ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੇ ਮੰਤਰੀ ਅਸਤੀਫਾ ਦੇਣ : ਜੀਟੀਯੂ
ਨਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਸਕੂਲਾਂ ਚ ਪਾਰਟ ਟਾਈਮ ਸਵੀਪਰਾਂ ਨੂੰ ਨਹੀਂ ਨਸੀਬ ਹੋ ਰਹੀ ਤਨਖਾਹ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
Publish Date: Thu, 20 Nov 2025 09:24 PM (IST)
Updated Date: Thu, 20 Nov 2025 09:25 PM (IST)

ਸਰਕਾਰ ਪਾਰਟ ਟਾਈਮ ਸਵੀਪਰਾਂ ਨੂੰ ਨਹੀਂ ਦੇ ਰਹੀ ਤਨਖਾਹ ਕੁੱਕ ਬੀਬੀਆਂ ਨੂੰ ਵੀ ਅੱਧੀ ਤਨਖਾਹ ’ਤੇ ਕਰਨਾ ਪੈ ਰਿਹਾ ਗੁਜ਼ਾਰਾ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ। ਦੋ ਮਹੀਨੇ ਬੀਤਣ ਮਗਰੋਂ ਵੀ ਸਰਕਾਰੀ ਸਕੂਲਾਂ ’ਚ ਕੰਮ ਕਰਦੇ ਪਾਰਟ ਟਾਈਮ ਕਰਮਚਾਰੀ, ਜਿਨ੍ਹਾਂ ਨੂੰ ਬਹੁਤ ਹੀ ਨਗੂਣੀ 3000 ਅਤੇ 5000 ਰੁਪਏ ਤਨਖਾਹ ਮਿਲਦੀ ਹੈ, ਉਹ ਵੀ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਇੰਨੀ ਮਹਿਗਾਈ ਵਿਚ ਉਨ੍ਹਾਂ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੈ। ਇਸੇ ਤਰ੍ਹਾਂ ਹੀ ਸਕੂਲਾਂ ਵਿਚ ਬੱਚਿਆਂ ਲਈ ਖਾਣਾ ਬਣਾ ਰਹੀਆਂ ਬੀਬੀਆਂ ਜੋ 3000-3000 ਵਿਚ ਕੰਮ ਕਰਦੀਆਂ ਹਨ, ਉਨ੍ਹਾਂ ਦੀ ਤਨਖਾਹ ਵੀ 1500-1500 ਕਰਕੇ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਮਨੋਹਰ ਲਾਲ ਸ਼ਰਮਾ ਤੇ ਸਹਾਇਕ ਸਕੱਤਰ ਪ੍ਰੈੱਸ ਸਕੱਤਰ ਗਣੇਸ਼ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਹੁਣ ਤੱਕ ਪਾਰਟ ਟਾਈਮ ਸਵੀਪਰਾਂ ਨੂੰ ਤਨਖਾਹ ਨਸੀਬ ਨਹੀਂ ਹੋਈ ਅਤੇ ਮਿਡ ਡੇ ਮੀਲ ਵਰਕਰਜ਼ ਨੂੰ ਕਿਸ਼ਤਾਂ ਵਿਚ ਤਨਖਾਹ ਦਿੱਤੀ ਜਾ ਰਹੀ ਹੈ। ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਫੂਕ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ। ਪੰਜਾਬ ਭਰ ਦੇ ਲੋਕਾਂ ਸਾਹਮਣੇ ਸਿੱਖਿਆ ਕ੍ਰਾਂਤੀ ਦਾ ਅਸਲ ਚਿਹਰਾ ਸਾਹਮਣੇ ਆ ਚੁੱਕਿਆ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਕੁਲਦੀਪ ਪੁਰੋਵਾਲ, ਗੁਰਪ੍ਰੀਤ ਅਮੀਵਾਲ, ਮੀਤ ਪ੍ਰਧਾਨ ਗੁਰਦੀਪ ਬਾਜਵਾ ਤੇ ਹਰਿੰਦਰ ਮੱਲੀਆਂ ਨੇ ਕਿਹਾ ਕਿ ਪੌਣੇ ਚਾਰ ਸਾਲ ਵੀ ਬੀਤਣ ਮਗਰੋਂ ਵੀ ਸਿੱਖਿਆ ਮੰਤਰੀ ਹਰ ਤਰ੍ਹਾਂ ਦੀਆਂ ਪ੍ਰੀਖਿਆਵਾਂ, ਹਰ ਫਰੰਟ ’ਤੇ ਫੇਲ ਸਾਬਿਤ ਹੋਏ ਹਨ। ਪਾਰਦਰਸ਼ੀ ਢੰਗ ਨਾਲ ਬਦਲੀਆਂ, ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾਂ, ਪੰਜਾਬ ਸਰਕਾਰ ਦੀ ਆਪਣੀ ਸਿੱਖਿਆ ਨੀਤੀ ਨੂੰ ਬਣਾਉਣ ਦੇ ਫੋਕੇ ਦਾਅਵੇ ਇਸ਼ਤਿਹਾਰ ਬਾਜ਼ੀਆਂ ਕਰਨ ਵਾਲੇ ਸਿੱਖਿਆ ਮੰਤਰੀ ਇਨ੍ਹਾਂ ਮਾਮਲਿਆਂ ’ਚ ਹੁਣ ਤੱਕ ਫੇਲ੍ਹ ਸਾਬਿਤ ਹੋਏ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਤਨਖਾਹਾਂ ਦੇਣ ਤੋਂ ਅਸਮਰੱਥ ਹੈ ਤਾਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸਿੱਖਿਆ ਮੰਤਰੀ ਪੰਜਾਬ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅਧਿਆਪਕਾਂ ਨੇ ਆਪਣੇ ਪੱਲਿਓਂ ਪੈਸੇ ਖਰਚ ਕੇ ਬੋਰਡ ਬਣਵਾਏ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਪਰ ਵਿਭਾਗ ਨੇ ਅਜੇ ਤੱਕ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਇਹ ਰਾਸ਼ੀ ਵੀ ਜਾਰੀ ਨਹੀਂ ਕੀਤੀ ਗਈ। ਕੈਪਸ਼ਨ-20ਪੀਐਚਜੀ6,20ਪੀਐਚਜੀ7,20ਪੀਐਚਜੀ8