ਪਿੰਡ ਸੈਦਪੁਰ ਬਸਤੀ ਦੇ ਲੋਕ ਨਰਕ ਵਰਗਾ ਜੀਵਨ ਜਿਉਣ ਨੂੰ ਮਜਬੂਰ
ਪਿੰਡ ਸੈਦਪੁਰ ਬਸਤੀ ਦੇ ਲੋਕ ਨਰਕ ਵਰਗਾ ਜੀਵਨ ਜਿਉਣ ਨੂੰ ਮਜਬੂਰ
Publish Date: Fri, 30 Jan 2026 07:10 PM (IST)
Updated Date: Fri, 30 Jan 2026 07:13 PM (IST)
ਦੁਖੀ ਹੋ ਕੇ ਬਸਤੀ ਵਾਸੀਆਂ ਪੰਜਾਬ ਸਰਕਾਰ ਤੇ ਪੰਚਾਇਤ ਦਾ ਪੁਤਲਾ ਫੂਕਿਆ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਦੇਸ਼ ਦੇ ਆਜ਼ਾਦ ਹੋਣ ਦੇ 80 ਸਾਲ ਬਾਅਦ ਵੀ ਪੇਂਡੂ ਖੇਤਰ ਵਿਚ ਕਈ ਲੋਕ ਹਾਲੇ ਵੀ ਨਰਕ ਵਰਗਾ ਜੀਵਨ ਜਿਉਣ ਲਈ ਮਜਬੂਰ ਹਨ ਜਦਕਿ ਮੌਜੂਦਾ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ। ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸੈਦਪੁਰ ਬਸਤੀ ਦੇ ਲੋਕਾਂ ਵੱਲੋਂ ਗਣਤੰਤਰ ਦਿਵਸ ਵਾਲੇ ਦਿਨ ਪਿੰਡ ਵਿਚ ਸੀਵਰੇਜ, ਗੰਦਾ ਪਾਣੀ ਇਕੱਠਾ ਹੋਣ ਕਾਰਨ ਬਿਤਾ ਰਹੇ ਬਦਤਰ ਜੀਵਨ ਤੋਂ ਦੁਖੀ ਹੋ ਕੇ ਪੰਜਾਬ ਸਰਕਾਰ ਤੇ ਮੌਜੂਦਾ ਪੰਚਾਇਤ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਤੇ ਪੰਚਾਇਤ ਦਾ ਪੁਤਲਾ ਵੀ ਸਾੜਿਆ। ਇਸ ਸਮੇਂ ਨਾਅਰੇਬਾਜ਼ੀ ਕਰਦਿਆਂ ਬਸਤੀ ਸੈਦਪੁਰ ਦੇ ਵਸਨੀਕ ਐਡਵੋਕੇਟ ਦਲਜੀਤ ਸਿੰਘ ਨੇ ਦੱਸਿਆ ਕਿ ਸੈਦਪੁਰ ਬਸਤੀ ਵਿਚ ਲੰਮੇ ਸਮੇਂ ਤੋਂ ਟੁੱਟੀਆਂ ਸੜਕਾਂ, ਗਲੀਆਂ ਤੇ ਸੀਵਰੇਜ ਦੇ ਗੰਦੇ ਪਾਣੀ ਨਾਲ ਤਰਸਯੋਗ ਹਾਲਤ ਬਣੀ ਹੋਈ ਹੈ। ਇਥੇ ਰਹਿ ਰਹੇ ਲੋਕਾਂ, ਜੋ ਤਕਰੀਬਨ ਐੱਸਸੀ ਭਾਈਚਾਰੇ ਨਾਲ ਸਬੰਧਤ ਹਨ, ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਇਥੇ ਕੋਈ ਵੀ ਵਿਕਾਸ ਜਾਣ-ਬੁੱਝ ਕੇ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਤਾਂ ਸੰਵਿਧਾਨ ਦਾ ਦਿਨ ਹੈ ਪਰ ਸਾਡੇ ਹੱਕ ਕਾਗਜ਼ਾਂ ਵਿਚ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਸਾਰਿਆਂ ਨੇ ਜਿਸ ਵਿਅਕਤੀ ਨੂੰ ਸਰਪੰਚ ਬਣਾਇਆ ਸੀ, ਉਹੀ ਸਰਪੰਚ ਹੁਣ ਵਿਰੋਧੀ ਧਿਰਾਂ ਦੇ ਹੱਥੇ ਚੜ ਕੇ ਸਾਡੀ ਬਸਤੀ ਵਿਚ ਵਿਕਾਸ ਨਹੀਂ ਹੋਣ ਦੇ ਰਿਹਾ। ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਗਲੀ ਵਿਚ ਫੈਲਿਆ ਬਦਬੂਦਾਰ ਸੀਵਰੇਜ ਦਾ ਪਾਣੀ, ਮੱਖੀਆਂ, ਮੱਛਰ ਕਾਰਨ ਉੱਥੇ ਰਹਿਣਾ ਤਾਂ ਦੂਰ ਦੀ ਗੱਲ ਹੈ, ਗਲੀ ਵਿੱਚੋਂ ਗੁਜਰਨਾ ਮੁਸ਼ਕਲ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਚਾਇਤ ਤੇ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਦਿਵਾਉਣ ਦੇ ਬਾਵਜੂਦ ਨਾ ਤਾਂ ਪੰਚਾਇਤ ਤੇ ਅਤੇ ਨਾ ਹੀ ਪ੍ਰਸ਼ਾਸਨ ਸਾਡੀ ਕੋਈ ਸੁਣਵਾਣੀ ਕਰ ਰਿਹਾ ਹੈ। ਇਸ ਮੌਕੇ ਹਾਜ਼ਰ ਐਡਵੋਕੇਟ ਦਿਲਜੀਤ ਸਿੰਘ, ਬਿੱਕਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਜਸਵੀਰ ਸਿੰਘ ਛੱਜੂ, ਅਮਰੀਕ ਸਿੰਘ, ਮਨਪ੍ਰੀਤ, ਗਗਨ, ਹਰਜਿੰਦਰ ਸਿੰਘ, ਬਲਦੇਵ ਦੇਬਾ, ਅਰਪਨ ਸਿੰਘ, ਬਖਸ਼ੀਸ਼ ਸਿੰਘ, ਇੰਦਰਜੀਤ, ਗੋਰਖਾ ਸਿੰਘ, ਸੁਖਵਿੰਦਰ ਸਿੰਘ, ਕਾਕਾ, ਬਖਸ਼ੋ, ਬੰਸੀ, ਮਨਜੀਤ ਕੌਰ, ਵਿੱਦਿਆ ਆਦਿ ਨੇ ਕਿਹਾ ਕਿ ਜੇ ਜਲਦੀ ਕੰਮ ਨਾ ਸ਼ੁਰੂ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।