ਖੇਡ ਮੈਦਾਨ ਵਿਚੋਂ ਮਿਲੀ ਨਵਜ਼ਾਤ ਬੱਚੇ ਦੀ ਲਾਸ਼

ਬੱਚੀ ਦੇ ਸਰੀਰ ’ਤੇ ਜਾਨਵਾਰਾਂ ਦੇ ਨੋਚਣ ਦੇ ਨਿਸ਼ਾਨ
ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣਕਪੂਰਥਲਾ:
ਸਬ ਡਵੀਜ਼ਨ ਭੁਲੱਥ ਵਿਚ ਪੈਂਦੇ ਮਹਿਮਦਪੁਰ ਵਿਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਵਾਸੀਆਂ ਵੱਲੋਂ ਖੇਡ ਮੈਦਾਨ ਵਿਚ ਇਕ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਡੀਐੱਸਪੀ ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਬੱਚੀ ਦੇ ਸਰੀਰ ਉੱਤੇ ਜਾਨਵਰਾਂ ਦੇ ਨੋਚਣ ਦੇ ਵੀ ਨਿਸ਼ਾਨ ਪਾਏ ਗਏ ਹਨ, ਜਿਸਦੇ ਨਾਲ ਪ੍ਰਤੀਤ ਹੁੰਦਾ ਹੈ ਕਿ ਲਾਸ਼ ਨੂੰ ਕਾਫੀ ਸਮੇਂ ਤੋਂ ਉੱਥੇ ਸੁੱਟਿਆ ਹੋਇਆ ਸੀ। ਪੁਲਿਸ ਨੇ ਫਿਲਹਾਲ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਅਨੁਮਾਨ ਹੈ ਕਿ ਬੱਚੀ ਦੋ ਤੋਂ ਤਿੰਨ ਦਿਨ ਦੀ ਸੀ ਅਤੇ ਜਨਮ ਦੇ ਤੁਰੰਤ ਬਾਅਦ ਉਸਨੂੰ ਜਾਣਬੁੱਝ ਕੇ ਸੁੱਟਿਆ ਗਿਆ ਹੋਵੇਗਾ। ਸੂਤਰਾਂ ਅਨੁਸਾਰ ਆਸਪਾਸ ਲੱਗੇ ਸੀਸੀਟੀਵੀ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਘਟਨਾ ਸਥਾਨ ਉੱਤੇ ਪੁੱਜੇ ਏਐੱਸਆਈ ਸ਼ਾਮ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਲਾਸ਼ ਨੂੰ ਵੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਕਿਹਾ ਕਿ ਇਸ ਸਬੰਧ ਵਿਚ ਸਿਹਤ ਵਿਭਾਗ ਨੂੰ ਜਾਣਕਾਰੀ ਮਿਲ ਚੁੱਕੀ ਹੈ। ਹਾਲ ਹੀ ਵਿਚ ਖੇਤਰ ਵਿਚ ਜਿਨ੍ਹਾਂ ਗਰਭਵਤੀ ਔਰਤਾਂ ਦੀ ਡਿਲੀਵਰੀ ਹੋਈ ਹੈ, ਉਨ੍ਹਾਂ ਦਾ ਰਿਕਾਰਡ ਖੰਗਾਲਿਆ ਜਾਵੇਗਾ। ਬੱਚੇ ਦੀ ਮਾਂ ਅਤੇ ਪਰਿਵਾਰ ਦਾ ਪਤਾ ਲਗਾਉਣ ਲਈ ਸਿਹਤ ਅਤੇ ਪੁਲਿਸ ਵਿਭਾਗ ਸਾਂਝੀ ਜਾਂਚ ਕਰਣਗੇ। ਇਸਦੇ ਨਾਲ ਹੀ ਆਲੇ-ਦੁਆਲੇ ਦੇ ਪਿੰਡਾਂ ਵਿਚ ਨਵਜਾਤ ਬੱਚੀ ਅਤੇ ਉਸਦੀ ਮਾਂ ਦੀ ਪਹਿਚਾਣ ਲਈ ਲੋਕਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ।
--ਕੰਨਿਆ ਭਰੂਣ ਹੱਤਿਆ ਉੱਤੇ ਫਿਰ ਉੱਠੇ ਸਵਾਲ
ਇਸ ਘਟਨਾ ਨੇ ਇਕ ਵਾਰ ਫਿਰ ਸਮਾਜ ਵਿਚ ਫੈਲੀ ਕੰਨਿਆ ਭਰੂਣ ਹੱਤਿਆ ਉੱਤੇ ਗੰਭੀਰ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ। ਜਿਥੇ ਸਰਕਾਰ ਬੇਟੀਆਂ ਨੂੰ ਬਚਾਉਣ ਅਤੇ ਸਸ਼ਕਤ ਬਣਾਉਣ ਦੀਆਂ ਯੋਜਨਾਵਾਂ ਚਲਾ ਰਹੀ ਹੈ, ਉਥੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਲਈ ਕਲੰਕ ਬਣਕੇ ਸਾਹਮਣੇ ਆਉਂਦੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਨਾਲ ਜੁੜੀ ਸੂਚਨਾ ਹੋਵੇ ਤਾਂ ਤੁਰੰਤ ਪੁਲਿਸ ਨੂੰ ਦੱਸੇ ਤਾਂ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ।
--ਧੀ ਬੋਝ ਨਹੀਂ, ਆਉਣ ਵਾਲਾ ਭਵਿੱਖ ਹੈ : ਰਮੇਸ਼ ਕਾਲੀਆ, ਸਮਾਜ ਸੇਵੀ
ਸਮਾਜ ਸੇਵੀ ਰਮੇਸ਼ ਕਾਲੀਆ ਨੇ ਕਿਹਾ ਕਿ ਇਹ ਦੋਸ਼ ਕੇਵਲ ਇਕ ਬੱਚੀ ਦੀ ਹੱਤਿਆ ਦਾ ਨਹੀਂ, ਸਗੋਂ ਇਨਸਾਨੀਅਤ ਦੀ ਹੱਤਿਆ ਹੈ। ਅੱਜ ਬੇਟੀਆਂ ਹਰ ਖੇਤਰ ਵਿਚ ਮਿਸਾਲ ਪੇਸ਼ ਕਰ ਰਹੀਆਂ ਹਨ, ਫਿਰ ਵੀ ਕੁੱਝ ਲੋਕਾਂ ਦੀ ਮਾਨਸਿਕਤਾ ਉਥੇ ਦੀ ਉਥੇ ਹੀ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਖਤਮ ਕਰਣ ਲਈ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਹੋਵੇਗਾ।