ਵਿਧਾਇਕ ਖਹਿਰਾ ਨੇ ਰਾਜ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
Publish Date: Fri, 05 Dec 2025 09:48 PM (IST)
Updated Date: Sat, 06 Dec 2025 04:15 AM (IST)

— ਭੁਲੱਥ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸ ਉਮੀਦਵਾਰਾਂ ਦੇ ਪੇਪਰ ਰੱਦ ਹੋਣ ਦਾ ਮਾਮਲਾ ਗੰਭੀਰ ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਹਲਕਾ ਭੁਲੱਥ ਵਿਚ ਬਲਾਕ ਸੰਮਤੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਦੇ ਮਾਮਲੇ ਨੇ ਰਾਜਨੀਤਿਕ ਤਣਾਅ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਚੋਣ ਕਮਿਸ਼ਨ (ਪੰਜਾਬ) ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਤੇ ਇਸ ਕਾਰਵਾਈ ਨੂੰ ਅਧਿਕਾਰੀਆਂ ਤੇ ਸਿਆਸੀ ਦਬਾਅ ਦਾ ਨਤੀਜਾ ਕਰਾਰ ਦਿੱਤਾ ਹੈ। ਖਹਿਰਾ ਵੱਲੋਂ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਨੂੰ ਭੇਜੇ ਗਏ ਪੱਤਰ ਵਿਚ ਦੋਸ਼ ਲਗਾਇਆ ਗਿਆ ਹੈ ਕਿ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨੇ ਸਿਆਸੀ ਦਬਾਅ ਹੇਠ ਆ ਕੇ ਕਾਂਗਰਸ ਉਮੀਦਵਾਰਾਂ ਦੇ ਨੋਮੀਨੇਸ਼ਨ ਗੈਰ-ਕਾਨੂੰਨੀ ਤਰੀਕੇ ਨਾਲ ਰੱਦ ਕੀਤੇ। ਰੱਦ ਕੀਤੇ ਗਏ ਉਮੀਦਵਾਰਾਂ ’ਚ ਪੂਰਨ ਸਿੰਘ (ਜ਼ੋਨ ਲੱਖਣ ਕੇ ਪੱਡਾ), ਜੋਬਨ ਸਿੰਘ ਅਤੇ ਗੁਰਜੀਤ ਸਿੰਘ (ਜ਼ੋਨ 4 ਚੱਕੋਕੀ), ਹਰਦੇਵ ਸਿੰਘ ਅਤੇ ਕਮਲਜੀਤ ਕੌਰ (ਜ਼ੋਨ 10 ਨੰਗਲ ਲੁਬਾਣਾ) ਅਤੇ ਰਜਿੰਦਰ ਕੌਰ (ਜ਼ੋਨ 21 ਪੱਡੇ ਬੇਟ) ਸ਼ਾਮਲ ਹਨ। ਵਿਧਾਇਕ ਖਹਿਰਾ ਨੇ ਦੋਸ਼ ਲਗਾਇਆ ਕਿ 5:30 ਵਜੇ ਉਮੀਦਵਾਰਾਂ ਦੀ ਸੂਚੀ ਤਾਂ ਲਗਾ ਦਿੱਤੀ ਗਈ, ਪਰ ਦਫ਼ਤਰ ਵਿਚੋਂ ਨੋਮੀਨੇਸ਼ਨ ਰੱਦ ਹੋਣ ਦੇ ਕਾਰਨ ਜਾਂ ਹੁਕਮ ਬਿਨਾ ਜਾਣਕਾਰੀ ਦਿੱਤੇ ਅਧਿਕਾਰੀ ਦਫ਼ਤਰ ਛੱਡ ਗਏ। ਖਹਿਰਾ ਨੇ ਅੱਗੇ ਲਿਖਿਆ ਕਿ ਇਸ ਸਮੇਂ ਤੱਕ ਆਰ-ਓ-ਕਮ ਏਡੀਸੀ ਕਪੂਰਥਲਾ ਵੱਲੋਂ ਭੁਲੱਥ ਹਲਕੇ ਦੇ ਜ਼ਿਲਾ ਪ੍ਰੀਸ਼ਦ ਦੇ 3 ਜ਼ੋਨਾਂ ਦੀ ਉਮੀਦਵਾਰ ਸੂਚੀ ਵੀ ਜਾਰੀ ਨਹੀਂ ਕੀਤੀ ਗਈ। ਖਹਿਰਾ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਰਿਟਰਨਿੰਗ ਅਫਸਰਾਂ ਨੂੰ ਤੁਰੰਤ ਹੁਕਮ ਜਾਰੀ ਕਰਕੇ ਰੱਦਗੀਆਂ ਦੇ ਆਦੇਸ਼ ਉਨ੍ਹਾਂ ਨੂੰ ਮੁਹੱਈਆ ਕਰਵਾਏ ਜਾਣ, ਤਾਂ ਜੋ ਪ੍ਰਭਾਵਿਤ ਉਮੀਦਵਾਰ ਜ਼ਰੂਰੀ ਦਸਤਾਵੇਜ਼ਾਂ ਸਮੇਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ਼ ਲਈ ਜਾ ਸਕਣ। ਖਹਿਰਾ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਤੁਰੰਤ ਜਵਾਬ ਦੀ ਉਡੀਕ ਕਰ ਰਹੇ ਹਨ, ਕਿਉਂਕਿ ਲੋਕਤੰਤਰ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਦੇ ਸਿਧਾਂਤਾਂ ਦਾ ਨਿਭਾਇਆ ਜਾਣਾ ਜ਼ਰੂਰੀ ਹੈ।ਚੋਣ ਕਮਿਸ਼ਨ ਵੱਲੋਂ ਇਸ ਸ਼ਿਕਾਇਤ ਤੇ ਕੀ ਕਾਰਵਾਈ ਹੁੰਦੀ ਹੈ, ਇਸ ਵੱਲ ਸਾਰੇ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ।