ਇੰਗਲੈਂਡ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਬਾਊਪੁਰ ਮੰਡ ਇਲਾਕੇ ਦੇ ਹੜ੍ਹ ਪੀੜ੍ਹਤਾਂ ਲਈ 25 ਲੱਖ ਦਾ ਦਾਨ

- ਐੱਨਆਰਆਈ ਸਰਾਏ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ
- 25 ਟਰੈਕਟਰ ਕਰ ਰਹੇ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ
ਕੁਲਬੀਰ ਸਿੰਘ ਮਿੰਟੂ/ਲਖਵੀਰ ਸਿੰਘ ਲੱਖੀ
ਸੁਲਤਾਨਪੁਰ ਲੋਧੀ : ਇੰਗਲੈਂਡ ਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਬਾਊਪੁਰ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 25 ਲੱਖ 13 ਹਜ਼ਾਰ ਦੀ ਰਾਸ਼ੀ ਦਾਨ ਕੀਤੀ ਹੈ। ਇਸ ਰਕਮ ਨਾਲ ਡੀਜ਼ਲ ਅਤੇ ਹੋਰ ਲੁੜੀਂਦੀ ਸਮੱਗਰੀ ਲਿਆਂਦੀ ਜਾ ਰਹੀ ਹੈ, ਜਿਹੜੀ ਇਸ ਇਲਾਕੇ ਦੇ ਕਿਸਾਨਾਂ ਦੀ ਲੋੜ ਹੈ। ਐੱਨਆਰਆਈ ਮੋਤਾ ਸਿੰਘ ਸਰਾਏ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਬਾਊਪੁਰ ਮੰਡ ਦਾ ਦੌਰਾ ਕੀਤਾ। ਇਸ ਖਿਤੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਦਾ ਕੰਮ ਅੱਜ ਵੀ ਜਾਰੀ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਹੜਾ ਆਰਜ਼ੀ ਬੰਨ੍ਹ 10 ਤੇ 11 ਅਗਸਤ ਦੀ ਦਰਮਿਆਨੀ ਰਾਤ ਨੂੰ ਟੁੱਟਣ ਨਾਲ ਇਸ ਖਿਤੇ ਵਿਚ ਭਾਰੀ ਤਬਾਹੀ ਮਚੀ ਸੀ। ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੱਡੇ ਤੇ ਡੂੰਘੇ ਟੋਏ ਪਏ ਸਨ। ਇਸੇ ਤਰ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਵੱਡੀ ਪੱਧਰ ’ਤੇ ਰੇਤਾ ਅਤੇ ਗਾਰ ਚੜ੍ਹ ਗਈ ਸੀ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਹੋ ਗਈਆਂ ਸਨ ਉਨ੍ਹਾਂ ਵਿੱਚ ਜ਼ਿਆਦਾਤਰ ਛੋਟੇ ਕਿਸਾਨ ਹਨ। ਹੁਣ ਇਨ੍ਹਾਂ ਦੇ ਖੇਤਾਂ ਵਿੱਚ ਕਣਕ ਦੀ ਬਿਜਾਈ ਹੋ ਗਈ ਹੈ।
ਐੱਨਆਰਆਈ ਮੋਤਾ ਸਿੰਘ ਸਰਾਏ ਨੇ ਬਾਊਪੁਰ ਮੰਡ ਇਲਾਕੇ ਦੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਵੱਡੀਆਂ ਮੁਸੀਬਤਾਂ ਅੱਗੇ ਵੀ ਹਿੱਕ ਢਾਹ ਕੇ ਖੜ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੰਡ ਇਲਾਕੇ ਵਿੱਚ ਝੋਨੇ ਦੀ ਫਸਲ 100 ਫ਼ੀਸਦੀ ਤਬਾਹ ਹੋ ਗਈ ਸੀ। ਫਸਲ ਤਬਾਹ ਹੋਣ ਤੇ ਜ਼ਮੀਨਾਂ ਵਿੱਚ ਡੂੰਘੇ ਟੋਏ ਪੈਣ ਦੇ ਬਾਵਜੂਦ ਦੀ ਪੀੜਤਾਂ ਦੇ ਹੌਸਲੇ ਬੁਲੰਦ ਰਹੇ। ਪੀੜਤ ਕਿਸਾਨਾਂ ਦੇ ਬੱਚਿਆਂ ਅਤੇ ਔਰਤਾਂ ਦਾ ਦਰਦ ਪ੍ਰਦੇਸ਼ ਬੈਠੇ ਪੰਜਾਬੀਆਂ ਨੇ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਸੀ। ਇਸੇ ਲਈ ਉਨ੍ਹਾਂ ਨੇ ਆਪਣੀ ਸਮਰੱਥਾ ਅਨੁਸਾਰ ਇਸ ਮਹਾਦਾਨ ਵਿੱਚ ਆਪਣਾ ਯੋਗਦਾਨ ਪਾਇਆ। ਐੱਨਆਰਆਈ ਮੋਤਾ ਸਿੰਘ ਸਰਾਏ ਨੇ ਇਸ ਗੱਲ ਲਈ ਵੀ ਕਿਸਾਨਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਤਕ ਪਾਰਦਰਸ਼ਤਾ ਨਾਲ ਰਾਹਤ ਸਮੱਗਰੀ ਪਹੁੰਚ ਰਹੀ ਹੈ ਭਾਵੇਂ ਉਹ ਡੀਜ਼ਲ, ਖਾਦ ਜਾਂ ਕਣਕ ਦਾ ਬੀਜ ਹੋਵੇ।
ਇਸ ਮੌਕੇ ਕੁਲਵਿੰਦਰ ਸਿੰਘ ਸਰਾਏ ਨੇ ਵੀ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਦੀ ਰਾਸ਼ੀ ਭੇਜੀ ਹੈ। ਜਿਆਣੀ ਚਾਹਲ ਤੋਂ ਲੇਜਰ ਕਰਾਹਾ ਲੈਕੇ ਆਏ ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਮੂਹਰੇ ਤੋਂ ਸਾਲ 2019 ਵਿੱਚ ਆਏ ਹੜ੍ਹ ਦੌਰਾਨ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ। ਉਦੋਂ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕਾਂ ਦੇ ਸਹਿਯੋਗ ਨਾਲ ਉਨ੍ਹਾਂ ਦੀ ਜ਼ਮੀਨ ਵਿੱਚ 45 ਫੁੱਟ ਡੂੰਘੇ ਟੋਏ ਨੂੰ ਦਿਨਾਂ ਵਿੱਚ ਹੀ ਪੂਰ ਦਿੱਤਾ ਸੀ। ਅੱਜ ਤਕ ਵੀ ਲੋਕ ਪਾਰਦਰਸ਼ਤਾ ਨਾਲ ਹੋਏ ਇਸ ਕਾਰਜ ਦੀਆਂ ਸਿਫ਼ਤਾਂ ਕਰਦੇ ਹਨ। ਉਹ ਬਾਊਪੁਰ ਲੇਜਰ ਕਰਾਹਾ ਇਸ ਕਰਕੇ ਲੈ ਕੇ ਆਏ ਹਨ ਕਿਉਂਕਿ ਉਹ ਹੜ੍ਹ ਪੀੜ੍ਹਤਾਂ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ।
- ਰੋਜ਼ਾਨਾ ਸਵਾ ਲੱਖ ਦੇ ਡੀਜ਼ਲ ਦੀ ਹੋ ਰਹੀ ਖਪਤ, 150 ਏਕੜ ’ਚ ਹੋਈ ਕਣਕ ਦੀ ਬਿਜਾਈ
ਜਾਣਕਾਰੀ ਦਿੰਦਿਆਂ ਕਿਸਾਨ ਜਰਨੈਲ ਸਿੰਘ ਦੇ ਦੱਸਿਆ ਕਿ ਉਨ੍ਹਾਂ ਦੇ ਚਾਰ ਟਰੈਕਟਰ ਦਿਨ-ਰਾਤ ਚੱਲ ਰਹੇ ਹਨ। ਇਸੇ ਤਰ੍ਹਾਂ ਕਿਸਾਨ ਸਤਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ 20 ਤੋਂ 25 ਟਰੈਕਟਰ ਦਿਨੇ ਚੱਲਦੇ ਹਨ। ਇਨ੍ਹਾਂ ਦੋਵਾਂ ਕਿਸਾਨਾਂ ਦਾ ਕਹਿਣਾ ਸੀ ਕਿ ਇੱਥੇ ਰੋਜ਼ਾਨਾ ਸਵਾ ਲੱਖ ਦਾ ਤੇਲ ਖਪਤ ਹੋ ਰਿਹਾ ਹੈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਸੰਤ ਸੀਚੇਵਾਲ ਦੀ ਅਗਵਾਈ ਹੇਠ ਇੱਥੇ ਕਾਰਸੇਵਾ ਦੇ ਕਾਰਜ ਲਗਾਤਾਰ ਚੱਲ ਰਹੇ ਹਨ। ਸਤਿੰਦਰ ਸਿੰਘ ਬੱਗਾ ਨੇ ਦੱਸਿਆ ਕਿ 30 ਤੋਂ 35 ਏਕੜ ਜ਼ਮੀਨ ਹੋਰ ਪੱਧਰੀ ਕਰ ਦਿੱਤੀ ਗਈ ਹੈ ਤੇ ਇਸ ਵਿੱਚ ਵੀ ਕਣਕ ਦੀ ਬਿਜਾਈ ਕਰ ਦਿੱਤੀ ਜਾਵੇਗੀ, ਇਸ ਨਾਲ ਹੁਣ ਤਕ 150 ਏਕੜ ਦੇ ਕਰੀਬ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ ਹੋ ਜਾਵੇਗਾ।