ਬੇਅਦਬੀ ਕਰਨ ਵਾਲੇ ਵਿਰੁੱਧ ਕੇਸ ਦਰਜ ਕਰਨਾ ਸਹੀ : ਸਰਬਜੀਤ
ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਵਾਲੇ ਵਿਰੁੱਧ ਧਾਰਾ 299 ਦਾ ਕੇਸ ਦਰਜ ਕਰਨਾ ਸ਼ਲਾਘਾਯੋਗ ਹੈ : ਸਰਬਜੀਤ ਰਾਜ
Publish Date: Sun, 25 Jan 2026 09:35 PM (IST)
Updated Date: Sun, 25 Jan 2026 09:37 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਆਪਣੇ ਸਾਂਝੇ ਸੱਭਿਆਚਾਰ, ਭਾਈਚਾਰੇ ਦੀ ਭਾਵਨਾ ਤੇ ਧਾਰਮਿਕ ਸਹਿਣਸ਼ੀਲਤਾ ਲਈ ਦੇਸ਼ ਭਰ ਵਿਚ ਮਸ਼ਹੂਰ ਹੈ। ਹਾਲਾਂਕਿ ਕਈ ਵਾਰ ਕੁਝ ਸ਼ਰਾਰਤੀ ਤੇ ਫੁੱਟ ਪਾਊ ਤੱਤ ਸਮਾਜ ਵਿਚ ਦਰਾਰਾਂ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿਚ ਇਕ ਅਜਿਹੀ ਹੀ ਘਟਨਾ ਵਾਪਰੀ ਜਦੋਂ ਇਕ ਅਖੌਤੀ ਸਮਾਜ ਸੇਵਕ ਨੇ ਪਾਸਟਰਾਂ ’ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਬੰਧਕ ਬਣਾਇਆ ਤੇ ਪਵਿੱਤਰ ਬਾਈਬਲ ਦੀ ਕਥਿਤ ਬੇਅਦਬੀ ਕੀਤੀ। ਇਸ ਦੌਰਾਨ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਨੇ ਇਸਦਾ ਸਖ਼ਤ ਵਿਰੋਧ ਕੀਤਾ ਤੇ ਮੰਗ ਕੀਤੀ ਕਿ ਉਕਤ ਵਿਰੁੱਧ ਧਾਰਾ 299 ਤਹਿਤ ਕੇਸ ਦਰਜ ਕੀਤਾ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਧਾਰਾ 299 ਤਹਿਤ ਕੇਸ ਦਰਜ ਕਰਕੇ ਸ਼ਲਾਘਾਯੋਗ ਕੰਮ ਕੀਤਾ। ਇਸ ਦੌਰਾਨ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਨੇ ਉਕਤ ਦੇ ਵਿਰੁੱਧ ਧਾਰਾ 299 ਤਹਿਤ ਕੇਸ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿਚ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਅਜਿਹੀ ਕਾਰਵਾਈ ਜਨਤਾ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਇਸ ਸੰਵੇਦਨਸ਼ੀਲ ਮਾਮਲੇ ਵਿਚ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਕੀਤੀ ਗਈ ਤੁਰੰਤ ਗੰਭੀਰ ਤੇ ਨਿਰਪੱਖ ਕਾਰਵਾਈ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਕਿਸੇ ਵੀ ਧਰਮ ਜਾਂ ਵਰਗ ਨਾਲ ਵਿਤਕਰੇ ਨੂੰ ਬਰਦਾਸ਼ਤ ਕੀਤੇ ਬਿਨਾਂ ਤੁਰੰਤ ਕਾਰਵਾਈ ਕਰਦਾ ਹੈ ਤਾਂ ਅਜਿਹੇ ਸਮਾਜ ਵਿਰੋਧੀ ਤੱਤ ਨਫ਼ਰਤ ਫੈਲਾਉਣ ਤੋਂ ਪਹਿਲਾਂ ਸੋ ਵਾਰ ਸੋਚਣਗੇ। ਉਨ੍ਹਾਂ ਕਿਹਾ ਕਿ ਅਜਿਹੀ ਮਜ਼ਬੂਤ ਲੀਡਰਸ਼ਿਪ ਸਮਾਜ ਵਿਚ ਫੁੱਟ ਪਾਊ ਤੱਤਾਂ ਦੇ ਮਨਾਂ ਵਿਚ ਡਰ ਪੈਦਾ ਕਰਦੀ ਹੈ ਤੇ ਆਮ ਲੋਕਾਂ ਦਾ ਕਾਨੂੰਨ ਵਿਚ ਵਿਸ਼ਵਾਸ ਵਧਾਉਂਦੀ ਹੈ। ਇਹ ਕਦਮ ਨਾ ਸਿਰਫ਼ ਈਸਾਈ ਭਾਈਚਾਰੇ ਲਈ ਸਗੋਂ ਪੰਜਾਬ ਦੇ ਸਾਰੇ ਘੱਟ ਗਿਣਤੀਆਂ ਲਈ ਇਕ ਵੱਡੀ ਸਫਲਤਾ ਹੈ।