ਕਾਰਪੋਰੇਟਾਂ ਨੂੰ ਲੱਖਾਂ ਕਰੋੜਾਂ ਦੀ ਰਾਹਤ, ਕਿਸਾਨਾਂ ਨੂੰ ਸਿਰਫ਼ ਦਿਲਾਸੇ
ਕਾਰਪੋਰੇਟਾਂ ਨੂੰ ਲੱਖਾਂ ਕਰੋੜਾਂ ਦੀ ਰਾਹਤ, ਕਿਸਾਨਾਂ ਨੂੰ ਸਿਰਫ਼ ਦਿਲਾਸੇ
Publish Date: Wed, 04 Feb 2026 09:03 PM (IST)
Updated Date: Thu, 05 Feb 2026 04:14 AM (IST)

* ਵੱਡੇ ਕਾਰਪੋਰੇਟ ਘਰਾਣਿਆਂ ਦੇ 9 ਲੱਖ 87 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ‘ਰਿਟਨ-ਆਫ’ * ਖੇਤੀਬਾੜੀ ਸੈਕਟਰ ਨੂੰ ਸਿਰਫ਼ 1 ਲੱਖ 67 ਹਜ਼ਾਰ ਕਰੋੜ ਰੁਪਏ ਦੀ ਸੀਮਤ ਰਾਹਤ ਕੈਪਸਨ- : 4ਕੇਪੀਟੀ31 ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਵਿੱਚ ਸਵਾਲਾਂ ਦਾ ਜਵਾਬ ਪੇਸ਼ ਕਰਦੇ ਹੋਏ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰਾਜ ਸਭਾ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਕੜੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀ ਨੂੰ ਸਪੱਸ਼ਟ ਤੌਰ ’ਤੇ ਬੇਨਕਾਬ ਕਰਦੇ ਹਨ। ਸਰਕਾਰ ਦੇ ਜਵਾਬ ਮੁਤਾਬਕ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ 9.86 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ “ਰਿਟਨ-ਆਫ” ਕੀਤੇ ਗਏ ਹਨ, ਜੋ ਅਸਲ ਵਿੱਚ ਇੱਕ ਤਰ੍ਹਾਂ ਦੀ ਕਰਜ਼ਾ ਮੁਆਫ਼ੀ ਹੀ ਹੈ। ਇਸਦੇ ਉਲਟ, ਖੇਤੀਬਾੜੀ ਅਤੇ ਸਹਾਇਕ ਖੇਤਰਾਂ ਨੂੰ ਸਿਰਫ਼ 1.67 ਲੱਖ ਕਰੋੜ ਰੁਪਏ ਦੀ ਰਾਹਤ ਮਿਲੀ ਹੈ, ਜੋ ਕਿ ਇਸਦੇ ਮੁਕਾਬਲੇ ਬਹੁਤ ਹੀ ਘੱਟ ਹੈ।ਰਾਜ ਸਭਾ ਵਿੱਚ ਕੇਂਦਰੀ ਮੰਤਰੀ ਸ਼੍ਰੀ ਪੰਕਜ ਚੌਧਰੀ ਵੱਲੋਂ ਪੇਸ਼ ਕੀਤੇ ਸਰਕਾਰੀ ਅੰਕੜਿਆਂ ਅਨੁਸਾਰ 2014 ਤੋਂ ਲੈ ਕੇ 30 ਸਤੰਬਰ 2025 ਤੱਕ ਸਿਰਫ਼ ਵੱਡੇ ਉਦਯੋਗਾਂ ਦੇ ਲਗਭਗ 7.21 ਲੱਖ ਕਰੋੜ ਰੁਪਏ ਦੇ ਕਰਜ਼ੇ ਰਿਟਨ-ਆਫ ਕੀਤੇ ਗਏ ਹਨ, ਜਦਕਿ ਵੱਡੇ ਵਪਾਰੀਆਂ ਨੂੰ ਵੀ 2.65 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਹਤ ਦਿੱਤੀ ਗਈ ਹੈ। ਇਸਦੇ ਮੁਕਾਬਲੇ ਵਿੱਚ ਖੇਤੀਬਾੜੀ ਖੇਤਰ ਲਈ ਕਰਜ਼ਾ ਮੁਆਫ਼ੀ ਦੀ ਰਕਮ ਬਹੁਤ ਹੀ ਘੱਟ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ, “ਜਦੋਂ ਵੱਡੇ ਕਾਰਪੋਰੇਟ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਉਂਦੇ, ਤਾਂ ਉਸਨੂੰ ਨੀਤੀ ਦੇ ਨਾਂ ’ਤੇ ‘ਰਿਟਨ-ਆਫ’ ਕਰ ਦਿੱਤਾ ਜਾਂਦਾ ਹੈ। ਪਰ ਜਦੋਂ ਕਿਸਾਨ ਮੌਸਮ ਦੀ ਮਾਰ, ਫ਼ਸਲਾਂ ਦੇ ਨੁਕਸਾਨ ਅਤੇ ਘੱਟ ਸਮਰਥਨ ਮੁੱਲ ਕਾਰਨ ਕਰਜ਼ੇ ਦੇ ਬੋਝ ਹੇਠ ਦੱਬਦਾ ਹੈ, ਤਾਂ ਉਸਨੂੰ ਕਰਜ਼ਾ ਮੁਆਫ਼ੀ ਨਹੀਂ ਮਿਲਦੀ, ਸਗੋਂ ਸਵਾਲਾਂ ਅਤੇ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।”ਉਨ੍ਹਾਂ ਕਿਹਾ ਕਿ ‘ਰਿਟਨ-ਆਫ’ ਅਤੇ ‘ਕਰਜ਼ਾ ਮੁਆਫ਼ੀ’ ਵਿਚਕਾਰ ਫਰਕ ਦਿਖਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਈ ਜਾ ਰਹੀ ਹੈ। ਹਕੀਕਤ ਇਹ ਹੈ ਕਿ ਕਾਰਪੋਰੇਟਾਂ ਲਈ ਰਿਟਨ-ਆਫ ਇੱਕ ਵੱਡੀ ਰਾਹਤ ਹੈ, ਜਦਕਿ ਕਿਸਾਨਾਂ ਲਈ ਕੋਈ ਸਥਾਈ ਅਤੇ ਨੀਤੀ ਮੌਜੂਦ ਨਹੀਂ। ਸੰਤ ਸੀਚੇਵਾਲ ਨੇ ਸਵਾਲ ਉਠਾਇਆ ਕਿ ਜੇ ਬੈਂਕਾਂ ਕੋਲ ਕਾਰਪੋਰੇਟਾਂ ਨੂੰ ਲੱਖਾਂ ਕਰੋੜ ਰੁਪਏ ਦੀ ਰਾਹਤ ਦੇਣ ਦੀ ਸਮਰਥਾ ਹੈ, ਤਾਂ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਕਿਉਂ ਨਹੀਂ? ਕੀ ਦੇਸ਼ ਦੀ ਆਰਥਿਕਤਾ ਸਿਰਫ਼ ਕਾਰਪੋਰੇਟਾਂ ਨਾਲ ਹੀ ਚੱਲਦੀ ਹੈ, ਅੰਨਦਾਤੇ ਨਾਲ ਨਹੀਂ? ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ, ਜਦੋਂ ਵਪਾਰ ਅਤੇ ਉਦਯੋਗ ਪੂਰੀ ਤਰ੍ਹਾਂ ਬੰਦ ਸਨ, ਉਸ ਸਮੇਂ ਦੇਸ਼ ਦਾ ਢਿੱਡ ਕਿਸਾਨਾਂ ਨੇ ਹੀ ਭਰਿਆ ਅਤੇ ਰੁਜ਼ਗਾਰ ਵੀ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਆਰਥਿਕ ਨੀਤੀਆਂ ਵਿੱਚ ਕਾਰਪੋਰੇਟ ਅਤੇ ਖੇਤੀਬਾੜੀ ਖੇਤਰ ਲਈ ਬਣਾਏ ਗਏ ਦੋਹਰੇ ਮਾਪਦੰਡ ਨੂੰ ਤੁਰੰਤ ਖਤਮ ਕੀਤਾ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸਾਨ ਅੱਜ ਵੀ ਕਰਜ਼ੇ ਦੇ ਬੋਝ ਹੇਠ ਆਤਮਹੱਤਿਆ ਕਰਨ ਲਈ ਮਜਬੂਰ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਨੇ ਹੁਣ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਜਾਰੀ ਕਰਨੇ ਵੀ ਬੰਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸਰਦ ਰੁੱਤ ਦੇ ਸੈਸ਼ਨ ਦੌਰਾਨ ਵੀ ਸੰਤ ਸੀਚੇਵਾਲ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਸਮਰਥਨ ਮੁੱਲ ਨਾ ਮਿਲਣ ਸਬੰਧੀ ਸਵਾਲ ਪੁੱਛੇ ਗਏ ਸਨ, ਪਰ ਇਸਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ । ਮੰਤਰੀ ਵੱਲੋਂ ਇਹ ਕਹਿ ਦੇਣਾ ਕਿ ਇਨ੍ਹਾਂ ਦੁਖਦਾਈ ਘਟਨਾਵਾਂ ਦਾ ਹਿਸਾਬ ਰੱਖਣ ਦਾ ਕੀ ਲਾਭ ਹੈ, ਕਰਜ਼ਿਆਂ ਵਿੱਚ ਡੁੱਬੇ ਕਿਸਾਨਾਂ ਵੱਲੋਂ ਜਾਨ ਦੇਣ ਵਰਗੇ ਕਠੋਰ ਕਦਮ ’ਤੇ ਹੀ ਨਹੀਂ, ਸਗੋਂ ਮਿਹਨਤੀ ਕਿਸਾਨਾਂ ਦੇ ਚਰਿੱਤਰ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ, ਜੋ ਕਿ ਬੇਹੱਦ ਅਫਸੋਸਜਨਕ ਹੈ ।