ਨਗਰ ਕੀਰਤਨ ਦਾ ਕਪੂਰਥਲਾ ਪਹੁੰਚਣ ’ਤੇ ਨਿੱਘਾ ਸਵਾਗਤ
ਨਗਰ ਕੀਰਤਨ ਦਾ ਕਪੂਰਥਲਾ ਜ਼ਿਲ੍ਹੇ ਵਿੱਚ ਪਹੁੰਚਣ ਉੱਤੇ ਸੰਗਤ ਵਲੋਂ ਭਰਵਾਂ ਸਵਾਗਤ
Publish Date: Sat, 22 Nov 2025 08:17 PM (IST)
Updated Date: Sat, 22 Nov 2025 08:19 PM (IST)

---ਹਜ਼ਾਰਾਂ ਸੰਗਤਾਂ ਨੇ ਨਗਰ ਕੀਰਤਨ ’ਚ ਸ਼ਿਰਕਤ ਕਰਕੇ ਗੁਰੂ ਸਾਹਿਬ ਦਾ ਲਿਆ ਅਸ਼ੀਰਵਾਦ ---ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਡਿਪਟੀ ਕਮਿਸ਼ਨਰ, ਚੀਮਾ, ਚੰਦੀ ਨੇ ਕੀਤੀ ਸ਼ਿਰਕਤ ਅਮਰੀਕ ਸਿੰਘ ਮੱਲ੍ਹੀ/ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਕਪੂਰਥਲਾ/ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਜੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਗੁਰਦਾਸਪੁਰ ਤੋਂ ਰਵਾਨਾ ਹੋਇਆ ਸੀ, ਅੱਜ ਬਿਆਸ ਦਰਿਆ ਉਪਰ ਗੋਇੰਦਵਾਲ ਦੇ ਪੁੱਲ ਰਾਹੀਂ ਕਪੂਰਥਲਾ ਜ਼ਿਲ੍ਹੇ ਵਿਚ ਪ੍ਰਵੇਸ਼ ਕੀਤਾ। ਪੁਲ ਉੱਪਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਡਿਪਟੀ ਕਮਿਸ਼ਨਰ, ਐੱਸਐੱਸਪੀ ਅਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਰੁਮਾਲਾ ਸਾਹਿਬ ਭੇਟ ਕੀਤਾ ਗਿਆ ਅਤੇ ਪੰਜ ਪਿਆਰਿਆਂ ਤੇ ਗ੍ਰੰਥੀ ਸਿੰਘਾਂ ਨੂੰ ਸਿਰੋਪਾਓ ਸਾਹਿਬ ਭੇਟ ਕੀਤੇ ਗਏ। ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਬੈਂਡ ਵਜਾਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤ ਵੱਲੋਂ ਮੁੰਡੀ ਮੋੜ ਵਿਖੇ ਲੰਗਰ ਦਾ ਪ੍ਰਬੰਧ ਕਰਨ ਤੋਂ ਇਲਾਵਾ ਪਿੰਡ ਉੱਚਾ, ਪਰਵੇਜ਼ ਨਗਰ ਅਤੇ ਹੋਰਨਾਂ ਥਾਵਾਂ ’ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ “ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਸਿਰਫ ਕਿਸੇ ਇਕ ਕੌਮ ਲਈ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਸ਼ਹਾਦਤ ਅਤੇ ਧਰਮ-ਨਿਰਪੱਖਤਾ ਦੀ ਅਨੋਖੀ ਮਿਸਾਲ ਹੈ।’’ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਧਰਮ ਦੀ ਰੱਖਿਆ ਲਈ ਆਪਣਾ-ਆਪ ਕੁਰਬਾਨ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰੀ ਪੰਡਤਾਂ ਨੇ ਜਦੋਂ ਗੁਰੂ ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨ ਦਾ ਫ਼ੈਸਲਾ ਕੀਤਾ। ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ, ਸੱਚ ਦੇ ਰਾਹ ਤੇ ਚੱਲਣ ਦੇ ਸਿਧਾਂਤ ਅਤੇ ਧਾਰਮਿਕ ਆਜ਼ਾਦੀ ਦੇ ਸੰਦੇਸ਼ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫ਼ੇ ਤੋਂ ਪ੍ਰੇਰਣਾ ਲੈਂਦਿਆਂ ਉਨ੍ਹਾਂ ਵੱਲੋਂ ਦਿਖਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਗੁਰੂ ਸਾਹਿਬ ਸਮੇਤ ਉਨ੍ਹਾਂ ਦੇ ਅਨਿੰਨ੍ਹ ਸਿੱਖਾਂ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਯਾਦ ਕਰਿਦਆਂ ਕਿਹਾ ਕਿ ਜ਼ਬਰ ਅਤੇ ਧਰਮ-ਪਰਿਵਰਤਨ ਦੇ ਖ਼ਿਲਾਫ ਉਹਨਾਂ ਨੇ ਇਕ ਅਟੱਲ ਚਟਾਨ ਵਾਂਗ ਖਲੋਅ ਕੇ ਦਰਸਾਇਆ ਕਿ ਸਿੱਖ ਧਰਮ ਦੇ ਨਾਇਕ ਕਿਸੇ ਇਕ ਧਰਮ ਲਈ ਨਹੀਂ, ਸਗੋਂ ਪੂਰੇ ਮਨੁੱਖਤਾ ਲਈ ਲੜਦੇ ਹਨ। ਇਸ ਤੋਂ ਇਲਾਵਾ ਕਪੂਰਥਲਾ ਸ਼ਹਿਰ ਵਿਖੇ ਬੱਸ ਅੱਡੇ ਨੇੜੇ ਸ਼ਹਿਰ ਦੀ ਸੰਗਤ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ । ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਨੁੱਖਤਾ ਤੇ ਧਰਮ ਲਈ ਕੀਤੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਦਿੱਲੀ ਦੇ ਚਾਂਦਨੀ ਚੌਂਕ ਵਿਚ ਗੁਰੂ ਜੀ ਨੇ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਅੱਤਿਆਚਾਰ ਦੇ ਖ਼ਿਲਾਫ਼ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਡਟ ਕੇ ਖੜ੍ਹਨ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਸ਼ਹਿਰ ਦੀ ਸੰਗਤ ਵੱਲੋਂ ਵੱਡੀ ਗਿਣਤੀ ਵਿਚ ਨਗਰ ਕੀਰਤਨ ਵਿਚ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸੰਗਤ ਵੱਲੋਂ ਨਗਰ ਕੀਰਤਨ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਇਥੋਂ ਇਹ ਨਗਰ ਕੀਰਤਨ ਅੱਗੇ ਵੱਧਦਾ ਹੋਇਆ ਕਰਤਾਰਪੁਰ ਤੋਂ ਜ਼ਿਲ੍ਹਾ ਜਲੰਧਰ ਵਿਚ ਦਾਖਲ ਹੋ ਗਿਆ। ਇਹ ਨਗਰ ਕੀਰਤਨ ਫਗਵਾੜਾ ਤੋਂ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਐੱਸਪੀ ਪ੍ਰਭਜੋਤ ਸਿੰਘ ਵਿਰਕ, ਆਈਪੀਐੱਸ ਧੀਰੇਂਦਰ ਵਰਮਾ, ਐੱਸਪੀ ਗੁਰਪ੍ਰੀਤ ਸਿੰਘ, ਐੱਸਡੀਐੱਮ ਇਰਵਿਨ ਕੌਰ ਤੇ ਅਲਕਾ ਕਾਲੀਆ ਹਾਜ਼ਰ ਸਨ। ਕੈਪਸ਼ਨ : 22ਕੇਪੀਟੀ10 ਕੈਪਸ਼ਨ : 22ਕੇਪੀਟੀ11 ਕੈਪਸ਼ਨ : 22ਕੇਪੀਟੀ12