ਰੈਜ਼ੀਡੈਂਟ ਡਾਕਟਰਾਂ ਨੇ ਕੰਮਕਾਜ

ਰੈਜ਼ੀਡੈਂਟ ਡਾਕਟਰਾਂ ਨੇ ਕੰਮਕਾਜ ਕੀਤਾ ਠੱਪ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣlਜਲੰਧਰ : ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਡੀਐੱਨਬੀ ਕਰ ਰਹੇ ਤੇ ਰੈਜ਼ੀਡੈਂਟ ਡਾਕਟਰਾਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਾ ਮਿਲਣ ਤੇ ਲੰਬੇ ਸਮੇਂ ਤੋਂ ਚੱਲ ਰਹੀ ਹੋਸਟਲ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਬੁੱਧਵਾਰ ਨੂੰ ਉਨ੍ਹਾਂ ਨੇ ਹਸਪਤਾਲ ਦੀਆਂ ਸੇਵਾਵਾਂ ਠੱਪ ਕਰ ਕੇ ਹੜਤਾਲ ਕਰ ਦਿੱਤੀ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਦਾ ਪ੍ਰਤੀਨਿਧੀ ਮੰਡਲ ਚੰਡੀਗੜ੍ਹ ’ਚ ਐੱਨਐੱਚਐੱਮ ਦੇ ਮੈਨੇਜਿੰਗ ਡਾਇਰੈਕਟਰ ਘਨਸ਼ਿਆਮ ਥੋਰੀ ਨੂੰ ਮਿਲਿਆ ਤੇ ਮੰਗ-ਪੱਤਰ ਦਿੱਤਾ। ਡਾਕਟਰਾਂ ਨੇ ਐਲਾਨ ਕੀਤਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ। ਸਿਵਲ ਹਸਪਤਾਲ ’ਚ 44 ਡੀਐੱਨਬੀ ਕਰ ਰਹੇ ਡਾਕਟਰ ਤੇ ਸੱਤ ਡੀਐੱਨਬੀ ਪੂਰੀ ਕਰਨ ਤੋਂ ਬਾਅਦ ਸਰਕਾਰੀ ਨੀਤੀਆਂ ਅਧੀਨ ਸੇਵਾਵਾਂ ਦੇ ਰਹੇ ਡਾਕਟਰਾਂ ਨੂੰ ਅਕਤੂਬਰ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ। ਨਵੰਬਰ ਮਹੀਨਾ ਖ਼ਤਮ ਹੋਣ ’ਚ ਵੀ ਕੁਝ ਦਿਨ ਬਾਕੀ ਹਨ। ਡੀਐੱਨਬੀ ਕਰ ਰਹੇ ਡਾਕਟਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਹੋਸਟਲ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਨਿੱਜੀ ਤੌਰ ’ਤੇ ਕਮਰੇ ਕਿਰਾਏ ’ਤੇ ਲੈ ਕੇ ਰਹਿਣਾ ਪੈ ਰਿਹਾ ਹੈ। ਡੀਐੱਨਬੀ ਕਰ ਰਹੇ ਡਾਕਟਰਾਂ ਲਈ 68 ਹਜ਼ਾਰ ਰੁਪਏ ਤੇ ਡੀਐੱਨਬੀ ਤੋਂ ਬਾਅਦ ਸੇਵਾ ਦੇਣ ਵਾਲਿਆਂ ਲਈ 81 ਹਜ਼ਾਰ ਰੁਪਏ ਮਹੀਨਾ ਸਟਾਈਪੈਂਡ ਦੀ ਤਜਵੀਜ਼ ਹੈ। ਸਿਵਲ ਹਸਪਤਾਲ ’ਚ ਤਕਰੀਬਨ 51 ਜੂਨੀਅਰ ਡਾਕਟਰਾਂ ਵੱਲੋਂ ਕੰਮ ਠੱਪ ਕਰਨ ਨਾਲ ਵਾਰਡਾਂ ਤੇ ਓਪੀਡੀ ’ਚ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਰਡੀਏ ਦੇ ਪ੍ਰਧਾਨ ਡਾ. ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਆਰਡੀਏ ਦੇ ਮੈਂਬਰ ਤੇ ਅਹੁਦੇਦਾਰ ਚੰਡੀਗੜ੍ਹ ’ਚ ਐੱਨਐੱਚਐੱਮ ਦੇ ਐੱਮਡੀ ਘਨਸ਼ਿਆਮ ਥੋਰੀ ਨੂੰ ਮਿਲੇ ਸਨ।
ਉਨ੍ਹਾਂ ਨੂੰ ਮੰਗਾਂ ਬਾਰੇ ਦੱਸਿਆ ਗਿਆ ਤੇ ਉਨ੍ਹਾਂ ਨੇ ਹੱਲ ਕਰਨ ਦਾ ਭਰੋਸਾ ਦਿੱਤਾ। ਪ੍ਰਧਾਨ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਡਾਕਟਰ ਕੰਮ ’ਤੇ ਨਹੀਂ ਆਉਣਗੇ। ਓਧਰ, ਹਸਪਤਾਲ ਦੀ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਵਰਿੰਦਰ ਕੌਰ ਥਿੰਦ ਨੇ ਕਿਹਾ ਕਿ ਬੁੱਧਵਾਰ ਨੂੰ ਡੀਐੱਨਬੀ ਕਰ ਰਹੇ ਤੇ ਡੀਐੱਨਬੀ ਤੋਂ ਬਾਅਦ ਸੇਵਾ ਕਰ ਰਹੇ ਡਾ. ਐੱਨਐੱਚਐੱਮ ਦੇ ਐੱਮਡੀ ਨੂੰ ਮਿਲਣ ਲਈ ਚੰਡੀਗੜ੍ਹ ਗਏ ਸਨ ਤੇ ਉਨ੍ਹਾਂ ਨੇ ਸਮੂਹਿਕ ਛੁੱਟੀ ਦਿੱਤੀ ਸੀ। ਹੜਤਾਲ ਬਾਰੇ ਹਸਪਤਾਲ ਪ੍ਰਸ਼ਾਸਨ ਕੋਲ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ। ਡਾਕਟਰਾਂ ਵੱਲੋਂ ਕੋਈ ਸੂਚਨਾ ਜਾਂ ਮੈਮੋਰੈਂਡਮ ਨਹੀਂ ਦਿੱਤਾ ਗਿਆ। ਹਸਪਤਾਲ ਦੀਆਂ ਸੇਵਾਵਾਂ ਬਿਨਾਂ ਰੁਕਾਵਟ ਦੇ ਚੱਲ ਰਹੀਆਂ ਹਨ।