ਵਿਰੋਧੀ ਸਿਰਫ ਝੂਠੇ ਪ੍ਰਚਾਰ ਕਰ ਰਹੇ : ਐਡ. ਚੰਦੀ
ਆਪ ਸਰਕਾਰ ਦੀ ਲੋਕਪ੍ਰਿਯਤਾ ਤੋਂ ਵਿਰੋਧੀ ਧਿਰਾਂ ਹਤਾਸ਼ ਹੋ ਚੁੱਕੀਆਂ ਹਨ : ਐਡਵੋਕੇਟ ਚੰਦੀ
Publish Date: Mon, 24 Nov 2025 07:31 PM (IST)
Updated Date: Mon, 24 Nov 2025 07:31 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਇਕ ਦੂਰਅੰਦੇਸ਼ੀ ਨੀਤੀ ਲਿਆਂਦੀ ਹੈ, ਜਿਸ ਦਾ ਮੁੱਖ ਟੀਚਾ ਪੰਜਾਬ ਨੂੰ ਕਾਰੋਬਾਰ ਕਰਨ ਲਈ ਭਾਰਤ ਦਾ ਸਭ ਤੋਂ ਆਕਰਸ਼ਕ ਸਥਾਨ ਬਣਾਉਣਾ ਹੈ, ਜਿਥੇ ਪਹਿਲਾਂ ਸੂਬੇ ਵਿਚ ਕਾਰੋਬਾਰ ਸਥਾਪਤ ਕਰਨ ਲਈ ਨਿਵੇਸ਼ਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹੁਣ ਸਰਕਾਰ ਨੇ ਬਿਜ਼ਨੈੱਸ ਫਸਟ ਦੀ ਨੀਤੀ ਅਪਣਾਉਂਦੇ ਹੋਏ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਸੋਮਵਾਰ ਨੂੰ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸੂਚਨਾ ਤਕਨਾਲੋਜੀ(ਆਈਟੀ)ਅਤੇ ਇਲੈਕਟ੍ਰੋਨਿਕਸ ਸੈਕਟਰ ਵਿਚ ਹੋ ਰਹੇ ਨਿਵੇਸ਼ਾਂ ਦਾ ਜ਼ਿਕਰ ਕੀਤਾ, ਜੋ ਪੰਜਾਬ ਇਨਫੋਟੈੱਕ ਦੇ ਖੇਤਰ ਹਨ। ਉਨ੍ਹਾਂ ਕਿਹਾ ਕਿ ਇਸ ਨਵੀਂ ਨੀਤੀ ਨਾਲ ਸੂਬੇ ਵਿਚ ਆਈਟੀ ਸੈਕਟਰ ਵਿਚ ਵੀ ਭਾਰੀ ਨਿਵੇਸ਼ ਆਉਣ ਦੀ ਉਮੀਦ ਹੈ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਦੀ ਹੁਨਰਮੰਦੀ ਵਿਚ ਵਾਧਾ ਹੋਵੇਗਾ ਤੇ ਉਹ ਵਿਸ਼ਵ ਪੱਧਰ ’ਤੇ ਮੁਕਾਬਲਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਮਾਨਦਾਰ ਅਗਵਾਈ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ, ਜਿਸ ਦਾ ਫਾਇਦਾ ਆਮ ਲੋਕਾਂ ਨੂੰ ਸਿੱਧਾ ਮਿਲ ਰਿਹਾ ਹੈ। ਉਨ੍ਹਾਂ ਇਸ ਯਤਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਆਰਥਿਕਤਾ ਲਈ ਇਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਦੇ ਸਮੂਹ ਨਿਵੇਸ਼ਕਾਂ ਨੂੰ ਪੰਜਾਬ ਵਿਚ ਆ ਕੇ ਨਿਵੇਸ਼ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਇਕ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਲਿਆ ਹੈ। ਐਡਵੋਕੇਟ ਚੰਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਿਸ ਤਰ੍ਹਾਂ ਆਪ ਸਰਕਾਰ ਨੇ ਸਿਹਤ, ਸਿੱਖਿਆ ਅਤੇ ਬਿਜਲੀ ਦੇ ਖੇਤਰ ’ਚ ਵੱਡੇ ਸੁਧਾਰ ਕੀਤੇ ਹਨ, ਉਹ ਪੰਜਾਬ ਦੀ ਸਿਆਸੀ ਅਤੇ ਸਮਾਜਿਕ ਦਿਸ਼ਾ ਨੂੰ ਬਦਲ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਅੱਜ ਵਿਕਾਸ ਦੇ ਕੰਮਾਂ ਨੂੰ ਵੇਖ ਰਹੇ ਹਨ, ਨਾ ਕਿ ਵਿਰੋਧੀਆਂ ਦੇ ਬੇਬੁਨਿਆਦ ਪ੍ਰਚਾਰ ਨੂੰ। ਆਪ ਹਲਕਾ ਇੰਚਾਰਜ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪ ਸਰਕਾਰ ਦੀ ਲੋਕਪ੍ਰਿਯਤਾ ਤੋਂ ਵਿਰੋਧੀ ਧਿਰਾਂ ਹਤਾਸ਼ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਕੋਈ ਠੋਸ ਮੁੱਦਾ ਨਹੀਂ ਹੈ ਅਤੇ ਉਹ ਸਿਰਫ ਝੂਠੇ ਪ੍ਰਚਾਰ ’ਤੇ ਨਿਰਭਰ ਕਰ ਰਹੀਆਂ ਹਨ। ਇਸ ਮੌਕੇ ਐਡ. ਚੰਦੀ ਨੇ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਕਰਵਾਏ ਜਾਣ ਨੂੰ ਇਤਿਹਾਸਿਕ ਫੈਸਲਾ ਦੱਸਿਆ, ਜਿਸ ਲਈ ਭਗਵੰਤ ਮਾਨ ਸਰਕਾਰ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਸੁਨਿਹਰੀ ਅੱਖਰਾਂ ਨਾਲ ਅੰਕਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦਾ ਫਲਸਫਾ ਹਮੇਸ਼ਾ ਸੱਚਾਈ ਅਤੇ ਨੇਕੀ ਦੇ ਵਾਸਤੇ ਰਿਹਾ ਹੈ। ਕੈਪਸ਼ਨ : 24ਕੇਪੀਟੀ10