ਪੈਰਾ ਨਿਸ਼ਾਨੇਬਾਜ਼ ਦਲਬੀਰ ਸਿੰਘ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ
ਪੰਜਾਬ ਦੇ ਪ੍ਰਤਿਭਾਵਾਨ ਪੈਰਾ ਨਿਸ਼ਾਨੇਬਾਜ਼ ਦਲਬੀਰ ਸਿੰਘ ਨੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦਾ ਨਾਮ ਰੌਸ਼ਨ ਕੀਤਾ
Publish Date: Fri, 19 Dec 2025 09:26 PM (IST)
Updated Date: Fri, 19 Dec 2025 09:28 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਪੰਜਾਬ ਦੇ ਪ੍ਰਤਿਭਾਵਾਨ ਪੈਰਾ ਨਿਸ਼ਾਨੇਬਾਜ਼ ਦਲਬੀਰ ਸਿੰਘ ਨੇ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ। 6ਵੀਂ ਰਾਸ਼ਟਰੀ ਪੈਰਾ ਸ਼ੂਟਿੰਗ ਚੈਂਪੀਅਨਸ਼ਿਪ ਤੋਂ ਬਾਅਦ ਦਲਬੀਰ ਸਿੰਘ ਨੇ ਸ਼ੂਟਿੰਗ ਅਕੈਡਮੀ, ਭੋਪਾਲ (ਮੱਧ ਪ੍ਰਦੇਸ਼) ਵਿਚ 11 ਤੋਂ 31 ਦਸੰਬਰ 2025 ਤੱਕ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆਵੱਲੋਂ ਆਯੋਜਿਤ 68ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਸ ਮੁਕਾਬਲੇ ਦੌਰਾਨ ਦਲਬੀਰ ਸਿੰਘ ਨੇ 50 ਮੀਟਰ ਰਾਈਫਲ ਸ਼ੂਟਿੰਗ ਈਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਹ ਉਪਲਬਧੀ ਉਸਦੀ ਅਣਥੱਕ ਮਿਹਨਤ, ਦ੍ਰਿੜ ਨਿਸ਼ਚੈ ਅਤੇ ਲਗਨ ਦਾ ਨਤੀਜਾ ਹੈ, ਜਿਸ ਨਾਲ ਉਸਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ, ਭਾਰਤ ਦੀ ਪੈਰਾਲੰਪਿਕ ਕਮੇਟੀ ਵੱਲੋਂ ਆਯੋਜਿਤ ਰਾਸ਼ਟਰੀ ਪੈਰਾ ਸ਼ੂਟਿੰਗ ਮੁਕਾਬਲਿਆਂ ਵਿਚ ਦਲਬੀਰ ਸਿੰਘ ਨੇ 10 ਮੀਟਰ ਅਤੇ 50 ਮੀਟਰ ਰਾਈਫਲ ਸ਼ੂਟਿੰਗ ਦੇ ਤਿੰਨ ਵੱਖ-ਵੱਖ ਵਰਗਾਂ ਵਿਚ ਭਾਗ ਲਿਆ। ਜ਼ਿਕਰਯੋਗ ਹੈ ਕਿ ਦਲਬੀਰ ਸਿੰਘ ਪਹਿਲਾਂ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ ਅਤੇ ਮਾਰਚ 2024 ਵਿਚ ਵਿਸ਼ਵ ਨਿਸ਼ਾਨੇਬਾਜ਼ੀ ਪੈਰਾ ਸਪੋਰਟ ਵਿਸ਼ਵ ਕੱਪ ਵਿਚ ਵੀ ਭਾਗ ਲੈ ਚੁੱਕਾ ਹੈ। ਉਸ ਦੀਆਂ ਲਗਾਤਾਰ ਸਫਲਤਾਵਾਂ ਅਤੇ ਜਜ਼ਬਾ ਨਾ ਕੇਵਲ ਪੰਜਾਬ ਲਈ ਮਾਣ ਦੀ ਗੱਲ ਹਨ ਸਗੋਂ ਯੁਵਾ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਵੀ ਹਨ।