ਫਗਵਾੜਾ ਪੁਲਿਸ ਨਜਾਇਜ਼ ਕਬਜ਼ੇ ਹਟਾਉਣ ’ਚ ਲੱਗੀ, ਚੋਰਾਂ ਦੇ ਹੌਸਲੇ ਵਧੇ
ਨਜਾਇਜ਼ ਕਬਜ਼ੇ ਖਾਲੀ ਕਰਵਾਉਣ ਵਿੱਚ ਵਿਅਸਤ ਫਗਵਾੜਾ ਪੁਲਿਸ ਚੋਰਾਂ ਦੀ ਲੱਗੀ ਮੌਜ,ਘੱੁਮਣ
Publish Date: Fri, 23 Jan 2026 07:45 PM (IST)
Updated Date: Fri, 23 Jan 2026 07:45 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਦੀ ਬੀਤੇ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਸਮੱਸਿਆ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀ ਹੈ, ਜਿਸ ਨੂੰ ਹਟਾਉਣ ਲਈ ਨਗਰ ਨਿਗਮ ਫਗਵਾੜਾ ਨੇ ਯੈਲੋ ਲਾਈਨ ਤੱਕ ਲਗਾ ਦਿੱਤੀ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਸਕਿਆ। ਉਪਰੰਤ ਹੁਣ ਐੱਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਵੱਲੋਂ ਬੀਤੇ ਦੋ ਕੁ ਦਿਨਾਂ ਤੋ ਸ਼ਹਿਰ ਵਿਚ ਕੀਤੇ ਨਜਾਇਜ਼ ਕਬਜ਼ਿਆਂ ਨੂੰ ਖਾਲੀ ਕਰਾਉਣ ’ਤੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਪਰ ਉੱਧਰ ਚੋਰਾਂ ਦੀ ਮੌਜ ਲੱਗ ਚੁੱਕੀ ਹੈ ਕਿਉਂਕਿ ਫਗਵਾੜਾ ਪ੍ਰਸ਼ਾਸਨ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਪ੍ਰਦਾਨ ਕਰ ਰਿਹਾ ਹੈ ਤੇ ਚੋਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇਕ ਘਟਨਾ ਹੁਸ਼ਿਆਰਪੁਰ ਰੋਡ ਤੇ ਬੀਐੱਮਐੱਸ ਖਾਦ ਸਟੋਰ ’ਤੇ ਹੋਈ ਜਿੱਥੇ ਕਿ ਰਾਤ ਨੂੰ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਇਨਵਰਟਰ, ਨਗਦੀ, ਵਾਈਫਾਈ ਰੂਟਰ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਦੁਕਾਨਦਾਰ ਦਾ ਹਜ਼ਾਰਾਂ ਰੁਪਇਆ ਦਾ ਨੁਕਸਾਨ ਹੋ ਗਿਆ ਹੈ। ਜਦੋਂ ਇਸ ਘਟਨਾ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਲਾਡੀ ਸ਼ੇਰਗਿਲ ਅਤੇ ਜਸਵਿੰਦਰ ਸਿੰਘ ਘੁੰਮਣ ਨੂੰ ਲੱਗੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਇਸ ਮੌਕੇ ਜਸਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਨਗਰ ਨਿਗਮ ਫਗਵਾੜਾ ਵੱਲੋਂ ਸ਼ਹਿਰ ਵਾਸੀਆਂ ਤੋਂ ਟੈਕਸ ਵਸੂਲਿਆ ਜਾਂਦਾ ਹੈ ਤਾਂ ਜੋ ਉਹ ਸ਼ਹਿਰ ਵਾਸੀਆਂ ਨੂੰ ਸਹੂਲਤ ਦੇ ਸਕਣ ਪਰ ਇਸ ਤੇ ਬਾਵਜੂਦ ਵੀ ਨਾ ਤਾਂ ਸ਼ਹਿਰ ਵਿਚ ਰਾਤ ਨੂੰ ਸਟਰੀਟ ਲਾਈਟਾਂ ਜਗਦੀਆਂ ਹਨ ਤੇ ਨਾ ਹੀ ਸੜਕਾਂ ਦਾ ਕੋਈ ਵਾਲੀ-ਵਾਰਸ ਹੈ। ਹੁਣ ਫਗਵਾੜਾ ਪੁਲਿਸ ਨੂੰ ਵੀ ਨਗਰ ਨਿਗਮ ਦੀ ਨਕਾਮੀ ਨੂੰ ਲੁਕਾਉਣ ਲਈ ਆਪ ਸੜਕਾਂ ’ਤੇ ਉਤਰਨਾ ਪਿਆ ਹੈ, ਜਿਸ ਦਾ ਪੂਰਾ ਲਾਭ ਸ਼ਹਿਰ ਵਿਚ ਘੁੰਮਦੇ ਚੋਰ ਲੈ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਨੂੰ ਕੁਰਸੀਆਂ ਛੱਡਕੇ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਪੁਲਿਸ ਪ੍ਰਸ਼ਾਸਨ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਨਕੇਲ ਪਾ ਸਕੇ।