ਮਾਰਕੀਟ ’ਚ ਨਗਰ ਨਿਗਮ ਦੀ ਸਖ਼ਤ ਕਾਰਵਾਈ, ਨਾਜਾਇਜ਼ ਕਬਜ਼ੇ ਹਟਾਏ
ਮਾਰਕੀਟ ਵਿੱਚ ਨਗਰ ਨਿਗਮ ਦੀ ਸਖ਼ਤ ਕਾਰਵਾਈ, ਨਾਜਾਇਜ਼ ਕਬਜ਼ੇ ਹਟਾਏ
Publish Date: Sun, 18 Jan 2026 09:06 PM (IST)
Updated Date: Sun, 18 Jan 2026 09:10 PM (IST)

ਕਾਰਵਾਈ ਦੌਰਾਨ ਮਾਰਕੀਟ ’ਚ ਤਣਾਅ, ਦੁਕਾਨਦਾਰਾਂ ਦਾ ਵਿਰੋਧ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿਚ ਐਤਵਾਰ ਨੂੰ ਮਾਲ ਰੋਡ ’ਤੇ ਲੱਗਣ ਵਾਲੀ ਸੰਡੇ ਮਾਰਕੀਟ ਵਿਚ ਨਗਰ ਨਿਗਮ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇੰਸਪੈਕਟਰ ਮਨੋਜ ਰੱਤੀ ਦੀ ਅਗਵਾਈ ਹੇਠ ਕੀਤੀ ਗਈ। ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਵੱਲੋਂ ਸਟੇਟ ਗੁਰਦੁਆਰਾ ਸਾਹਿਬ ਦੀ ਮਾਰਕੀਟ ਤੋਂ ਲੈ ਕੇ ਸਤਿਆ ਨਾਰਾਇਣ ਬਜ਼ਾਰ ਤੱਕ ਮੁਹਿੰਮ ਚਲਾਕੇ ਦੁਕਾਨਾਂ ਅੱਗੇ ਸੜਕਾਂ ’ਤੇ ਲਗੇ ਨਜਾਇਜ਼ ਸਟਾਲ, ਠੇਲੇ ਤੇ ਅਸਥਾਈ ਦੁਕਾਨਾਂ ਹਟਾਈਆਂ ਗਈਆਂ। ਕਾਰਵਾਈ ਦੌਰਾਨ ਨਿਗਮ ਅਧਿਕਾਰੀਆਂ ਨੇ ਕਈ ਦੁਕਾਨਦਾਰਾਂ ਦਾ ਸਮਾਨ ਜ਼ਬਤ ਕੀਤਾ ਤੇ ਮੌਕੇ ’ਤੇ ਹੀ ਉਨ੍ਹਾਂ ਦੇ ਚਲਾਨ ਕੱਟੇ। ਅਧਿਕਾਰੀਆਂ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਕਿਸੇ ਵੀ ਸੂਰਤ ਵਿਚ ਸੜਕ ਜਾਂ ਸਰਕਾਰੀ ਥਾਂ ’ਤੇ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਗਰ ਨਿਗਮ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ਿਆਂ ਕਾਰਨ ਮਾਰਕੀਟਾਂ ਵਿਚ ਰੋਜ਼ਾਨਾ ਜਾਮ ਦੀ ਸਥਿਤੀ ਬਣਦੀ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਨਿਗਮ ਨੇ ਸਪਸ਼ਟ ਕੀਤਾ ਕਿ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਕਾਰਵਾਈ ਦੌਰਾਨ ਸੰਡੇ ਮਾਰਕੀਟ ਅਤੇ ਸਤਿਆ ਨਾਰਾਇਣ ਬਜ਼ਾਰ ਵਿਚ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਦੁਕਾਨਦਾਰਾਂ ਤੇ ਨਿਗਮ ਕਰਮਚਾਰੀਆਂ ਵਿਚਕਾਰ ਕਈ ਵਾਰ ਤਿੱਖੀ ਬਹਿਸ ਵੀ ਹੋਈ। ਕਾਰਵਾਈ ਕਾਰਨ ਖਰੀਦਦਾਰੀ ਲਈ ਆਏ ਲੋਕਾਂ ਦੀ ਭੀੜ ਤੇ ਵਾਹਨਾਂ ਦੀ ਗਿਣਤੀ ਅਚਾਨਕ ਵਧ ਗਈ, ਜਿਸ ਨਾਲ ਸੜਕ ’ਤੇ ਲੰਮਾ ਜਾਮ ਲੱਗ ਗਿਆ। ਜਾਮ ’ਚ ਫਸੀ 108 ਐਂਬੂਲੈਂਸ, ਲੋਕਾਂ ’ਚ ਰੋਸ ਨਗਰ ਨਿਗਮ ਦੀ ਕਾਰਵਾਈ ਦੌਰਾਨ ਲੱਗੇ ਜਾਮ ਦੀ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਉੱਥੋਂ ਲੰਘ ਰਹੀ 108 ਐਂਬੂਲੈਂਸ ਵੀ ਕਾਫ਼ੀ ਦੇਰ ਤੱਕ ਜਾਮ ਵਿਚ ਫਸੀ ਰਹੀ। ਐਂਬੂਲੈਂਸ ਦੇ ਫਸੇ ਰਹਿਣ ਨਾਲ ਮੌਕੇ ’ਤੇ ਮੌਜੂਦ ਲੋਕਾਂ ਵਿਚ ਰੋਸ ਵੇਖਣ ਨੂੰ ਮਿਲਿਆ ਅਤੇ ਟ੍ਰੈਫਿਕ ਪ੍ਰਬੰਧ ’ਤੇ ਸਵਾਲ ਖੜੇ ਕੀਤੇ ਗਏ। ਲੋਕਾਂ ਦਾ ਕਹਿਣਾ ਸੀ ਕਿ ਕਾਰਵਾਈ ਦੇ ਨਾਲ-ਨਾਲ ਟ੍ਰੈਫਿਕ ਮੈਨੇਜਮੈਂਟ ਦੀ ਵੀ ਮਜ਼ਬੂਤ ਵਿਵਸਥਾ ਹੋਣੀ ਚਾਹੀਦੀ ਸੀ, ਤਾਂ ਜੋ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਦੁਕਾਨਦਾਰਾਂ ਦਾ ਵਿਰੋਧ ਸਥਾਨਕ ਦੁਕਾਨਦਾਰਾਂ ਨੇ ਨਗਰ ਨਿਗਮ ਦੀ ਕਾਰਵਾਈ ’ਤੇ ਨਾਰਾਜ਼ਗੀ ਜਤਾਈ। ਦੁਕਾਨਦਾਰ ਕਰਨ ਨੇ ਦੱਸਿਆ ਕਿ ਪਹਿਲਾਂ ਨਗਰ ਨਿਗਮ ਵੱਲੋਂ ਦੁਕਾਨਾਂ ਅੱਗੇ ਤਿੰਨ ਫੁੱਟ ਤੱਕ ਸਮਾਨ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਅਜਿਹੇ ਵਿਚ ਅਚਾਨਕ ਕੀਤੀ ਗਈ ਕਾਰਵਾਈ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਉਹ ਤੇ ਹੋਰ ਦੁਕਾਨਦਾਰ ਪਿਛਲੇ 20–20 ਸਾਲਾਂ ਤੋਂ ਇਥੇ ਵਪਾਰ ਕਰ ਰਹੇ ਹਨ ਤੇ ਇਸ ਤਰ੍ਹਾਂ ਦੀ ਕਾਰਵਾਈ ਉਨ੍ਹਾਂ ਦੇ ਰੋਜ਼ਗਾਰ ’ਤੇ ਸਿੱਧਾ ਹਮਲਾ ਹੈ। ਦੁਕਾਨਦਾਰਾਂ ਨੇ ਬਿਨਾਂ ਅਗਾਊਂ ਸੂਚਨਾ ਦੇ ਕਾਰਵਾਈ ਕਰਨ ਤੇ “ਡੰਡਾਸ਼ਾਹੀ” ਅਪਣਾਉਣ ਦੇ ਦੋਸ਼ ਵੀ ਲਗਾਏ। ਮੌਕੇ ’ਤੇ ਪੰਡਿਤ, ਰਮੇਸ਼ ਕੁਮਾਰ, ਪਰਵੀਨ, ਸਨੀ, ਮਣੀ, ਜਿੰਦ ਮਹੇਸ਼ ਸਮੇਤ ਹੋਰ ਵੀ ਮੌਜੂਦ ਸਨ। ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰ ਰਹੇ ਦੂਜੇ ਪਾਸੇ, ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰੱਤੀ ਨੇ ਕਿਹਾ ਕਿ ਕਈ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕਈ ਦੁਕਾਨਦਾਰ ਨਿਰਧਾਰਤ ਹੱਦ ਤੋਂ ਵੱਧ ਜਗ੍ਹਾ ਘੇਰ ਕੇ ਸਟਾਲ ਅਤੇ ਫੜੀਆਂ ਲਗਾ ਰਹੇ ਸਨ, ਜਿਸ ਨਾਲ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਬੰਦ ਦੁਕਾਨ ਅੱਗੇ ਸਟਾਲ ਜਾਂ ਫੜੀ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਭਵਿੱਖ ਵਿਚ ਵੀ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਨਗਰ ਨਿਗਮ ਦਾ ਉਦੇਸ਼ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਸੁਚਾਰੂ ਰੱਖਣਾ ਤੇ ਆਮ ਲੋਕਾਂ ਨੂੰ ਸੁਰੱਖਿਅਤ ਤੇ ਸੁਵਿਧਾਜਨਕ ਆਵਾਜਾਈ ਮੁਹੱਈਆ ਕਰਵਾਉਣਾ ਹੈ।