ਰਿਟਾਇਰਡ ਐੱਸਆਈ ਨੇ ਸ਼ੱਕੀ ਹਾਲਾਤ ’ਚ ਕੀਤੀ ਖੁਦਕੁਸ਼ੀ
ਆਪਣੀ ਲਾਈਸੈਂਸੀ ਰਿਵਾਲਵਰ ਨਾਲ
Publish Date: Sun, 18 Jan 2026 09:42 PM (IST)
Updated Date: Sun, 18 Jan 2026 09:46 PM (IST)
ਆਪਣੀ ਲਾਈਸੈਂਸੀ ਰਿਵਾਲਵਰ ਨਾਲ ਮਾਰੀ ਗੋਲੀ, ਘਰ ’ਚ ਮੌਜੂਦ ਸਨ ਪਰਿਵਾਰਕ ਮੈਂਬਰ
ਫਗਵਾੜਾ : ਸਥਾਨਕ ਗੁਰੂ ਨਾਨਕਪੁਰਾ ’ਚ ਰਹਿਣ ਵਾਲੇ ਪੰਜਾਬ ਪੁਲਿਸ ਦੇ ਰਿਟਾਇਰਡ ਸਬ ਇੰਸਪੈਕਟਰ (ਐੱਸਆਈ) ਨੇ ਸ਼ੱਕੀ ਹਾਲਾਤ ’ਚ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ (70) ਪੁੱਤਰ ਚਰਨ ਸਿੰਘ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਦੇ ਰੂਪ ’ਚ ਹੋਈ ਹੈ। ਮਾਮਲੇ ਦੀ ਸੂਚਨਾ ਮਿਲਨ ਤੋਂ ਬਾਅਦ ਥਾਣਾ ਸਿਟੀ ਦੇ ਏਐੱਸਆਈ ਦਰਸ਼ਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਤੇ ਮਾਮਲੇ ਨੂੰ ਲੈ ਕੇ ਮ੍ਰਿਤਕ ਸਬ ਇੰਸਪੈਕਟਰ ਦੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਹਾਸਲ ਕੀਤੀ। ਪੁਲਿਸ ਨੇ ਮ੍ਰਿਤਕ ਸਬ ਇੰਸਪੈਕਟਰ ਕਰਮਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ।
ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਬ ਇੰਸਪੈਕਟਰ ਕਰਮਜੀਤ ਸਿੰਘ ਸਾਲ 2015 ’ਚ ਪੁਲਿਸ ਵਿਭਾਗ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਦੇ ਦੋ ਲੜਕੇ ਤੇ ਇਕ ਲੜਕੀ ਹੈ। ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਸ਼ੁਰੂਆਤੀ ਜਾਂਚ ’ਚ ਪਤਾ ਲਗਾਇਆ ਕਿ ਐਤਵਾਰ ਨੂੰ ਕਰਮਜੀਤ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਘਰ ’ਚ ਹੀ ਮੌਜੂਦ ਸੀ। ਸ਼ਾਮ ਨੂੰ ਉਹ ਘਰ ’ਚ ਆਪਣੇ ਕਮਰੇ ’ਚ ਚਲੇ ਗਏ ਤੇ ਕੁਝ ਦੇਰ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ੀਸ਼ੇ ਤੋਂ ਕਮਰੇ ’ਚ ਦੇਖਿਆ ਤਾਂ ਕਰਮਜੀਤ ਸਿੰਘ ਖੂਨ ਨਾਲ ਲਥਪਥ ਜ਼ਮੀਨ ’ਤੇ ਡਿੱਗੇ ਹੋਏ ਸਨ। ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਰਿਟਾਇਰਡ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਆਪਣੀ ਸੱਜੀ ਕਨਪਟੀ ’ਤੇ ਗੋਲੀ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਸੂਤਰ ਦੱਸਦੇ ਹਨ ਕਿ ਪੁਲਿਸ ਵਿਭਾਗ ’ਚ ਨੌਕਰੀ ਦੌਰਾਨ ਇਕ ਮਾਮਲੇ ਨੂੰ ਲੈ ਕੇ ਮਾਣਯੋਗ ਅਦਾਲਤ ’ਚ ਚੱਲ ਰਹੇ ਇਕ ਮਾਮਲੇ ਨੂੰ ਲੈ ਕੇ ਉਹ ਮਾਨਸਿਕ ਤਣਾਅ ’ਚ ਵੀ ਸਨ। ਹਾਲਾਂਕਿ ਖੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।