CIA ਟੀਮ ਫਗਵਾੜਾ ਖਿਲਾਫ਼ ਵੱਡੀ ਕਾਰਵਾਈ ! ਸਬ-ਇੰਸਪੈਕਟਰ ਸਮੇਤ 4 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ
ਫਗਵਾੜਾ ਦੀ CIA Staff ਟੀਮ 'ਚ ਇੰਚਾਰਜ ਬਿਸਮਨ ਸਿੰਘ ਸਾਹੀ, ਏਐੱਸਆਈ ਜਸਵਿੰਦਰ ਸਿੰਘ, ਏਐੱਸਆਈ ਨਿਰਮਲ ਸਿੰਘ ਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਸ਼ਾਮਲ ਹਨ, ਨੂੰ ਨਸ਼ਾ ਤਸਕਰ ਨੂੰ ਫਰਾਰ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।
Publish Date: Fri, 23 May 2025 12:38 PM (IST)
Updated Date: Fri, 23 May 2025 01:11 PM (IST)
ਹਰਮੇਸ਼ ਸਰੋਆ, ਪੰਜਾਬੀ ਜਾਗਰਣ ਫਗਵਾੜਾ : ਨਸ਼ਾ ਤਸਕਰੀ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਕਪੂਰਥਲਾ ਪੁਲਿਸ ਨੇ 4 ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ 'ਚ ਇਕ ਸਬ-ਇੰਸਪੈਕਟਰ, 2 ਏਐਸਆਈ ਤੇ ਇਕ ਕਾਂਸਟੇਬਲ ਸ਼ਾਮਲ ਹਨ। ਸੀਆਈਏ ਸਟਾਫ ਫਗਵਾੜਾ ਦੀ ਪੂਰੀ ਟੀਮ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਫਗਵਾੜਾ ਦੀ ਸੀਆਈਏ ਸਟਾਫ ਟੀਮ 'ਚ ਇੰਚਾਰਜ ਬਿਸਮਨ ਸਿੰਘ ਸਾਹੀ, ਏਐੱਸਆਈ ਜਸਵਿੰਦਰ ਸਿੰਘ, ਏਐੱਸਆਈ ਨਿਰਮਲ ਸਿੰਘ ਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਸ਼ਾਮਲ ਹਨ, ਨੂੰ ਨਸ਼ਾ ਤਸਕਰ ਨੂੰ ਫਰਾਰ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਤਸਕਰ ਹਨੀ ਨੂੰ ਹਿਰਾਸਤ 'ਚੋਂ ਭਜਾਉਣ ਲਈ ਲਗਪਗ 2.5 ਲੱਖ ਰੁਪਏ ਰਿਸ਼ਵਤ ਵਜੋਂ ਲਏ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਫਗਵਾੜਾ ਦੇ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ। ਨਸ਼ਾ ਤਸਕਰ ਦੇ ਪਰਿਵਾਰ ਕੋਲੋਂ 2 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਗਈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਇਹ ਵੱਡੀ ਕਾਰਵਾਈ ਸੀਆਈਏ ਸਟਾਫ ਫਗਵਾੜਾ ਦੇ ਮੁਲਾਜ਼ਮਾਂ ਖਿਲਾਫ ਕੀਤੀ ਗਈ। ਉਨ੍ਹਾਂ ਕਿਹਾ ਕਿ ਅਗਰ ਹੋਰ ਵੀ ਕੋਈ ਅਧਿਕਾਰੀ ਇਸ ਮਾਮਲੇ 'ਚ ਸ਼ਾਮਿਲ ਪਾਇਆ ਗਿਆ ਤਾਂ ਉਸ ਨੂੰ ਵੀ ਨਹੀਂ ਬਖ਼ਸ਼ਿਆ ਜਵੇਗਾ।