26 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ
26 ਜਨਵਰੀ ਨੂੰ ਸਜਾਇਆ ਜਾਵੇਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
Publish Date: Fri, 23 Jan 2026 07:57 PM (IST)
Updated Date: Fri, 23 Jan 2026 08:00 PM (IST)

- 9 ਪਿੰਡਾਂ ਚ ਵੱਖ-ਵੱਖ ਥਾਵਾਂ ’ਤੇ ਹੋਵੇਗਾ ਭਰਵਾਂ ਸਵਾਗਤ - 25 ਤੱਕ ਜਾਰੀ ਰਹਿਣਗੀਆਂ ਪ੍ਰਭਾਤ ਫੇਰੀਆਂ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਗੁਰਦੁਆਰਾ ਬਾਬਾ ਗਲੀਆ ਜੀ ਪ੍ਰਬੰਧਕ ਕਮੇਟੀ ਪਿੰਡ ਨਿੱਝਰਾਂ ਵੱਲੋਂ ਅਨੋਖੇ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 7ਵਾਂ ਮਹਾਨ ਨਗਰ ਕੀਰਤਨ 26 ਜਨਵਰੀ, ਦਿਨ ਸੋਮਵਾਰ ਨੂੰ ਪਿੰਡ ਨਿੱਝਰਾਂ ਤੋਂ ਸਵੇਰੇ 9 ਵਜੇ ਆਰੰਭ ਕੀਤਾ ਜਾ ਰਿਹਾ ਹੈ, ਜੋ ਕਿ ਇਲਾਕੇ ਦੇ ਵੱਖ-ਵੱਖ 9 ਪਿੰਡਾਂ ਲੱਲੀਆਂ ਕਲਾਂ, ਬਸ਼ੇਸਰਪੁਰ, ਰਸੂਲਪੁਰ ਕਲਾਂ, ਕੁਰਾਲੀ, ਪੁਵਾਰਾਂ, ਗੋਨਾ ਚੱਕ, ਆਲੀ ਚੱਕ, ਕੁਹਾਲਾ ਤੇ ਗੋਬਿੰਦਪੁਰ ਤੱਕ ਦੀ ਪ੍ਰਕਰਮਾ ਕਰਕੇ ਵਾਪਸ ਗੁਰੂ ਘਰ ਪੁੱਜ ਕੇ ਸੰਪੰਨ ਹੋਵੇਗਾ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਪ੍ਰਧਾਨ ਤਜਿੰਦਰ ਸਿੰਘ ਨਿੱਝਰ ਤੇ ਖਜ਼ਾਨਚੀ ਦਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮਹਾਨ ਗੁਰਮਤਿ ਸਮਾਗਮਾਂ ਦੇ ਸੰਦਰਭ ਵਿਚ ਪ੍ਰਭਾਤ ਫੇਰੀਆਂ ਦਾ ਪ੍ਰਵਾਹ 25 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ ਅੰਮ੍ਰਿਤ ਵੇਲੇ ਜਥੇ ਵੱਲੋਂ ਪਿੰਡ ਦੀ ਪ੍ਰਕਰਮਾ ਕਰਕੇ ਗੁਰੂ ਜਸ ਗਾਇਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਨਗਰ ਕੀਰਤਨ ਦੌਰਾਨ ਪੰਥ ਪ੍ਰਸਿੱਧ ਢਾਡੀ ਗਿਆਨੀ ਲਵਪ੍ਰੀਤ ਸਿੰਘ ਜੋਸ਼ ਅੰਮ੍ਰਿਤਸਰ ਸਾਹਿਬ ਵਾਲੇ, ਗੁਰੂ ਘਰ ਦੇ ਕੀਰਤਨੀਏ ਭਾਈ ਬਲਬੀਰ ਸਿੰਘ ਗੁਰ ਸ਼ਬਦ ਪ੍ਰਚਾਰਕ ਜੱਥਾ ਗੁਰਬਾਣੀ ਤੇ ਗੁਰ ਇਤਿਹਾਸ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਜਦਕਿ 27 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਜਾ ਰਹੇ ਦੀਵਾਨ ਵਿਚ ਗਿਆਨੀ ਹਰਨੇਕ ਸਿੰਘ ਬੁਲੰਦਾ ਦਾ ਜੱਥਾ ਗੁਰੂ ਜਸ ਗਾਇਨ ਕਰੇਗਾ। ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਉਨ੍ਹਾਂ ਨੇ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਤੇ ਐੱਨਆਰਆਈਜ਼ ਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।