ਸ੍ਰੀ ਗੁਰੂ ਰਵੀਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ : ਖੋਜੇਵਾਲ
ਸ੍ਰੀ ਗੁਰੂ ਰਵੀਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ-ਖੋਜੇਵਾਲ
Publish Date: Sat, 31 Jan 2026 08:58 PM (IST)
Updated Date: Sat, 31 Jan 2026 09:01 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਰਵੀਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਰਵੀਦਾਸ ਮੰਦਿਰ ਸੋਸਾਇਟੀ (ਰਜਿ.) ਖੋਜੇਵਾਲ ਵੱਲੋਂ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਖੋਜੇਵਾਲ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੰਦਿਆ ਕਿਹਾ ਕਿ ਇਸ ਸਮੇਂ ਗੁਰੂ ਸਾਹਿਬ ਜੀ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਬਰਾਬਰਤਾ ਦੀ ਗੱਲ ਕਰਦੀ ਹੈ ਤੇ ਆਪਣੇ ਅੰਦਰਲੇ ਹੰਕਾਰ ਨੂੰ ਖਤਮ ਕਰਨ ਲਈ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸੰਤ ਸਮਾਜ ਨੇ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਕਾਰਜ ਕੀਤੇ ਹਨ ਤੇ ਸਾਧੂ-ਸੰਤ ਪੰਜਾਬ ਵਿਚ ਵਿਦਿਆ ਤੇ ਸਿਹਤ ਸਹੂਲਤਾਂ ਲਈ ਵੱਡੇ-ਵੱਡੇ ਕਾਰਜ ਕਰ ਰਹੇ ਹਨ। ਪੰਜਾਬ ਵਿਚ ਜਾਤਪਾਤ ਨੂੰ ਖਤਮ ਕਰਨ ਵਿਚ ਗੁਰਬਾਣੀ ਦਾ ਸਭ ਤੋਂ ਵੱਧ ਪ੍ਰਭਾਵ ਰਿਹਾ ਹੈ। ਖੋਜੇਵਾਲ ਨੇ ਗੁਰੂ ਰਵਿਦਾਸ ਦੇ ਜੀਵਨ ਤੇ ਦਰਸ਼ਨ ਨੂੰ ਸਾਰੀ ਮਨੁੱਖਤਾ ਲਈ ਮਾਰਗਦਰਸ਼ਕ ਦੱਸਿਆ। ਉਨ੍ਹਾਂ ਹਾਜ਼ਰੀਨ ਨੂੰ ਬਰਾਬਰੀ ਦਾ ਸਮਾਜ ਸਿਰਜਣ ਲਈ ਅਣਥੱਕ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ, ਡਾ. ਬੀਆਰ ਅੰਬੇਡਕਰ ਦੇ ਆਦਰਸ਼ਾਂ ਨਾਲ ਮਿਲ ਕੇ ਪੰਜਾਬ ਨੂੰ ਪ੍ਰਗਤੀਸ਼ੀਲ ਤੇ ਖੁਸ਼ਹਾਲ ਭਵਿੱਖ ਵੱਲ ਲੈ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਸੰਤਾਂ-ਮਹਾਂਪੁਰਖਾਂ ਦੀ ਧਰਤੀ ਰਹੀ ਹੈ। ਸਮੇਂ-ਸਮੇਂ ’ਤੇ ਇਥੇ ਰਿਸ਼ੀ-ਮਹਾਂਪੁਰਖਾਂ ਨੇ ਜਨਮ ਲਿਆ ਤੇ ਮਨੁੱਖਤਾ ਨੂੰ ਨਵੀਂ ਦਿਸ਼ਾ ਦਿਖਾਈ। ਇਹ ਸੰਤ ਭਾਵੇਂ ਕਿਸੇ ਵੀ ਦੌਰ ਵਿਚ ਆਏ, ਉਨ੍ਹਾਂ ਨੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ। ਸੱਚੇ ਸੰਤ ਹਮੇਸ਼ਾਂ ਜਾਤ, ਨਸਲ, ਸੰਪਰਦਾ, ਰੰਗ, ਦੇਸ਼ ਤੇ ਧਰਮ ਦੇ ਨਕਲੀ ਵਖਰੇਵਿਆਂ ਤੋਂ ਉਪਰ ਹੁੰਦੇ ਹਨ। ਸੰਤਾਂ ਦੇ ਇਸ ਸੰਸਾਰ ਵਿਚ ਆਉਣ ਦਾ ਮਕਸਦ ਕਿਸੇ ਨਵੇਂ ਧਰਮ ਜਾਂ ਸੰਪਰਦਾ ਦੀ ਸਥਾਪਨਾ ਕਰਨਾ ਨਹੀਂ ਹੈ। ਸੰਤ ਰਵਿਦਾਸ ਜੀ ਨੇ ਆਪਣੇ ਸਮੇਂ ਦੇ ਸਮਾਜ ਵਿਚ ਮੌਜੂਦ ਬੁਰਾਈਆਂ ਵਿਰੁੱਧ ਖੁੱਲ੍ਹ ਕੇ ਆਵਾਜ਼ ਉਠਾਈ। ਇਸ ਉਪਰਾਲੇ ਸਦਕਾ ਆਪ ਜੀ ਨੂੰ ਸੰਤ ਲਹਿਰ ਦੇ ਸ਼੍ਰੋਮਣੀ ਸੰਤ ਹੋਣ ਦਾ ਮਾਣ ਪ੍ਰਾਪਤ ਹੋਇਆ। ਇਸ ਮੌਕੇ ਪ੍ਰਧਾਨ ਨਿਰਮਲ ਲਾਲ, ਖਜ਼ਾਨਚੀ ਰਾਕੇਸ਼ ਕੁਮਾਰ, ਸਕੱਤਰ ਭਜਨ ਲਾਲ, ਵਿਨੈ ਕੁਮਾਰ, ਬਲਬੀਰ ਸਿੰਘ, ਰਵੀ ਕੁਮਾਰ, ਇੰਦਰਪਾਲ, ਸੁਰਜੀਤ ਸਿੰਘ, ਚਰਨਜੀਤ ਪੁਆਰ, ਸਰਪੰਚ ਸਿਮਰਨਜੀਤ ਸਿੰਘ ਜੋਸ਼, ਸੁਖਵਿੰਦਰ ਸਿੰਘ ਪ੍ਰਧਾਨ ਗੁਰੂਦੁਆਰਾ ਸ਼ਿੰਦਾ, ਮਾਸਟਰ ਸਿੰਦਰਪਾਲ, ਚਰਨਜੀਤ ਹੰਸ, ਸਾਬੀ ਲੰਕੇਸ਼, ਅਰਜੁਨ ਸੱਭਰਵਾਲ, ਜਸਵਿੰਦਰ ਉੱਗੀ, ਹਰੀਸ਼ ਪਵਾਰ, ਧਰਮਵੀਰ ਪਵਾਰ ਆਦਿ ਹਾਜ਼ਰ ਸਨ।