ਲੋਹੜੀ ਮੌਕੇ ਮੌਸਮ ਵਿਭਾਗ ਵੱਲੋਂ ਰੈਡ ਅਲਰਟ, 15 ਤੱਕ ਰਾਹਤ ਦੀ ਕੋਈ ਉਮੀਦ ਨਹੀਂ
ਲੋਹੜੀ ਮੌਕੇ ਮੌਸਮ ਵਿਭਾਗ ਵੱਲੋਂ ਰੈਡ ਅਲਰਟ, 15 ਜਨਵਰੀ ਤੱਕ ਰਾਹਤ ਦੀ ਕੋਈ ਉਮੀਦ ਨਹੀਂ
Publish Date: Tue, 13 Jan 2026 09:41 PM (IST)
Updated Date: Tue, 13 Jan 2026 09:42 PM (IST)
ਜ਼ੀਰੋ ਵਿਜ਼ੀਬਿਲਟੀ ਕਾਰਨ ਜਨਜੀਵਨ ਪ੍ਰਭਾਵਿਤ, ਤਾਪਮਾਨ ਜ਼ੀਰੋ ਦੇ ਨੇੜੇ ਪਹੁੰਚਿਆ
ਡਡਵਿੰਡੀ : ਪੰਜਾਬ ਭਰ ਵਿਚ ਲੋਹੜੀ ਦੇ ਤਿਉਹਾਰ ਮੌਕੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕਰਦੇ ਹੋਏ ਚੇਤਾਵਨੀ ਦਿੱਤੀ ਗਈ ਹੈ ਕਿ 15 ਜਨਵਰੀ ਤੱਕ ਮੌਸਮ ਵਿਚ ਕਿਸੇ ਵੱਡੀ ਰਾਹਤ ਦੀ ਉਮੀਦ ਨਹੀਂ ਹੈ। ਸਵੇਰ ਅਤੇ ਰਾਤ ਦੇ ਸਮੇਂ ਕਈ ਇਲਾਕਿਆਂ ਵਿਚ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ, ਜਿਸ ਕਾਰਨ ਸੜਕ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਮੌਸਮ ਮਾਹਿਰਾਂ ਮੁਤਾਬਕ ਉੱਤਰ ਵੱਲੋਂ ਆ ਰਹੀਆਂ ਠੰਢੀਆਂ ਹਵਾਵਾਂ ਅਤੇ ਨਮੀ ਵਧਣ ਕਾਰਨ ਧੁੰਦ ਹੋਰ ਗਹਿਰੀ ਹੋ ਰਹੀ ਹੈ। ਰਾਤ ਦਾ ਤਾਪਮਾਨ ਕਈ ਥਾਵਾਂ ‘ਤੇ ਜ਼ੀਰੋ ਦੇ ਨੇੜੇ ਪੁੱਜ ਗਿਆ ਹੈ, ਜਦਕਿ ਦਿਨ ਦਾ ਤਾਪਮਾਨ ਵੀ ਆਮ ਨਾਲੋਂ ਕਾਫ਼ੀ ਘੱਟ ਦਰਜ ਕੀਤਾ ਜਾ ਰਿਹਾ ਹੈ। ਲੋਹੜੀ ਦੀ ਰਾਤ ਅੱਗ ਬਾਲਣ ਦੇ ਬਾਵਜੂਦ ਲੋਕਾਂ ਨੂੰ ਠੰਢ ਤੋਂ ਬਚਣਾ ਔਖਾ ਹੋ ਰਿਹਾ ਹੈ। ਮੌਸਮ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਅਗਲੇ ਕੁਝ ਦਿਨਾਂ ਤੱਕ ਧੁੰਦ ਅਤੇ ਠੰਢ ਦੀ ਲਹਿਰ ਜਾਰੀ ਰਹੇਗੀ। ਲੋਕਾਂ ਨੂੰ ਅਪੀਲ ਹੈ ਕਿ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਮਨਾਉਂਦੇ ਹੋਏ ਸੁਰੱਖਿਆ ਅਤੇ ਸਿਹਤ ਨੂੰ ਪਹਿਲ ਦਿਓ।
ਸੰਘਣੀ ਧੁੰਦ ਕਾਰਨ ਹਾਈਵੇਅਜ਼ ’ਤੇ ਵਾਹਨਾਂ ਦੀ ਰਫ਼ਤਾਰ ਬਹੁਤ ਘਟ ਗਈ ਹੈ ਅਤੇ ਕਈ ਥਾਵਾਂ ‘ਤੇ ਦੁਰਘਟਨਾਵਾਂ ਦਾ ਖ਼ਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਅਤੇ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
*ਮਾਹਿਰ ਡਾਕਟਰਾਂ ਦੀ ਸਲਾਹ
ਡਾ. ਕੁਲਦੀਪ ਕਲੇਰ ਐੱਮਬੀਬੀਐੱਸ, ਐੱਮਡੀ (ਐਕਸ ਪੀਜੀਆਈ ਚੰਡੀਗੜ੍ਹ) ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੜਾਕੇ ਦੀ ਠੰਢ ਅਤੇ ਧੁੰਦ ਦੌਰਾਨ ਬਜ਼ੁਰਗਾਂ, ਬੱਚਿਆਂ ਅਤੇ ਦਿਲ–ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਸਵੇਰ ਤੇ ਰਾਤ ਦੇ ਸਮੇਂ ਘਰੋਂ ਬਾਹਰ ਜਾਣ ਤੋਂ ਪਰਹੇਜ਼ ਕਰੋ। ਗਰਮ ਕੱਪੜੇ, ਟੋਪੀ ਅਤੇ ਮਫ਼ਲਰ ਜ਼ਰੂਰ ਪਹਿਨੋ। ਗਰਮ ਪਦਾਰਥਾਂ ਦੀ ਵਰਤੋਂ ਕਰੋ ਤੇ ਠੰਢੇ ਪੀਣ ਵਾਲੇ ਪਦਾਰਥਾਂ ਤੋਂ ਬਚੋ।
ਡਾ. ਗੁਰਿੰਦਰ ਸਿੰਘ ਜੋਸਨ ਐੱਮਬੀਬੀਐੱਸ, ਐੱਮਐੱਸ (ਆਪ੍ਰੇਸ਼ਨਾਂ ਦੇ ਮਾਹਿਰ) ਨੇ ਕਿਹਾ ਹੈ ਕਿ ਜੇਕਰ ਖਾਂਸੀ, ਸਾਹ ਦੀ ਤਕਲੀਫ਼ ਜਾਂ ਛਾਤੀ ਵਿਚ ਦਰਦ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਉਨ੍ਹਾਂ ਕਿਹਾ ਕਿ ਸਵੇਰ ਵੇਲੇ ਕਸਰਤ ਕਰਨ ਤੋਂ ਪਰਹੇਜ਼ ਕਰੋ। ਉਨ੍ਹਾਂ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਵੀ ਕੜਾਕੇ ਦੀ ਪੈ ਰਹੀ ਠੰਡ ਤੋਂ ਬਚਣ ਦੀ ਸਲਾਹ ਦਿੱਤੀ ਹੈ।