਲ ਇਸ ਨੂੰ ਹਟਾਉਣਾ ਸੰਭਵ ਹੀ ਨਹੀਂ ਸੀ। ਉਹ ਕਹਿੰਦਾ ਹੈ ਕਿ ਉਸ ਦਾ ਪਰਿਵਾਰ ਦੁਬਾਰਾ ਆਪਣਾ ਘਰ ਚਲਾਉਣ ਜੋਗਾ ਹੋਇਆ ਤਾਂ ਸਿਰਫ਼ ਸੰਤ ਸੀਚੇਵਾਲ ਦੀ ਸਮੇਂ ਸਿਰ ਕੀਤੀ ਮਦਦ ਕਰ ਕੇ۔ਟਰੈਕਟਰਾਂ ਅਤੇ ਜੇਸੀਬੀ ਮਸ਼ੀਨਾਂ ਦੀ ਦੇਖ-ਰੇਖ ਕਰ ਰਹੇ ਜਰਨੈਲ ਸਿੰਘ ਅਤੇ ਸਤਿੰਦਰ ਸਿੰਘ ਬੱਗਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ 20 ਦਿਨਾਂ ਵਿੱਚ ਮਸ਼ੀਨਾਂ ’ਤੇ ਤਕਰੀਬਨ 20 ਲੱਖ ਰੁਪਏ ਦਾ ਤੇਲ ਖਰਚ ਹੋ ਚੁੱਕਾ ਹੈ। ਰੋਜ਼ਾਨਾ ਲਗਭਗ ਇੱਕ ਲੱਖ ਰੁਪਏ ਦਾ ਤੇਲ ਲੱਗ ਰਿਹਾ ਹੈ। ਜਰਨੈਲ ਸਿੰਘ ਮੁਤਾਬਕ, ਉਸ ਦੀ ਨਿਗਰਾਨੀ ਹੇਠ ਦੋ ਜੇਸੀਬੀ ਮਸ਼ੀਨਾਂ ਅਤੇ ਪੰਜ ਟਰੈਕਟਰ ਲਗਾਤਾਰ ਚੱਲ ਰਹੇ ਹਨ। ਟਰੈਕਟਰਾਂ ਨਾਲ ਛੋਟੇ ਕਿਸਾਨਾਂ ਦੀ ਜ਼ਮੀਨ ਵਾਹੀ ਕੀਤੀ ਜਾ ਰਹੀ ਹੈ, ਜਦਕਿ ਜੇਸੀਬੀ ਮਸ਼ੀਨਾਂ ਨਾਲ ਸ਼ਾਂਗੜਾ ਪਿੰਡ ਦੇ ਨੇੜੇ ਆਰਜ਼ੀ ਬੰਨ੍ਹ ਨੂੰ ਉੱਚਾ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਗੁਰਦੇਵ ਸਿੰਘ ਫੌਜੀ ਨੇ ਕਿਹਾ ਕਿ ਸੰਤ ਸੀਚੇਵਾਲ ਲਈ ਕੋਈ ਕਿਸਾਨ ਛੋਟਾ ਜਾਂ ਵੱਡਾ ਨਹੀਂ ਹੁੰਦਾ ਉਹ ਹਰ ਮਿਹਨਤੀ ਕਿਸਾਨ ਦੀ ਕਿਰਤ ਨੂੰ ਪਹਿਲ ਦਿੰਦੇ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਉਹ ਆਪਣੇ ਹੱਥੀਂ ਸੇਵਾ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਆਮ ਤੌਰ ’ਤੇ ਛੋਟੇ ਕਿਸਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ, ਪਰ ਸੰਤ ਸੀਚੇਵਾਲ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਦਰਦ ’ਤੇ ਮਲਮ ਲਗਾਉਣ ਲਈ ਪਹੁੰਚਦੇ ਹਨ ਤਾਂ ਜੋ ਉਹ ਮਾਣ ਨਾਲ ਖੜ੍ਹੇ ਹੋ ਸਕਣ।ਇਸ ਤੋਂ ਇਲਾਵਾ, ਸੰਤ ਸੀਚੇਵਾਲ ਜੀ 5 ਤੋਂ 10 ਏਕੜ ਜ਼ਮੀਨ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੀ ਪੱਧਰੀ ਕਰਕੇ ਕਣਕ ਦੀ ਬਿਜਾਈ ਕਰਵਾ ਚੁੱਕੇ ਹਨ।