ਬੇਅਦਬੀ ਰੋਕਣ ’ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ : ਜਥੇ. ਸੋਢੀ
ਧਾਰਮਿਕ ਅਸਥਾਨਾਂ ਦੀ ਬੇਅਦਬੀ ਰੋਕਣ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ : ਜਥੇਦਾਰ ਸੋਢੀ
Publish Date: Sat, 17 Jan 2026 06:59 PM (IST)
Updated Date: Sat, 17 Jan 2026 07:01 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਪੰਜਾਬ ਅੰਦਰ ਧਾਰਮਿਕ ਅਸਥਾਨਾਂ ਦੀ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਇਹ ਸ਼ਬਦ ਜਥੇਦਾਰ ਮੁਖਤਿਆਰ ਸਿੰਘ ਸੋਢੀ ਨੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਹਰ ਰੋਜ਼ ਕਿਸੇ ਨਾ ਕਿਸੇ ਧਾਰਮਿਕ ਅਸਥਾਨ ’ਤੇ ਹੋ ਰਹੀ ਬੇਅਦਬੀ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਆਏ ਇਕ ਨੌਜਵਾਨ ਵੱਲੋਂ ਗੁਰ-ਮਰਿਆਦਾ ਦੀ ਉਲੰਘਣਾ ਕਰਨ ਦੀ ਘਟਨਾ ਨੇ ਸਮੂਹ ਸਿੱਖ ਜਗਤ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਭਾਵੇਂ ਸਬੰਧਤ ਵਿਅਕਤੀ ਵੱਲੋਂ ਬਾਅਦ ਵਿਚ ਸੋਸ਼ਲ ਮੀਡੀਆ ਰਾਹੀਂ ਮੁਆਫ਼ੀ ਵੀ ਮੰਗੀ ਗਈ ਹੈ ਪਰ ਇਹ ਸਵਾਲ ਅਜੇ ਵੀ ਕਾਇਮ ਹੈ ਕਿ ਅਜਿਹੀਆਂ ਘਟਨਾਵਾਂ ਵਾਰ-ਵਾਰ ਕਿਉਂ ਵਾਪਰ ਰਹੀਆਂ ਹਨ। ਸੋਢੀ ਨੇ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਦੀ ਰੱਖਿਆ ਲਈ ਸਖ਼ਤ ਕਦਮ ਚੁੱਕੇ ਜਾਣ ਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਸਮੇਂ ਸਿਰ ਠੋਸ ਕਦਮ ਨਾ ਚੁੱਕੇ, ਤਾਂ ਸਿੱਖ ਸੰਗਤਾਂ ਵਿਚ ਵਧਦਾ ਰੋਸ ਵੱਡੇ ਅੰਦੋਲਨ ਦਾ ਰੂਪ ਵੀ ਧਾਰ ਸਕਦਾ ਹੈ।