ਟਿੱਪਰਾਂ ਦੀ ਆਵਾਜਾਈ ’ਤੇ ਰੋਕ ਲਈ ਡੀਸੀ ਨੂੰ ਸੌਂਪਿਆ ਮੰਗ ਪੱਤਰ
ਟਿਪਰਾਂ ਦੀ ਆਵਾਜਾਈ ’ਤੇ ਰੋਕ ਲਈ ਡੀਸੀ ਨੂੰ ਮੰਗ ਪੱਤਰ ਸੌਂਪਿਆ
Publish Date: Fri, 28 Nov 2025 06:56 PM (IST)
Updated Date: Fri, 28 Nov 2025 06:59 PM (IST)
- ਲਿੰਕ ਰੋਡ ’ਤੇ ਹੋ ਰਹੇ ਹਾਦਸਿਆਂ ਤੇ ਜਾਨੀ ਨੁਕਸਾਨ ’ਤੇ ਗਹਿਰੀ ਚਿੰਤਾ ਪ੍ਰਗਟਾਈ
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਕਸਬਾ ਨਡਾਲਾ ਅਤੇ ਨੇੜਲੇ ਪਿੰਡਾਂ ਦੇ ਮੋਹਤਬਰਾਂ ਦਾ ਇੱਕ ਵਫ਼ਦ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਮਿਲਿਆ ਅਤੇ ਨਡਾਲਾ–ਬੇਗੋਵਾਲ ਰੋਡ ’ਤੇ ਭਾਰੀ ਟਿੱਪਰ–ਟਰਾਲਿਆਂ ਦੀ ਆਵਾਜਾਈ ’ਤੇ ਤੁਰੰਤ ਰੋਕ ਲਗਾਉਣ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਦੇ ਮੈਂਬਰਾਂ ਨੇ ਡੀਸੀ ਕੋਲ ਰੋਸ ਪ੍ਰਗਟਾਉਂਦੇ ਹੋਏ ਦੱਸਿਆ ਕਿ ਸੁਭਾਨਪੁਰ, ਨਡਾਲਾ, ਬੇਗੋਵਾਲ ਤੋਂ ਹੁੰਦੀ ਹੋਈ ਟਾਂਡਾ–ਦਸੂਹਾ ਨੂੰ ਜਾਣ ਵਾਲੀ ਲਿੰਕ ਰੋਡ ’ਤੇ ਮਾਇਨਿੰਗ ਮਾਫੀਆ ਵੱਲੋਂ ਬਿਆਸ ਦਰਿਆ ਤੋਂ ਗਲਤ ਤਰੀਕੇ ਨਾਲ ਰੇਤ, ਬਜਰੀ ਅਤੇ ਕਰੈਸ਼ਰ ਸਮੱਗਰੀ ਭਰੇ ਟਿੱਪਰ ਦਿਨ–ਰਾਤ ਲੰਘਾਏ ਜਾ ਰਹੇ ਹਨ। ਇਸ ਕਾਰਨ ਆਮ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਤੇ ਲੱਖਾਂ ਰੁਪਏ ਨਾਲ ਬਣੀਆਂ ਸੜਕਾਂ ਵੀ ਨੱਸ ਰਹੀਆਂ ਹਨ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਲਗਾਤਾਰ ਟਿੱਪਰ ਲੰਘਣ ਦੀ ਵਜ੍ਹਾ ਨਾਲ ਹੁਣ ਤੱਕ ਸੈਂਕੜੇ ਹਾਦਸੇ ਅਤੇ ਕਈ ਜਾਨਾਂ ਜਾ ਚੁੱਕੀਆਂ ਹਨ, ਪਰ ਮਾਇਨਿੰਗ ਵਿਭਾਗ, ਪੁਲਿਸ ਅਤੇ ਟਿੱਪਰ ਮਾਲਕਾਂ ਦੀ ਮਿਲੀਭੁਗਤ ਕਾਰਨ ਇਹ ਗੈਰ ਕਾਨੂੰਨੀ ਆਵਾਜਾਈ ਨਾ ਰੁਕੀ। ਪਿੰਡ ਵਾਸੀਆਂ ਅਤੇ ਪੰਚਾਇਤਾਂ ਵੱਲੋਂ ਟਿੱਪਰਾਂ ਨੂੰ ਰੋਕਣ ਦੀ ਬੇਨਤੀ ਕਰਨ ‘ਤੇ ਡਰਾਇਵਰਾਂ ਵੱਲੋਂ ਝਗੜੇ, ਧਮਕੀਆਂ ਅਤੇ ਮਾਰ–ਕੁੱਟ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ। ਮੋਹਤਬਰਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਲੱਥ ਸਿਵਲ ਪ੍ਰਸ਼ਾਸਨ ਵੱਲੋਂ ਦਿਨ ਵੇਲੇ ਟਿੱਪਰਾਂ ਦੀ ਆਮਦ ‘ਤੇ ਪਾਬੰਦੀ ਲਗਾਉਣ ਦੇ ਹੁਕਮ ਤਾਂ ਹਨ, ਪਰ ਇਹ ਹੁਕਮ ਸਿਰਫ਼ ਕਾਗਜ਼ੀ ਸਾਬਤ ਹੋ ਰਹੇ ਹਨ । ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਐਸਡੀਐਮ ਵੱਲੋਂ ਜਾਰੀ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ, ਤਾਂ ਜੋ ਹੋਰ ਬੇਗੁਨਾਹ ਲੋਕਾਂ ਦੀਆਂ ਜਾਨਾਂ ਨਾਲ ਖੇਡ ਨਾ ਹੋਵੇ। ਅੰਤ ‘ਚ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਲਿੰਕ ਰੋਡ ਤੋਂ ਟਿੱਪਰਾਂ ਦੀ ਆਵਾਜਾਈ ਬਿਲਕੁਲ ਬੰਦ ਕੀਤੀ ਜਾਵੇ, ਹਾਦਸਿਆਂ ਅਤੇ ਮੌਤਾਂ ‘ਤੇ ਰੋਕ ਲਗਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਲਵਿੰਦਰ ਸਿੰਘ ਘੋਤੜਾ, ਅਵਤਾਰ ਸਿੰਘ ਮੁਲਤਾਨੀ, ਅਵਤਾਰ ਸਿੰਘ ਵਾਲੀਆ, ਕੌਂਸਲਰ ਆਤਮਾ ਸਿੰਘ, ਕੌਂਸਲਰ ਸੰਦੀਪ ਪਸ਼ਰੀਚਾ, ਸ਼ੋਭਾ ਪਸ਼ਰੀਚਾ, ਕੌਂਸਲਰ ਮਨਜੀਤ ਕੌਰ ਵਾਲੀਆਂ, ਕੌਂਸਲਰ ਮਹਿੰਦਰ ਸਿੰਘ ਸਹੋਤਾ, ਸਰਪੰਚ ਅਮਨਦੀਪ ਸਿੰਘ ਕਾਹਲੋਂ, ਕੌਂਸਲਰ ਮੋਨਿਕਾ ਅਰੋੜਾ, ਕੌਂਸਲਰ ਮੋਨਿਕਾ ਜੋਸ਼ੀ, ਕੌਂਸਲਰ ਸੰਦੀਪ ਸੈਣੀ, ਕੌਂਸਲਰ ਦਲਜੀਤ ਕੌਰ, ਕੌਂਸਲਰ ਬਲਜੀਤ ਸਿੰਘ ਸਮੇਤ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ।