ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Publish Date: Fri, 05 Dec 2025 09:16 PM (IST)
Updated Date: Sat, 06 Dec 2025 04:15 AM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ : ਸ੍ਰੀ ਗੁਰੂ ਅਮਰਦਾਸ ਸੇਵਕ ਸਭਾ ਅਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ, ਮੁਹੱਲਾ ਸੀਨਾਪੁਰਾ ਵੱਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਦੇ ਤਹਿਤ ਸਲਾਨਾ ਕਥਾ ਸਮਾਗਮ ਅਤੇ ਢਾਡੀ ਦਰਬਾਰ 6 ਅਤੇ 7 ਦਸੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਮਾਗਮ ਦੇ ਸਬੰਧ ਵਿੱਚ ਮਹਾਨ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਦੁਪਹਿਰ 3 ਵਜੇ ਗੁਰਦੁਆਰਾ ਸਿੰਘ ਸਭਾ ਤੋਂ ਆਰੰਭ ਕੀਤਾ ਗਿਆ, ਜੋ ਕਿ ਗੁਰੂ ਤੇਗ ਬਹਾਦਰ ਨਗਰ, ਮਾਡਲ ਟਾਉਨ, ਪੀ.ਐਨ.ਟੀ. ਦਫਤਰ ਤੋਂ ਡਬਲ ਰੋਡ ਮਾਡਲ ਟਾਉਨ, ਐਲ.ਆਈ.ਸੀ. ਦਫਤਰ, ਗੁਰਦੁਆਰਾ ਦੇਵੀ ਤਾਲਾਬ, ਬੱਸ ਸਟੈਂਡ, ਮੁਹੱਲਾ ਜੱਟਪੁਰਾ ਤੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਸੀਨਪੁਰਾ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦੋਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਨੂੰ ਸੁੰਦਰ ਫੁੱਲਾ ਨਾਲ ਸਜਾਇਆ ਗਿਆ। ਇਸਤੋਂ ਇਲਾਵਾ ਸਿੱਖੀ ਸਰੂਪ ਵਿੱਚ ਸਜੇ ਪੰਜ ਪਿਆਰੇ ਨਗਰ ਕੀਰਤਨ ਦੀ ਅਗੁਵਾਈ ਕਰ ਰਹੇ ਸੀ। ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ। ਨਗਰ ਕੀਰਤਨ ਦਾ ਵੱਖ-ਵੱਖ ਜਗ੍ਹਾਂ ਤੇ ਸੰਗਤਾਂ ਵੱਲੋ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪੂਰਾ ਮਾਹੋਲ ਜੈ ਬੋਲੇ ਸੋ ਨਿਹਾਲ ਨਾਲ ਗੁੰਜ ਉਠਿਆ। ਨਗਰ ਕੀਰਤਨ ਦੋਰਾਨ ਵੱਖ-ਵੱਖ ਕੀਰਤਨੀ ਜੱਥੇਆਂ ਵੱਲੋ ਅਤੇ ਇਸਤਰੀਆਂ ਵੱਲੋ ਗੁਰਬਾਣੀ ਦਾ ਗਾਇਨ ਕੀਤਾ ਗਿਆ। ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤ ਲਈ ਜਗ੍ਹਾਂ ਜਗ੍ਹਾਂ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆਂ ਕਿ ਨਗਰ ਕੀਰਤਨ ਦੋਰਾਨ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਪਾਰਟੀਆਂ ਵੱਲੋ ਸਵਾਗਤ ਕੀਤਾ ਗਿਆ ਅਤੇ ਗੁਰੂ ਸਾਹਿਬ ਦੇ ਸਾਹਮਣੇ ਨਤਮਸਤਕ ਹੋ ਕੇ ਆਸ਼ਿਰਵਾਦ ਪ੍ਰਾਪਤ ਕੀਤਾ। ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ 6 ਅਤੇ 7 ਦਸੰਬਰ ਨੂੰ ਸਫਰ-ਏ-ਸ਼ਹਾਦਤ ਦੇ ਤਹਿਤ ਕਥਾ ਸਮਾਗਮ ਅਤੇ ਢਾਡੀ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 6 ਦਸੰਬਰ ਦਿਨ ਸ਼ਨੀਵਾਰ ਦੀ ਸ਼ਾਮ 7 ਤੋਂ ਰਾਤ ਕਰੀਬ 11 ਵਜੇ ਤੱਕ ਪ੍ਰਸਿਦ ਕਥਾਵਾਚਕ ਭਾਈ ਸਰਬਜੀਤ ਸਿੰਘ ਧੁੰਦਾ ਵਾਲੇ ਕਥਾ ਦਾ ਗੁਣਗਾਣ ਕਰਨਗੇ ਅਤੇ 7 ਦਸੰਬਰ ਦਿਨ ਐਤਵਾਰ ਦੀ ਸ਼ਾਮ 7 ਵਜੇ ਤੋਂ 11 ਵਜੇ ਤੱਕ ਪ੍ਰਸਿਧ ਇੰਟਰਨੈਸ਼ਨਲ ਢਾਡੀ ਜੱਥਾ ਭਾਈ ਗੁਰਪ੍ਰੀਤ ਸਿੰਘ (ਲਾਂਡਰਾ ਵਾਲੇ) ਗੁਰਬਾਣੀ ਕੀਰਤਨ ਦਾ ਗੁਣਗਾਣ ਕਰ ਸੰਗਤਾਂ ਨੂੰ ਨਿਹਾਲ ਕਰਨ ਕਰਨਗੇ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ, ਪ੍ਰਿੰਸ ਸਿੰਘ, ਮਾਸਟਰ ਸੁਰਜੀਤ ਸਿੰਘ, ਕਮਲਜੀਤ ਸਿੰਘ, ਹਰਭਜਨ ਸਿੰਘ, ਜਗਮੋਹਣ ਸਿੰਘ, ਯੁਵਰਾਜ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਯੂਐਸਏ, ਮਨਪ੍ਰੀਤ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ, ਮਹਿੰਦਰ ਸਿੰਘ ਕਨੇਡਾ, ਗੁਰਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।