ਰੇਸ਼ਮ ਸਿੰਘ ਪੱਪੀ ਦੀ ਅਕਾਲੀ ਦਲ ਅੰਮ੍ਰਿਤਸਰ ’ਚ ਵਾਪਸੀ
ਜੱਥੇਦਾਰ ਫੌਜੀ ਦੀ ਅਗਵਾਈ ਹੇਠ ਰੇਸ਼ਮ ਸਿੰਘ ਪੱਪੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਹੋਏ ਸ਼ਾਮਲ ਕੀਤੀ ਘਰ ਵਾਪਸੀ
Publish Date: Wed, 26 Nov 2025 05:11 PM (IST)
Updated Date: Wed, 26 Nov 2025 05:14 PM (IST)

ਜਥੇਦਾਰ ਫੌਜੀ ਦੀ ਅਗਵਾਈ ਹੇਠ ਪਾਰਟੀ ’ਚ ਹੋਏ ਸ਼ਾਮਲ ਆਮ ਆਦਮੀ ਪਾਰਟੀ ਨੂੰ ਸਾਥੀਆਂ ਸਮੇਤ ਕਿਹਾ ਅਲਵਿਦਾ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਫਗਵਾੜਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਰੇਸ਼ਮ ਸਿੰਘ ਪੱਪੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਜਥੇਦਾਰ ਰਜਿੰਦਰ ਸਿੰਘ ਫੌਜੀ ਅਤੇ ਬੀਬੀ ਸੁਖਜੀਤ ਕੌਰ ਭਬਿਆਣਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦੀ ਅਗਵਾਈ ਹੇਠ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦਾ ਬੈਚ ਲਗਾਕੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ਜਥੇਦਾਰ ਰੇਸ਼ਮ ਸਿੰਘ ਪੱਪੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਅੱਜ ਦਾ ਦਿਨ ਇਸ ਕਰਕੇ ਚੁਣਿਆ ਕਿਉਂਕਿ ਅੱਜ ਦੇ ਦਿਨ ਸਾਡੇ ਮਹਾਨ ਗੁਰੂ ਅਤੇ ਉਨ੍ਹਾਂ ਦੇ ਮਹਾਨ ਸਿੱਖਾਂ ਨੇ ਦੂਜੇ ਧਰਮ ਨੂੰ ਬਚਾਉਣ ਲਈ ਵੱਡੀ ਕੁਰਬਾਨੀ ਕੀਤੀ ਸੀ ਤੇ ਮੈਂ ਸੋਚਿਆ ਕਿ ਮੈਂ ਆਪਣੀ ਹੀ ਪੰਥਕ ਪਾਰਟੀ ਤੋਂ ਦੂਰ ਹਾਂ ਇਸੇ ਕਰਕੇ ਮੈਂ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚ ਸ਼ਾਮਲ ਹੋਇਆ ਹਾਂ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਵਾਰਡ ਦੇ ਸਰਵਪੱਖੀ ਵਿਕਾਸ ਨੂੰ ਅੱਗੇ ਰੱਖਕੇ ਅਤੇ ਕੁਝ ਆਪਣੇ ਹੀ ਸਾਥੀਆਂ ਦੇ ਬਹਿਕਾਵੇ ਵਿਚ ਆ ਕੇ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ ਪਰ ਫਗਵਾੜਾ ਝਾੜੂ ਪਾਰਟੀ ਵਿਚ ਜੋ ਧੜੇਬੰਦੀ ਦੇਖਣ ਨੂੰ ਮਿਲੀ ਹੈ ਉਸ ਤੋਂ ਮੈਨੂੰ ਪਤਾ ਲੱਗਾ ਕਿ ਇਨ੍ਹਾਂ ਨੇ ਹਲਕੇ ਦਾ ਵਿਕਾਸ ਕੀ ਕਰਵਾਉਣਾ ਹੈ, ਜਿਨ੍ਹਾਂ ਦਾ ਤਾਂ ਆਪਣਾ ਹੀ ਰਾਹ ਸਾਫ਼ ਨਹੀਂ ਹੈ। ਰੇਸ਼ਮ ਸਿੰਘ ਨੇ ਮਾਨ ਅਤੇ ਜਥੇਦਾਰ ਫੌਜੀ ਸਮੇਤ ਪਾਰਟੀ ਨੂੰ ਭਰੋਸਾ ਦਿਵਾਇਆ ਕਿ ਉਹ ਅੱਗੇ ਤੋਂ ਇਹੋ-ਜਿਹਾ ਕਦਮ ਕਦੇ ਵੀ ਨਹੀਂ ਉਠਾਉਣਗੇ, ਜਿਸ ਨਾਲ ਪਾਰਟੀ ਦਾ ਨੁਕਸਾਨ ਹੋਵੇ ਤੇ ਹਮੇਸ਼ਾ ਇਮਾਨਦਾਰੀ ਅਤੇ ਤਨਦੇਹੀ ਨਾਲ ਪਾਰਟੀ ਪ੍ਰਤੀ ਵਫ਼ਾਦਾਰੀ ਨਾਲ ਕੰਮ ਕਰਨਗੇ ਅਤੇ ਵਫ਼ਾਦਾਰ ਰਹਿਣਗੇ। ਆਮ ਆਦਮੀ ਪਾਰਟੀ ਸਬੰਧੀ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਖ਼ਤਰਾ ਹੈ। ਭਗਵੰਤ ਮਾਨ ਕੋਲੋਂ ਤਾਂ ਆਪਣਾ-ਆਪ ਸਾਂਭਿਆ ਨਹੀਂ ਜਾ ਰਿਹਾ ਉਹ ਪੰਜਾਬ ਨੂੰ ਕੀ ਸੰਭਾਲੇਗਾ। ਮਨਦੀਪ ਸਿੰਘ ਪ੍ਰਤੀ ਪੁੱਛੇ ਸਵਾਲ ’ਤੇ ਮਾਨ ਨੇ ਕਿਹਾ ਕਿ ਮਨਦੀਪ ਸਿੰਘ ਦੀ ਕੌਮ ਲਈ ਬਹੁਤ ਵੱਡੀ ਸੇਵਾ ਹੈ, ਜਿਸਨੂੰ ਕੌਮ ਕਦੇ ਭੁਲਾ ਨਹੀ ਸਕਦੀ ਤੇ ਰਹੀਂ ਗੱਲ ਮਨਦੀਪ ਸਿੰਘ ਦੀ ਤਾਂ ਹਾਰ-ਜਿੱਤ ’ਤੇ ਬਣੀ ਹੀ ਰਹਿੰਦੀ ਹੈ ਪਰ ਸਾਡੀ ਨਜ਼ਰ ਵਿਚ ਮਨਦੀਪ ਸਿੰਘ ਦੀ ਬਹੁਤ ਵੱਡੀ ਜਿੱਤ ਹੋਈ ਹੈ, ਜਿਨ੍ਹਾਂ ਨੇ ਕਾਂਗਰਸ ਅਤੇ ਭਾਜਪਾ ਵਰਗੀਆਂ ਕੌਮੀ ਪਾਰਟੀਆਂ ਨੂੰ ਆਪਣੇ ਲਾਗੇ ਨਹੀਂ ਲੱਗਣ ਦਿੱਤਾ। ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਫੌਜੀ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਗੁਰਜੰਟ ਸਿੰਘ ਕੱਟੂ ਨੂੰ ਆਪਣੇ ਗ੍ਰਹਿ ਨਿਵਾਸ ਸਥਾਨ ਪਿੰਡ ਨੌਰੰਗਸ਼ਾਹਪੁਰ ਵਿਖੇ ਪਹੁੰਚਣ ’ਤੇ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਇਸ ਮੌਕੇ ਬੀਬੀ ਸੁਖਜੀਤ ਕੌਰ ਭਬਿਆਣਾ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਕਪੂਰਥਲਾ, ਰੇਸ਼ਮ ਸਿੰਘ ਪੱਪੀ, ਗੁਰਪ੍ਰੀਤ ਸਿੰਘ, ਗੁਰਦਿਆਲ ਸਿੰਘ ਮਾਨਾਂਵਾਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਅਤੇ ਪਾਰਟੀ ਵਰਕਰ ਹਾਜ਼ਰ ਸਨ। ਕੈਪਸ਼ਨ-26ਪੀਐਚਜੀ6