ਕਤਲ ’ਚ ਲੋੜੀਂਦੇ ਮੁਲਜ਼ਮਾਂ ’ਚੋਂ ਇਕ ਕਾਬੂ
ਨੌਜਵਾਨ ਦੇ ਕਤਲ ਵਿੱਚ ਲੋੜੀਂਦੇ ਤਿੰਨ ਦੋਸ਼ੀਆਂ ਵਿਚੋਂ ਇੱਕ ਗ੍ਰਿਫਤਾਰ
Publish Date: Mon, 08 Dec 2025 08:46 PM (IST)
Updated Date: Mon, 08 Dec 2025 08:48 PM (IST)

ਫਰਾਰ ਦੋਸ਼ੀ ਜਲਦ ਕੀਤੇ ਜਾਣਗੇ ਕਾਬੂ : ਡੀਐੱਸਪੀ ਭੁਲੱਥ ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਭੁਲੱਥ : ਸਬ ਡਵੀਜ਼ਨ ਭੁਲੱਥ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਐੱਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਮਿਤੀ 21/11/2025/ ਨੂੰ ਮਿਆਣੀ ਬਾਕਰਪੁਰ ਢਿੱਲਵਾਂ ਲੰਡਨ ਪੈਲੇਸ ਦੇ ਪਿੱਛੇ ਖੇਤਾਂ ਵਿਚੋਂ ਹਰਵਿੰਦਰ ਸਿੰਘ ਉਰਫ ਰਾਲੂ ਪੁੱਤਰ ਬਲਵੰਤ ਸਿੰਘ ਵਾਸੀ ਮਿਆਣੀ ਬਾਕਰਪੁਰ ਢਿੱਲਵਾਂ ਦੀ ਲਾਸ਼ ਮਿਲੀ ਸੀ। ਇਸ ਕੇਸ ਸਬੰਧੀ ਐੱਸਐੱਸਪੀ ਗੌਰਵ ਤੂਰਾ ਦੀ ਰਹਿਨੁਮਾਈ ਹੇਠ ਪ੍ਰਭਜੋਤ ਸਿੰਘ ਵਿਰਕ ਐੱਸਪੀ (ਡੀ) ਕਪੂਰਥਲਾ ਵੱਲੋਂ ਮੁਕੱਦਮਾ ਟਰੇਸ ਕਰਨ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਐੱਸਆਈ ਦਲਵਿੰਦਰਬੀਰ ਸਿੰਘ ਥਾਣਾ ਮੁਖੀ ਢਿੱਲਵਾਂ ਵੱਲੋਂ ਪੁਲਿਸ ਪਾਰਟੀ ਸਮੇਤ ਪੜਤਾਲ ਕਰਕੇ ਕੇਸ ਨੂੰ ਟਰੇਸ ਕਰਕੇ ਸਫਲਤਾ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਕਤਲ ਹੋਏ ਲੜਕੇ ਦੀ ਮਾਤਾ ਕਪੂਰ ਕੌਰ ਨੇ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਉਸ ਦਾ ਲੜਕਾ ਹਰਵਿੰਦਰ ਸਿੰਘ ਉਰਫ ਰਾਲੂ ਮੋਟਰਸਾਈਕਲ ’ਤੇ ਘਰੋਂ ਗਿਆ ਪਰ ਵਾਪਸ ਨਹੀਂ ਪਰਤਿਆ। ਇਸ ਸਬੰਧੀ ਉਨ੍ਹਾਂ ਆਪਣੇ ਜਵਾਈ ਜਗਮੋਹਨ ਸਿੰਘ ਨੂੰ ਸੱਦਿਆ ਤੇ ਉਹ ਲੜਕੇ ਹਰਵਿੰਦਰ ਸਿੰਘ ਦੀ ਭਾਲ ਕਰਨ ਲੱਗੇ। ਮਿਤੀ 21-11-2025 ਨੂੰ ਜਗਮੋਹਨ ਸਿੰਘ ਨੇ ਕਪੂਰ ਕੌਰ ਨੂੰ ਦੱਸਿਆ ਕਿ ਹਰਵਿੰਦਰ ਸਿੰਘ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਤੇ ਉਸ ਦੀ ਲਾਸ਼ ਲੰਡਨ ਪੈਲੇਸ ਦੇ ਪਿੱਛੇ ਖੇਤਾਂ ਵਿਚ ਪਈ ਹੈ। ਲਾਸ਼ ਖੇਤਾਂ ਵਿਚ ਬਿਜਲੀ ਵਾਲੇ ਖੰਬੇ ਨਜ਼ਦੀਕ ਖੂਨ ਨਾਲ ਲੱਥਪੱਥ ਮਿਲੀ ਸੀ। ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਥਾਣਾ ਢਿੱਲਵਾਂ ਪੁਲਿਸ ਵੱਲੋਂ ਕਤਲ ਨੂੰ ਅੰਜਾਮ ਦੇਣ ਵਾਲੇ ਸਨੀ ਰਿਸ਼ੀਦੇਵ ਪੁੱਤਰ ਵਿਨੋਦ ਰਿਸ਼ੀਦੇਵ ਵਾਸੀ ਕੁੜਮੰਰ ਜ਼ਿਲਾ ਸਿਰਸਾ ਬਿਹਾਰ ਹਾਲ ਵਾਸੀ ਮੋਟਰ ਗੋਪੀ ਤਰਫ ਸਿੰਘ ਵਾਸੀ ਧਾਲੀਵਾਲ ਬੇਟ ਥਾਣਾ ਢਿੱਲਵਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਲਿਆ। ਰਿਮਾਂਡ ਦੌਰਾਨ ਉਸ ਨੇ ਆਪਣੇ ਦੋ ਸਾਥੀਆਂ ਸੰਜੇ ਕੁਮਾਰ ਪੁੱਤਰ ਸਕੰਦਰਾ ਰਿਸ਼ੀ, ਦੇਵਰਾਜਾ ਰਿਸ਼ੀਦੇਵ ਪੁੱਤਰ ਚੰਦਨ ਰਿਸ਼ੀਦੇਵ ਵਾਸੀਆਨ ਹਸਨਪੁਰ ਥਾਣਾ ਰਾਣੀਗੰਜ ਜ਼ਿਲ੍ਹਾ ਅਰਰੀਆ ਸਟੇਟ ਬਿਹਾਰ ਦੱਸਿਆ। ਕਤਲ ਕਰਨ ਦੀ ਵਜ੍ਹਾ ਆਪਸੀ ਰੰਜਿਸ਼ ਸੀ। ਪਤਾ ਲੱਗਾ ਕਿ ਇਨ੍ਹਾਂ ਦਾ ਮ੍ਰਿਤਕ ਨਾਲ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ। ਡੀਐੱਸਪੀ ਭੁਲੱਥ ਕਰਨੈਲ ਸਿੰਘ ਨੇ ਕਿਹਾ ਕਿ ਫਰਾਰ ਹੋਏ ਦੋ ਦੋਸ਼ੀ ਜਲਦ ਗ੍ਰਿਫਤਾਰ ਕੀਤੇ ਜਾਣਗੇ, ਇਸ ਮੌਕੇ ਥਾਣਾ ਮੁਖੀ ਢਿੱਲਵਾਂ ਦਲਵਿੰਦਰ ਬੀਰ ਸਿੰਘ ਵੀ ਹਾਜ਼ਰ ਸਨ।