ਯੂਨੀਅਨ ਬਜਟ ਦੀ ਤਾਰੀਖ ਨੂੰ ਮੁੜ ਤੈਅ ਕਰਨ ਦੀ ਮੰਗ
ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਯੂਨੀਅਨ ਬਜਟ ਦੀ ਤਾਰੀਖ ਨੂੰ ਮੁੜ ਤੈਅ ਕਰਨ ਦੀ ਮੰਗ
Publish Date: Wed, 28 Jan 2026 10:28 PM (IST)
Updated Date: Thu, 29 Jan 2026 04:16 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਲੋਕ ਸਭਾ ਦੇ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਯੂਨੀਅਨ ਬਜਟ 2026–27 ਦੀ ਪੇਸ਼ੀ ਦੀ ਤਾਰੀਖ, ਜੋ ਇਸ ਸਮੇਂ 1 ਫਰਵਰੀ 2026 ਨਿਰਧਾਰਿਤ ਹੈ, ਨੂੰ ਮੁੜ ਤੈਅ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਇਸੇ ਦਿਨ ਸੰਤ ਸ਼ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਜੈਅੰਤੀ ਮਨਾਈ ਜਾ ਰਹੀ ਹੈ। ਡਾ. ਚੱਬੇਵਾਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਗੁਰੂ ਰਵਿਦਾਸ ਜੈਅੰਤੀ ਦੇਸ਼ ਭਰ ਵਿੱਚ, ਵਿਸ਼ੇਸ਼ ਤੌਰ ’ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਵਿੱਚ ਕਰੋੜਾਂ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ ’ਤੇ ਮਨਾਈ ਜਾਂਦੀ ਹੈ। ਇਸ ਦਿਨ ਧਾਰਮਿਕ ਨਗਰ ਕੀਰਤਨ ਅਤੇ ਸਾਂਝੇ ਭੰਡਾਰੇ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਯੂਨੀਅਨ ਬਜਟ ਇੱਕ ਮਹੱਤਵਪੂਰਨ ਰਾਸ਼ਟਰੀ ਕਾਰਜਕ੍ਰਮ ਹੈ, ਜੋ ਦੇਸ਼ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ। ਐਸੇ ਵਿੱਚ ਇਸ ਦੀ ਪੇਸ਼ੀ ਨੂੰ ਇੱਕ–ਦੋ ਦਿਨ ਅੱਗੇ ਜਾਂ ਪਿੱਛੇ ਕਰਨ ਨਾਲ ਸ਼ਰਧਾਲੂਆਂ ਨੂੰ ਪਵਿੱਤਰ ਦਿਹਾੜੇ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਦੇ ਨਾਲ ਹੀ ਬਜਟ ਦੀ ਪੇਸ਼ਕਾਰੀ ਦਾ ਵੀ ਹਿੱਸਾ ਬਣਨ ਦਾ ਮੌਕਾ ਮਿਲੇਗਾ। ਡਾ. ਚੱਬੇਵਾਲ ਨੇ ਇਹ ਵੀ ਕਿਹਾ ਕਿ ਬਜਟ ਸੈਸ਼ਨ ਦੀ ਮਿਆਦ ਦੇ ਅੰਦਰ ਤਾਰੀਖ ਵਿੱਚ ਬਦਲਾਅ ਕਰਨ ਲਈ ਕੋਈ ਸੰਵਿਧਾਨਕ ਰੁਕਾਵਟ ਨਹੀਂ ਹੈ, ਅਤੇ ਪਹਿਲਾਂ ਵੀ ਵੱਖ–ਵੱਖ ਤਾਰੀਖਾਂ ’ਤੇ ਬਜਟ ਪੇਸ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਆਸ ਜਤਾਈ ਕਿ ਸਰਕਾਰ ਲੱਖਾਂ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਵੇਗੀ, ਜੋ ਸਮਾਜਿਕ ਸਦਭਾਵਨਾ ਅਤੇ ਸਮਾਵੇਸ਼ੀਤਾ ਨੂੰ ਹੋਰ ਮਜ਼ਬੂਤ ਕਰੇਗਾ।