ਪੰਜਾਬੀ ਸਾਂਝੀ ਸਭਾ ਮੁੰਬਈ ਨੇ ਯੂਰੀਆ ਤੇ ਹੋਰ ਸਮਾਨ ਵੰਡਿਆ : ਬਾਬਾ ਸੁੱਧ ਸਿੰਘ
ਪੰਜਾਬੀ ਸਾਂਝੀ ਸਭਾ ਮੁੰਬਈ ਵੱਲੋਂ ਹੜ ਪੀੜਤਾਂ ਨੂੰ ਯੂਰੀਆ ਤੇ ਹੋਰ ਸਮਾਨ ਵੰਡਿਆ : ਬਾਬਾ ਸੁੱਧ ਸਿੰਘ
Publish Date: Fri, 19 Dec 2025 08:25 PM (IST)
Updated Date: Fri, 19 Dec 2025 08:28 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹੜ੍ਹ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਤੇ ਜ਼ਮੀਨਾਂ ਨੂੰ ਦੁਬਾਰਾ ਵਾਹੀਯੋਗ ਬਣਾਉਣ ਲਈ ਜੋ ਕਾਰਜ ਪੰਜਾਬ ਵਿਚ ਦੇਸ਼-ਵਿਦੇਸ਼ ਤੋਂ ਧਾਰਮਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਹਨ, ਉਸ ਦੀ ਮਿਸਾਲ ਪੂਰੇ ਦੇਸ਼ ਵਿਚ ਮਿਲਣੀ ਬਹੁਤ ਮੁਸ਼ਕਿਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਸੁਧ ਸਿੰਘ ਜੀ ਟੂਸੇ ਵਾਲਿਆਂ ਨੇ ਪੰਜਾਬੀ ਸਾਂਝੀ ਸਭਾ ਮੁੰਬਈ ਵੱਲੋਂ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਆਹਲੀ ਕਲਾਂ ਤੇ ਆਹਲੀ ਖੁਰਦ ਵਿਖੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ 250 ਪਰਿਵਾਰਾਂ ਨੂੰ ਕੰਬਲ ਤੇ 350 ਕਿਸਾਨਾਂ ਨੂੰ ਯੂਰੀਆ ਖਾਦ ਲਈ 2500-2500 ਰੁਪਏ ਨਗਦ ਦੇਣ ਮੌਕੇ ਸਰਪੰਚ ਸ਼ਮਿੰਦਰ ਸਿੰਘ ਸੰਧੂ ਦੇ ਗ੍ਰਹਿ ਨਿਵਾਸ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਕਹੇ। ਉਨ੍ਹਾਂ ਦੱਸਿਆ ਕਿ ਜਦੋਂ ਹਲਕੇ ਵਿਚ ਬੰਨ੍ਹ ਟੁੱਟਣ ਕਾਰਨ ਹੜ੍ਹ ਨਾਲ ਇਹ ਪਿੰਡ ਘਿਰ ਗਏ ਸਨ ਤਾਂ ਉਸ ਸਮੇਂ ਵੀ ਇਸ ਸੰਸਥਾ ਵੱਲੋਂ ਕਣਕ, ਡੀਜ਼ਲ ਤੇ ਹੋਰ ਮਾਇਆ ਦੀ ਸੇਵਾ ਕੀਤੀ ਗਈ ਸੀ। ਅੱਜ ਦੁਬਾਰਾ ਇਸ ਨਗਰ ਵਿਚ ਸਾਡੇ ਆਉਣ ਦਾ ਮੁੱਖ ਮੰਤਵ ਇੰਨਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰਨਾ ਹੈ। ਸੰਤ ਬਾਬਾ ਸੁੱਧ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਯੂਰੀਆ ਖਾਦ ਕਿਸਾਨਾਂ ਨੂੰ ਮੁਹੱਈਆ ਕਰਵਾਉਣੀ ਸੀ ਪਰ ਖਾਦ ਨਾ ਮਿਲਣ ਕਾਰਨ ਅਸੀਂ ਹਰੇਕ ਕਿਸਾਨ ਨੂੰ 2500 ਰੁਪਏ ਨਗਦ ਤੇ ਕੰਬਲ ਦੇ ਰਹੇ ਹਾਂ ਤਾਂ ਕਿ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਸੇਵਾ ਵਿਚ ਮੁੱਖ ਹਿੱਸਾ ਪਾਉਣ ਵਾਲੇ ਸਮਾਜ ਸੇਵੀ ਸੁਰਜੀਤ ਸਿੰਘ, ਪਤਨੀ ਹਰਮਿੰਦਰ ਕੌਰ ਸਮੇਤ ਹੀਰਾ ਨੰਦਾਨੀ ਮੁੰਬਈ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮਨਜੀਤ ਸਿੰਘ ਗੁਰਦੁਆਰਾ ਗੁਰੂ ਨਾਨਕ ਦਰਬਾਰ ਭਾਈ ਪਲੇਨ ਅੰਧੇਰੀ ਈਸਟ ਮੁੰਬਈ, ਭਾਈ ਕਿਰਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਰੋਪੜ, ਭਾਈ ਸਰਬਜੀਤ ਸਿੰਘ ਕੰਗਣਾ ਵਾਲੇ ਮਾਛੀਵਾੜਾ ਸਾਹਿਬ ਤੇ ਜਥੇਦਾਰ ਸਤਵੰਤ ਸਿੰਘ ਗੁਰਦੁਆਰਾ ਕਿਲਾ ਸਾਹਿਬ ਪਿੰਡ ਠੱਟਗੜ੍ਹ ਤਰਨਤਾਰਨ ਤੋਂ ਵੀ ਇਸ ਸੇਵਾ ਵਿਚ ਯੋਗਦਾਨ ਦੇਣ ਲਈ ਆਏ ਹਨ। ਸੰਤ ਬਾਬਾ ਸੁਧ ਸਿੰਘ ਨੇ ਦੱਸਿਆ ਕਿ ਇਸ ਸੇਵਾ ਵਿਚ ਹਿੰਦੂ ਧਾਰਮਿਕ ਸੰਸਥਾਵਾਂ ਮੰਦਰ ਮਾਤਾ ਸ਼ੀਤਲਾ ਜੀ ਬੰਗਾ ਤੇ ਮੰਦਰ ਸ਼ਿਵ ਭੋਲੇ ਲੁਧਿਆਣਾ ਤੋਂ ਇਲਾਵਾ ਹੋਰ ਵੀ ਕਈ ਦਾਨੀ ਸੰਸਥਾਵਾਂ ਨੇ ਦਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਡਾ ਇਹ ਇਕ ਟਰੱਸਟ ਬਣਿਆ ਹੈ, ਜਿਸ ਵਿਚ ਹਰ ਸਾਲ ਸਮਾਜ ਸੇਵੀ ਸੁਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਵੱਲੋਂ ਸਰਕਾਰੀ ਸਕੂਲਾਂ ਵਿਚ ਪਲੱਸ ਵਨ ਤੇ ਪਲੱਸ ਟੂ ਦੇ ਲੋੜਵੰਦ ਵਿਦਿਆਰਥੀ, ਜੋ ਸਕੂਲੀ ਫੀਸਾਂ ਦੇਣ ਤੋਂ ਅਸਮਰਥ ਹਨ, ਅਜਿਹੇ 50 ਬੱਚਿਆਂ ਦੀ ਹਰ ਮਹੀਨੇ ਫੀਸ ਪਰਿਵਾਰਾਂ ਨੂੰ ਦਿੱਤੀ ਜਾਂਦੀ ਹੈ। ਇਸ ਮੌਕੇ ਪਿੰਡ ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਸੰਧੂ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਸਕੱਤਰ ਰਸ਼ਪਾਲ ਸਿੰਘ ਸੰਧੂ ਨੇ ਪੰਜਾਬੀ ਸਾਂਝੀ ਸਭਾ ਮੁੰਬਈ ਦੇ ਸੁਰਜੀਤ ਸਿੰਘ, ਸੰਤ ਬਾਬਾ ਸੁੱਧ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਮੌਕੇ ਕਿਹਾ ਕਿ ਅੱਜ ਇਨ੍ਹਾਂ ਵੱਲੋਂ ਜੋ ਸੇਵਾ ਸਾਡੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕੀਤੀ ਗਈ ਹੈ, ਉਸ ਲਈ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਸਰਪੰਚ ਸ਼ਮਿੰਦਰ ਸਿੰਘ ਸੰਧੂ, ਸਕੱਤਰ ਰਸ਼ਪਾਲ ਸਿੰਘ, ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ, ਜਥੇਦਾਰ ਰਣਜੀਤ ਸਿੰਘ ਆਹਲੀ ਖੁਰਦ, ਤਰਲੋਚਨ ਸਿੰਘ ਉੱਪਲ, ਗੁਰਸੇਵਕ ਸਿੰਘ ਬਲੋਰੀਆ, ਅਰਸ਼ਪ੍ਰੀਤ ਸਿੰਘ, ਰਣਜੋਧ ਸਿੰਘ ਸੰਧੂ, ਬਾਬਾ ਗੁਰਜੀਤ ਸਿੰਘ, ਪ੍ਰਧਾਨ ਸਿੰਘ, ਜੋਗਿੰਦਰ ਸਿੰਘ ਸਰਪੰਚ, ਨਿਰਵੈਲ ਸਿੰਘ, ਗੁਰਸੇਵਕ ਸਿੰਘ, ਨਵਦੀਪ ਸਿੰਘ, ਚਮਕੌਰ ਸਿੰਘ ਸੰਧੂ, ਸੁਖਦੇਵ ਸੁੱਖਾ, ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ।