ਪਾਵਨ ਨਗਰੀ ’ਚ ਦੇਰ ਰਾਤ ਲੋਕਾਂ ਨੇ ਪਰਿਵਾਰਾਂ ਸਮੇਤ ਮਨਾਈ ਲੋਹੜੀ
ਪਾਵਨ ਨਗਰੀ ਵਿੱਚ ਦੇਰ ਰਾਤ ਲੋਕਾਂ ਨੇ ਪਰਿਵਾਰਾਂ ਸਮੇਤ ਮਨਾਈ ਲੋਹੜੀ
Publish Date: Tue, 13 Jan 2026 10:03 PM (IST)
Updated Date: Tue, 13 Jan 2026 10:06 PM (IST)
'ਆ ਧੀਏ ਨੀ ਤੇਰਾ ਸ਼ਗਨ ,ਮਨਾਵਾ ਪੁੱਤਾਂ ਵਾਂਗ ਤੇਰੀ ਲੋਹੜੀ ਪਾਵਾਂ' ਨਾਲ ਖੁਸ਼ੀ ਕੀਤੀ ਸਾਂਝੀ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਾਵਨ ਨਗਰੀ ਸੁਲਤਾਨਪੁਰ ਲੋਧੀ ਤੇ ਇਲਾਕੇ ਦੇ ਸਮੂਹ ਪਿੰਡਾਂ ਵਿਚ ਲੋਹੜੀ ਦਾ ਤਿਉਹਾਰ ਪਰਿਵਾਰਾਂ ਵੱਲੋਂ ਮਿਲਕੇ ਮਨਾਇਆ ਗਿਆ। ਦੇਰ ਰਾਤ ਤੱਕ ਪਰਿਵਾਰ ਨੇ ਇਕੱਠੇ ਬੈਠ ਕੇ ਲੋਹੜੀ ਮਨਾਈ ਤੇ ਇਕ-ਦੂਜੇ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਭਾਰੀ ਠੰਢ ਦੇ ਬਾਵਜੂਦ ਵੀ ਲੋਕ ਦੇਰ ਰਾਤ ਤੱਕ ਇਕੱਠੇ ਲੋਹੜੀ ਦਾ ਆਨੰਦ ਲੈਂਦੇ ਰਹੇ। ਅਜਿਹਾ ਨਜ਼ਾਰਾ ਖੇਤਰ ਅੰਦਰ ਰਾਤ ਸਮੇਂ ਆਮ ਹੀ ਵੇਖਣ ਨੂੰ ਮਿਲਿਆ। ਪਰਿਵਾਰਾਂ ਵੱਲੋਂ ਸਾਂਝੀ ਲੋਹੜੀ ਬਾਲ ਕੇ ਤਿਲ, ਮੂੰਗਫਲੀ, ਰਿਉੜੀਆਂ ਸੁੱਟਣ ਦੀ ਰਸਮ ਅਦਾ ਕੀਤੀ ਗਈ। ਉੱਥੇ ਹੀ ਵੱਖ-ਵੱਖ ਥਾਵਾਂ ’ਤੇ ਲੋਕ ਡੀਜੇ ’ਤੇ ਉੱਚੀਆਂ ਧੁੰਨਾਂ ਤੇ ਨੱਚਦੇ ਵੀ ਵਿਖਾਈ ਦਿੱਤੇ। ਕੁੜੀਆਂ ਵੱਲੋਂ ਗਿੱਧਾ ਪਾ ਕੇ ਖੁਸ਼ੀ ਮਨਾਉਂਦਿਆਂ ਲੋਹੜੀ ਦਾ ਤਿਉਹਾਰ ਮਨਾਇਆ। ਘਰ ਦੇ ਬਜ਼ੁਰਗਾਂ ਨੇ ਪੁਰਾਣੀ ਪਰੰਪਰਾ ਅਨੁਸਾਰ ਲੋਹੜੀ ਦੇ ਗੀਤ ਸੁਣਾ ਕੇ ਨੌਜਵਾਨ ਪੀੜ੍ਹੀ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਡੀ ਪੁਰਾਣੀ ਵਿਰਾਸਤ ਨੂੰ ਅਜੋਕੇ ਯੁਗ ਵਿਚ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁੰਡੇ ਜੰਮਣ ਜਾਂ ਨਵੇਂ ਵਿਆਹ ’ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ ਪ੍ਰੰਤੂ ਹੁਣ ਨਵੀਂ ਪਰੰਪਰਾ ਅਨੁਸਾਰ ਕਈ ਪਰਿਵਾਰ ਲੜਕੀ ਜੰਮਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਂਦੇ ਹਨ ਜੋ ਕਿ ਨਵੇਂ ਯੁੱਗ ਦੀ ਪਰੰਪਰਾ ਹੈ, ਜਿਸ ਨੇ ਲੜਕੇ ਲੜਕੀ ਦੇ ਜੰਮਣ ਦਾ ਫਰਕ ਮਿਟਾਇਆ ਹੈ। 'ਆ ਧੀਏ ਨੀ ਤੇਰੇ ਸ਼ਗਨ ਮਨਾਵਾਂ ਪੁੱਤਾ ਵਾਂਗ ਤੇਰੀ ਲੋਹੜੀ ਪਾਵਾਂ' ਤਹਿਤ ਸਾਡੇ ਸਮਾਜ ਅੰਦਰ ਜਿੰਨੀ ਖੁਸ਼ੀ ਪੁੱਤਰ ਦੇ ਪੈਦਾ ਹੋਣ ਦੀ ਹੁੰਦੀ ਹੈ, ਓਨੀ ਹੀ ਖੁਸ਼ੀ ਸਾਨੂੰ ਲੜਕੀ ਦੇ ਪੈਦਾ ਹੋਣ ਸਮੇਂ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਅੰਦਰ ਧੀਆਂ ਨੂੰ ਵੀ ਬਰਾਬਰ ਦਾ ਸਨਮਾਨ ਮਿਲ ਸਕੇ।