ਸੜਕਾਂ ’ਤੇ ਘੁੰਮਦੇ ਬੇਸਹਾਰਾ ਪਸ਼ੂਆਂ ਤੋਂ ਲੋਕ ਤੇ ਕਿਸਾਨ ਪਰੇਸ਼ਾਨ
ਸੜਕਾਂ ਅਤੇ ਖੇਤਾਂ ਵਿਚ ਘੁੰਮਦੇ ਅਵਾਰਾ ਪਸ਼ੂਆਂ ਤੋਂ ਲੋਕ ਅਤੇ ਕਿਸਾਨ ਪ੍ਰੇਸ਼ਾਨ
Publish Date: Fri, 05 Dec 2025 08:48 PM (IST)
Updated Date: Sat, 06 Dec 2025 04:15 AM (IST)

--ਧੁੰਦ ਦੇ ਮੌਸਮ ਸ਼ੁਰੂ ਹੋਣ ਤੋਂ ਬਾਅਦ ਸੜਕੀ ਹਾਦਸਿਆਂ ਦਾ ਕਾਰਨ ਬਣਨਗੇ ਇਹ ਪਸ਼ੂ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਪਿੰਡਾਂ ਤੇ ਸ਼ਹਿਰ ’ਚ ਘੁੰਮਦੇ ਅਵਾਰਾ ਪਸ਼ੂਆਂ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ ਜਿਥੇ ਇੱਕ ਪਾਸੇ ਸੰਘਣੀ ਧੁੰਦ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜਿਸ ਨਾਲ ਇਹ ਬੇਸਹਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਨਣਗੇ। ਉੱਥੇ ਹੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਚਾਉਣ ਲਈ ਰਾਤਾਂ ਨੂੰ ਜਾਗਣਾ ਪੈ ਰਿਹਾ ਹੈ ਅਤੇ ਇਹ ਬੇਸਹਾਰਾ ਪਸ਼ੂ ਦਿਨ ਵੇਲੇ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਹੀ ਹਨ ਉਥੇ ਹੀ ਰਾਤ ਨੂੰ ਵੀ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰਦੇ ਹਨ, ਜਿਸ ਨੂੰ ਲੈ ਕੇ ਕਿਸਾਨ ਵੀ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਚਿੰਤਤ ਹਨ। ਕਿਸਾਨਾਂ ਦੇ ਨਾਲ ਨਾਲ ਇਹ ਬੇਸਹਾਰਾ ਪਸ਼ੂ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹੋਏ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਰਹੇ ਹਨ ਅਤੇ ਇਹ ਅਵਾਰਾ ਪਸ਼ੂ ਸਰਦ ਰੁੱਤ ਦੌਰਾਨ ਧੁੰਦ ਦੇ ਮੌਸਮ ਵਿੱਚ ਹੋਰ ਵੀ ਘਾਤਕ ਜਾਨਲੇਵਾ ਸਾਬਤ ਹੁੰਦੇ ਹਨ ਜਦੋਂ ਇਹ ਸੜਕਾਂ ’ਤੇ ਜਾ ਰਹੇ ਵਾਹਨਾਂ ਨਾਲ ਟਕਰਾ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣਦੇ ਹਨ। ਇਨ੍ਹਾਂ ਬੇਸਹਾਰਾ ਪਸ਼ੂਆਂ ਕਰਕੇ ਹੁੰਦੇ ਸੜਕੀ ਹਾਦਸਿਆਂ ਵਿੱਚ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ ਅਤੇ ਇਹ ਸਮੱਸਿਆ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਬੇਸ਼ੱਕ ਸੂਬਾ ਸਰਕਾਰ ਵਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਗਊ ਕਰ ਦੇ ਨਾਂ ’ਤੇ ਟੈਕਸ ਲਗਾ ਕੇ ਜਨਤਾ ਕੋਲੋਂ ਪੈਸੇ ਦੀ ਵਸੂਲੀ ਕੀਤੀ ਜਾਂਦੀ ਹੈ ਪਰ ਉਸ ਦੇ ਬਾਵਜੂਦ ਸ਼ਹਿਰ ਅੰਦਰ ਸੈਂਕੜਿਆਂ ਦੀ ਤਦਾਦ ਵਿਚ ਬੇਸਹਾਰਾ ਪਸ਼ੂਆਂ ਨੂੰ ਸੜਕਾਂ ’ਤੇ ਘੁੰਮਦੇ ਹੋਏ ਮੌਤ ਦਾ ਤਾਂਡਵ ਕਰਦੇ ਆਮ ਦਿਖਾਈ ਦਿੰਦੇ ਹਨ। ਬੇਸ਼ੱਕ ਸ਼ਹਿਰ ਵਿਚ ਗਾਊਸ਼ਾਲਾਵਾਂ ਹਨ ਪਰ ਉਸ ਦੇ ਬਾਵਜੂਦ ਸਰਕਾਰ ਤੇ ਸਮਾਜ ਸੇਵਕ ਜੱਥੇਬੰਦੀਆਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਵਿਚ ਨਾਕਾਮ ਸਾਬਿਤ ਹੋ ਰਹੀਆਂ ਹਨ। ਸੜਕਾਂ ’ਤੇ ਝੁੰਡ ਬਣਾ ਬਣਾ ਕੇ ਘੁੰਮਦੇ ਇਹ ਬੇਸਹਾਰਾ ਪਸ਼ੂ ਜਦੋਂ ਭੂਤਰ ਕੇ ਇਕ ਦੂਜੇ ਨਾਲ ਲੜਾਈ ਕਰਦੇ ਹਨ ਤਾਂ ਸੜਕਾਂ ’ਤੇ ਚੱਲਣ ਵਾਲਿਆਂ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ। ਕਪੂਰਥਲਾ ਸ਼ਹਿਰ ਨੂੰ ਆਉਣ ਵਾਲੀਆਂ ਪ੍ਰਮੁੱਖ ਸੜਕਾਂ ਸੁਲਤਾਨਪੁਰ ਲੋਧੀ ਰੋਡ, ਜਲੰਧਰ ਰੋਡ, ਸੁਭਾਨਪੁਰ ਰੋਡ, ਨਕੋਦਰ ਰੋਡ ਸਮੇਤ ਹਰ ਗਲੀ ਮੁਹੱਲੇ ਅੰਦਰ ਅਵਾਰਾ ਪਸ਼ੂ ਦੁਰਘਟਨਾਵਾਂ ਦੀ ਵਜ੍ਹਾ ਬਣ ਰਹੇ ਹਨ ਪਰ ਇਸਦੇ ਬਾਵਜੂਦ ਵੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਮੂਕ ਦਰਸ਼ਕ ਬਣੀ ਬੈਠਾ ਹੈ। ਭਾਵੇਂ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਪਸ਼ੂਆਂ ਨੂੰ ਸਾਂਭਣ ਲਈ ਸਰਕਾਰੀ ਗਊਸ਼ਾਲਾ ਤੋਂ ਇਲਾਵਾ ਗਊ ਸੇਵਕਾ ਵੱਲੋਂ ਪ੍ਰਾਈਵੇਟ ਗਊਸ਼ਾਲਾ ਵੀ ਖੋਲ੍ਹੀਆਂ ਗਈਆਂ ਹਨ ਪਰ ਸਰਕਾਰੀ ਗਊਸ਼ਾਲਾ ਵਿੱਚ ਇਨ੍ਹਾਂ ਪਸ਼ੂਆਂ ਨੂੰ ਸਾਂਭਣ ਲਈ ਸਰਦੀ ਦੇ ਮੌਸਮ ਵਿੱਚ ਨਾ ਮਾਤਰ ਪ੍ਰਬੰਧ ਹੋਣ ਕਰਕੇ ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਜੋਕਿ ਲੋਕਾਂ ਦੀ ਕੀਮਤੀ ਜਾਨ ਲੈਣ ਦੇ ਨਾਲ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਵੀ ਉਜਾੜਾ ਕਰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਣ ਦਾ ਪ੍ਰਬੰਧ ਕਰੇ ਤਾਂ ਕਿ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ। ਉੱਥੇ ਹੀ ਲੋਕਾਂ ਨੇ ਵੀ ਪ੍ਰਸਾਸ਼ਨ ਪਾਸੋਂ ਮੰਗ ਕੀਤੀ ਹੈ ਕਿ ਸੜਕਾਂ ’ਤੇ ਘੁੰਮ ਰਹੇ ਇਨ੍ਹਾਂ ਪਸ਼ੂਆਂ ਦਾ ਧੁੰਦ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸੇ ਤਰ੍ਹਾਂ ਦਾ ਲੋਕਾਂ ਦਾ ਸੜਕਾਂ ’ਤੇ ਘੁੰਮਦੇ ਇਨ੍ਹਾਂ ਪਸ਼ੂਆਂ ਕਾਰਨ ਕੋਈ ਨੁਕਸਾਨ ਨਾ ਹੋ ਸਕੇ।