ਪਾਕਿਸਤਾਨੀ ਡੋਰ ਚਾਈਨਾ ਨਾਲੋਂ ਵੀ ਜ਼ਿਆਦਾ ਖ਼ਤਰਨਾਕ
ਪਾਕਿਸਤਾਨੀ ਡੋਰ, ਚਾਇਨਾ ਡੋਰ ਨਾਲੋਂ ਵੀ ਜ਼ਿਆਦਾ ਖ਼ਤਰਨਾਕ : ਗਗਨਦੀਪ\ਨਵਪ੍ਰੀਤ
Publish Date: Sat, 06 Dec 2025 10:19 PM (IST)
Updated Date: Sat, 06 Dec 2025 10:21 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਸਰਦੀਆਂ ਦੇ ਮੌਸਮ ਵਿਚ ਪਤੰਗਬਾਜ਼ੀ ਦੀ ਰੌਣਕ ਤਾਂ ਵੱਧ ਜਾਂਦੀ ਹੈ, ਪਰ ਨਾਲ ਹੀ ਖਤਰੇ ਵੀ ਦੁਗਣੇ ਹੋ ਜਾਂਦੇ ਹਨ। ਇਸ ਮੌਕੇ ਬਾਜ਼ਾਰਾਂ ਵਿਚ ਰੰਗ–ਬਿਰੰਗੀਆਂ ਚਾਈਨਾ ਡੋਰ ਅਤੇ ਪਤੰਗਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਤਾਂ ਹਨ, ਪਰ ਜਦੋਂ ਲੋਕ ਇਸਨੂੰ ਹਵਾ ਵਿਚ ਉਡਾਉਂਦੇ ਹਨ ਤਾਂ ਇਨ੍ਹਾਂ ਦੀ ਲਪੇਟ ਵਿਚ ਰਾਹਗੀਰ, ਬੱਚੇ, ਪਸ਼ੂ ਅਤੇ ਪੰਛੀ ਤੱਕ ਆ ਜਾਂਦੇ ਹਨ, ਜਿਸ ਨਾਲ ਕਈ ਵਾਰ ਇਹ ਮਾਰੂ ਡੋਰ ਲੋਕਾਂ ਦੀ ਕੀਮਤੀ ਜਾਨ ਵੀ ਲੈ ਲੈਂਦੀ ਹੈ। ਇਹ ਸ਼ਬਦ ਡਾ. ਗਗਨਦੀਪ ਸਿੰਘ ਐਂਟੀ ਡਰੱਗ ਕਲੱਬ ਦੋਆਬਾ ਅਤੇ ਨਵਪ੍ਰੀਤ ਸਿੰਘ ਐੱਮਡੀ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਨੇ ਸਾਂਝੇ ਤੌਰ ’ਤੇ ਕਹੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਪਾਕਿਸਤਾਨੀ, ਚਾਈਨਾ ਜਾਂ ਹੋਰ ਖ਼ਤਰਨਾਕ ਮਾਣਜਿਆਂ ਵਾਲੀਆਂ ਡੋਰਾਂ ਦੀ ਖਰੀਦ, ਵਿਕਰੀ ਅਤੇ ਵਰਤੋਂ ‘ਤੇ ਪੂਰਨ ਤੌਰ ਉਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਡੋਰ ਤਾਂ ਚਾਈਨਾ ਡੋਰ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕੇਵਲ ਭਾਰਤੀ ਅਤੇ ਦੇਸੀ ਸੁਰੱਖਿਅਤ ਡੋਰਾਂ ਹੀ ਪਤੰਗਬਾਜ਼ੀ ਦੌਰਾਨ ਵਰਤਣ ਅਤੇ ਆਪਣੀ ਅਤੇ ਹੋਰਾਂ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਂਣ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਇਕ ਸ਼ੌਂਕ ਹੈ ਪਰ ਜਾਨ ਬੇਹੱਦ ਕੀਮਤੀ ਹੈ।