ਕੂੜੇ ਦੇ ਡੰਪ ਨੂੰ ਲੈਕੇ ਲੋਕਾਂ ’ਚ ਰੋਸ
ਕੂੜੇ ਦੇ ਡੰਪ ਨੂੰ ਲੈਕੇ ਨਗਰ ਨਿਗਮ ਖਿਲਾਫ ਲੋਕਾਂ ਵਿਚ ਰੋਸ਼
Publish Date: Fri, 12 Dec 2025 07:16 PM (IST)
Updated Date: Fri, 12 Dec 2025 07:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨਗਰ ਨਿਗਮ ਫਗਵਾੜਾ ਵਿਚ ਮੇਅਰ ਤੇ ਕੌਸਲਰਾਂ ਦੀ ਚੋਣ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਸੋਚਿਆ ਸੀ ਕਿ ਹੁਣ ਸ਼ਾਇਦ ਸ਼ਹਿਰ ਦੇ ਹਾਲਾਤ ਬਦਲ ਜਾਣਗੇ ਪਰ ਫਗਵਾੜਾ ਸ਼ਹਿਰ ਦੇ ਬਦ ਤੋਂ ਬਦਤਰ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਭਾਵੇਂ ਚਾਚੋਕੀ ਕੂੜੇ ਦੇ ਡੰਪ ਵੱਲ ਨਿਗ੍ਹਾ ਮਾਰੀ ਜਾਵੇ ਤੇ ਭਾਵੇਂ ਸਕੂਲ ਆਫ ਐਮੀਨੈਂਸ ਤੋਂ ਥੋੜਾ ਜਿਹਾ ਪਿਛੇ ਤੇ ਜਾਂ ਵਰਿੰਦਰ ਪਾਰਕ ਨਜ਼ਦੀਕ ਮੌਜੂਦ ਕੂੜੇ ਦੇ ਡੰਪ ’ਤੇ, ਇਸ ਕਾਰਨ ਲੋਕਾਂ ਵਿਚ ਰੋਸ ਵੱਧਦਾ ਹੀ ਜਾ ਰਿਹਾ ਹੈ। ਅੱਜ ਵਰਿੰਦਰ ਪਾਰਕ ਨਜਦੀਕ ਮੌਜੂਦ ਮੁਹੱਲਾ ਵਾਸੀ ਇਕੱਠੇ ਹੋਏ ਅਤੇ ਕੂੜੇ ਦੇ ਡੰਪ ਨੂੰ ਹਟਾਉਣ ਦੀ ਮੰਗ ਕੀਤੀ। ਇਸ ਮੌਕੇ ਸ਼ਿਵ ਸੈਨਾ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ, ਹਰੀਓਮ ਸ਼ਰਮਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਕੂੜੇ ਦੇ ਡੰਪ ਨੂੰ ਹਟਾਉਣ ਸਬੰਧੀ ਨਗਰ ਨਿਗਮ ਅਧਿਕਾਰੀਆਂ ਨੂੰ ਮੰਗ-ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਇਸ ਦੇ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੂੜੇ ਦੇ ਡੰਪ ਨਜ਼ਦੀਕ ਗਊਸ਼ਾਲਾਵਾਂ, ਮੰਦਰ, ਪਾਰਕ ਆਦਿ ਮੌਜੂਦ ਹਨ, ਜਿਥੇ ਲੋਕ ਸਵੇਰੇ ਸੈਰ ਕਰਨ ਆਉਂਦੇ ਹਨ ਕਿ ਉਹ ਤੰਦਰੁਸਤ ਰਹਿਣ ਪਰ ਉਹ ਕੂੜੇ ਦੇ ਡੰਪ ਦੀ ਬਦਬੂ ਨਾਲ ਤਰੋਤਾਜ਼ਾ ਹੋ ਕੇ ਨਹੀਂ ਸਗੋਂ ਗੰਦੀ ਹਵਾ ਲੈ ਕੇ ਆਪਣੇ ਘਰਾਂ ਨੂੰ ਜਾਂਦੇ ਹਨ। ਉਨ੍ਹਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਕਿ ਜੇਕਰ ਇਸ ਕੂੜੇ ਦੇ ਡੰਪ ਨੂੰ ਜਲਦ ਨਾ ਹਟਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਮੁਹੱਲਾ ਵਾਸੀ ਇਕੱਠੇ ਹੋ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ।